ਸਾਲ 1983 ਦੇ ਕ੍ਰਿਕਟ ਵਿਸ਼ਵ ਕੱਪ ‘ਤੇ ਆਧਾਰਿਤ ਫ਼ਿਲਮ ’83 ’10 ਅਪ੍ਰੈਲ, 2020 ਨੂੰ ਰਿਲੀਜ਼ ਹੋਵੇਗੀ। ਅਦਾਕਾਰ ਰਣਵੀਰ ਸਿੰਘ ਇਸ ‘ਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਹ ਤੱਥ ਫ਼ਿਲਮ ਦੇ ਟਵਿਟਰ ਐਕਾਉਂਟ ‘ਤੇ ਹਾਲ ਹੀ ‘ਚ ਟਵੀਟ ਕੀਤਾ ਗਿਆ ਹੈ। ਇਸ ਟਵੀਟ ‘ਚ ਲਿਖਿਆ ਗਿਆ ਹੈ, ”ਭਾਰਤ ਦੇ 15 ਬਹਾਦਰਾਂ ਨੇ ਜਦੋਂ ਵਿਸ਼ਵ ਕ੍ਰਿਕਟ ‘ਤੇ ਰਾਜ ਕੀਤਾ ਸੀ, ਉਸ ਇਤਿਹਾਸਿਕ ਬਹਾਦੁਰੀ ਦੀ ਯਾਦ ਮੁੜ ਆਏਗੀ।” ਫ਼ਿਲਮ 10 ਅਪ੍ਰੈਲ, 2020 ਨੂੰ ਰਿਲੀਜ਼ ਹੋਵੇਗੀ। ਰਿਲਾਇੰਸ ਐਂਟਰਟੇਨਮੇਂਟ ਦੇ ਬੈਨਰ ਹੇਠ ਬਣ ਰਹੀ ਫ਼ਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਕਰ ਰਹੇ ਹਨ। ਰਣਵੀਰ ਸਿੰਘ ਫ਼ਿਲਮ ‘ਚ ਸਟਾਰ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾਏਗਾ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਰਣਵੀਰ 2020 ‘ਚ ਪਰਦੇ ‘ਤੇ ਕ੍ਰਿਕਟ ਖੇਡਦਾ ਨਜ਼ਰ ਆਉਣ ਵਾਲਾ ਹੈ। ਫ਼ਿਲਹਾਲ ਜਦੋਂ ਦਾ ਇਹ ਫ਼ਿਲਮ ਬਣਨ ਦਾ ਐਲਾਨ ਹੋਇਆ ਹੈ ਓਦੋਂ ਤੋਂ ਹੀ ਉਸ ਦੇ ਫ਼ੈਨਜ਼ ਉਸ ਨੂੰ ਇੱਕ ਕ੍ਰਿਕਟਰ ਦੇ ਰੂਪ ‘ਚ ਵੇਖਣ ਲਈ ਉਤਸ਼ਾਹਿਤ ਹਨ। ਇਸ ਤੋਂ ਫ਼ਿਲਮ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਨਿਰਮਾਤਾ ਅਤੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਰਣਵੀਰ ਤੇ ਆਲੀਆ ਨੂੰ ਲੈ ਕੇ ਇੱਕ ਫ਼ਿਲਮ ਬਣਾ ਸਕਦਾ ਹੈ। ਭੰਸਾਲੀ ਦੀ ਫ਼ਿਲਮ ਪਦਮਾਵਤ ਇਸ ਸਾਲ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਬੌਕਸ ਔਫ਼ਿਸ ‘ਤੇ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਸਲਮਾਨ ਖ਼ਾਨ ਜਾਂ ਰਿਤਿਕ ਰੋਸ਼ਨ ਤੇ ਜਾਂ ਫ਼ਿਰ ਰਣਵੀਰ ਸਿੰਘ ਨੂੰ ਲੈ ਕੇ ਇੱਕ ਫ਼ਿਲਮ ਬਣਾਉਣਗੇ। ਕਿਹਾ ਜਾ ਰਿਹਾ ਹੈ ਕਿ ਸੰਜੈ ਦੀ ਅਗਲੀ ਫ਼ਿਲਮ ‘ਚ ਰਣਵੀਰ ਹੀ ਹੀਰੋ ਹੋਣਗੇ। ਫ਼ਿਲਮ ਦੀ ਹੀਰੋਇਨ ਦੇ ਰੂਪ ‘ਚ ਆਲੀਆ ਭੱਟ ਨੂੰ ਲਿਆ ਜਾਣਾ ਤੈਅ ਹੋਇਆ ਹੈ। ਇਸ ਦਾ ਕਾਰਨ ਹੈ ਕਿ ਆਲੀਆ ਨੂੰ ਸੰਜੈ ਬੇਹੱਦ ਪਸੰਦ ਕਰਦੇ ਹਨ। ਉਹ ਆਲੀਆ ਦੀ ਆਦਾਕਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਇਸੇ ਲਈ ਉਹ ਆਲੀਆ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਪੇਸ਼ ਕਰਨਾ ਚਾਹੁੰਦਾ ਹੈ। ਖ਼ੈਰ ਬਹੁਤ ਜਲਦ ਇਸ ਪ੍ਰਾਜੈਕਟ ਨਾਲ ਜੁੜੀ ਹੋਰ ਜਾਣਕਾਰੀ ਸਾਹਮਣੇ ਆਵੇਗੀ।











