ਕਰਨ ਜੌਹਰ ਦੀ ਫ਼ਿਲਮ ‘ਚ ਕਰੀਨਾ ਕਪੂਰ

ਕਰਨ ਜੌਹਰ ਫ਼ਿਲਮਾਂ ਬਣਾਉਣ ਦੀ ਇੱਕ ਫ਼ੈਕਟਰੀ ਜਿਹੀ ਬਣ ਗਿਆ ਹੈ ਅਤੇ ਕਈ ਫ਼ਿਲਮਾਂ ਦੀ ਉਸਾਰੀ ਉਹ ਇਕੱਠੀਆਂ ਵੱਡੇ ਪੱਧਰ ‘ਤੇ ਕਰਦਾ ਹੈ। ਬੌਲੀਵੁੱਡ ਦੇ ਤਮਾਮ ਸਿਤਾਰੇ ਉਸ ਨਾਲ ਫ਼ਿਲਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕਰਨ ਜੌਹਰ ਦੀਆਂ ਜਿੱਥੇ ਕੁੱਝ ਫ਼ਿਲਮਾਂ ਰਿਲੀਜ਼ ਲਈ ਤਿਆਰ ਰਹਿੰਦੀਆਂ ਹਨ ਉੱਥੇ ਹੀ ਕੁੱਝ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੁੰਦੀ ਹੈ। ਇਸ ਤੋਂ ਇਲਾਵਾ ਉਸ ਦੀਆਂ ਕੁੱਝ ਫ਼ਿਲਮਾਂ ਦੀ ਸਕ੍ਰਿਪਟ ‘ਤੇ ਕੰਮ ਵੀ ਚੱਲ ਰਿਹਾ ਹੁੰਦਾ ਹੈ। ਇਸੇ ਸਿਲਸਿਲੇ ਨੂੰ ਬਣਾਈ ਰੱਖਣ ਲਈ ਹੁਣ ਕਰਨ ਆਪਣੀ ਅਗਲੀ ਫ਼ਿਲਮ ਦੀ ਯੋਜਨਾ ਬਣਾ ਰਿਹਾ ਹੈ। ਇਹ ਫ਼ਿਲਮ ਅਕਸ਼ੈ ਕੁਮਾਰ ਨੂੰ ਲੈ ਕੇ ਕਰਨ ਜੌਹਰ ਬਣਾਏਗਾ। ਫ਼ਿਲਮ ‘ਚ ਅਭਿਨੇਤਰੀ ਦੇ ਰੂਪ ‘ਚ ਉਸ ਨੇ ਕਰੀਨਾ ਕਪੂਰ ਖ਼ਾਨ ਨੂੰ ਸਾਈਨ ਕੀਤਾ ਹੈ। ਹਾਲਾਂਕਿ ਕਰੀਨਾ ਨੇ ਖ਼ੁਦ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਇਸ ਗੱਲ ਨੂੰ ਇਨਕਾਰ ਕੀਤਾ ਹੈ ਕਿ ਉਹ ਫ਼ਿਲਮ ‘ਚ ਕੰਮ ਕਰਨ ਜਾ ਰਹੀ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸਭ ਕੁੱਝ ਫ਼ਾਈਨਲ ਹੋ ਗਿਆ ਹੈ ਅਤੇ ਜਲਦ ਹੀ ਕਰੀਨਾ ਅਤੇ ਅਕਸ਼ੈ ਦੀ ਜੋੜੀ ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਨਜ਼ਰ ਆਏਗੀ। ਇਸ ਫ਼ਿਲਮ ਦੀ ਕਹਾਣੀ ਬਾਕੀ ਫ਼ਿਲਮਾਂ ਨਾਲ ਕਾਫ਼ੀ ਵੱਖ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਅਕਸ਼ੈ ਅਤੇ ਕਰੀਨਾ ਇਸ ਫ਼ਿਲਮ ‘ਚ ਪਤੀ-ਪਤਨੀ ਦਾ ਕਿਰਦਾਰ ਨਿਭਾਉਣਗੇ। ਉਹ ਅਜਿਹੇ ਜੋੜੇ ਦੀ ਭੂਮਿਕਾ ਨਿਭਾਉਣਗੇ ਜੋ ਬੱਚਾ ਚਾਹੁੰਦੇ ਹਨ ਅਤੇ ਇਸ ਨੂੰ ਲੈ ਕੇ ਹੋ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਫ਼ਿਲਮ ਨਾਲ ਜੁੜੇ ਲੋਕਾਂ ਅਨੁਸਾਰ ਇਹ ਉਨ੍ਹਾਂ ਜੋੜਿਆਂ ਦੀ ਕਹਾਣੀ ਹੈ ਜੋ ਸੱਚਮੁੱਚ ਅਜਿਹੀਆਂ ਪਰੇਸ਼ਾਨੀਆਂ ਨਾਲ ਜੂਝਦੇ ਹਨ। ਇਸ ਫ਼ਿਲਮ ਨਾਲ ਬਾਕੀ ਦੀ ਜੁੜੀ ਜਾਣਕਾਰੀ ਜਲਦ ਕਰਨ ਜੌਹਰ ਐਲਾਨ ਕਰੇਗਾ। ਵੈਸੇ ਅਕਸ਼ੈ ਤੇ ਕਰੀਨਾ ਦੀ ਜੋੜੀ ਪਹਿਲਾਂ ਵੀ ਅਜਨਬੀ, ਕਮਬਖ਼ਤ ਇਸ਼ਕ, ਟਸ਼ਨ, ਤਲਾਸ਼, ਗੱਬਰ ਅਤੇ ਦੋਸਤੀ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।