ਪੱਟੀ : ਸਮਾਜ ਅੰਦਰੋ ਨਸ਼ੇ ਨੂੰ ਜੜ੍ਹੋ ਖਤਮ ਕਰਨ ਲਈ ਪੱਟੀ ਦੇ ਪਿੰਡ ਕੈਰੋ ਅੰਦਰ ਪੁਲਸ ਪਬਲਿਕ ਮੀਟਿੰਗ ਕੀਤੀ ਗਈ ਗਈ।ਇਸ ਮੀਟਿੰਗ ‘ਚ ਪਹੁੰਚੇ ਬਾਰਡਰ ਰੇਂਜ ਦੇ ਆਈ. ਜੀ. ਸੁਰਿੰਦਰ ਸਿੰਘ ਪਰਮਾਰ ਕਿਹਾ ਕਿ ਸਮਾਜ ਦੀਆਂ ਤਿੰਨ ਧਿਰਾਂ ਪਬਲਿਕ ਪੁਲਸ ਅਤੇ ਰਾਜਨੀਤਿਕ ਇੱਕਠੇ ਹੋ ਕਿ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਨੂੰ ਨਸ਼ਟ ਕਰ ਸਕਦੇ ਹਨ। ਪੈਸਿਆਂ ਲਈ ਕੁਝ ਲੋਕ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ, ਜਿਨ੍ਹਾਂ ਖਿਲਾਫ ਪੁਲਸ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਮੀਟਿੰਗ ‘ਚ ਪਹੁੰਚੇ ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਜੇਕਰ ਨਸ਼ੇ ਖਿਲਾਫ ਸਮਾਜ ਨੇ ਸਾਂਝੀ ਜੰਗ ਨਾ ਲੜੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ । ਜੇਕਰ ਨਸ਼ੇ ਦੇ ਤਸਕਰਾਂ ਦੀ ਮਦਦ ਕਰਦਾ ਕੋਈ ਵਿਅਕਤੀ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।
ਮੀਟਿੰਗ ‘ਚ ਪਹੁੰਚੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਕਲੀ ਸਰਕਾਰ ਸਮੇਂ ਪੁਲਸ ਵਿਭਾਗ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਕੰਮ ਕਰਨ ਤੋਂ ਬੇਵੱਸ ਕੀਤਾ ਗਿਆ ਸੀ ਪਰ ਕੈਪਟਨ ਸਰਕਾਰ ਅੰਦਰ ਪੁਲਸ ਵਿਭਾਗ ‘ਚ ਇਨਕਲਾਬ ਆਇਆ ਹੈ । ਕਿਸੇ ਵੀ ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰ ਨੂੰ ਕਾਨੂੰਨ ਦੀ ਮਰਿਆਦਾ ਭੰਗ ਨਹੀਂ ਕਰਨ ਦਿੱਤੀ ਜਾਵੇਗੀ । ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਲਕੇ ਨੂੰ ਨਸ਼ਾ ਮੁਕਤ ਕਰਨ ਅਤੇ ਹਲਕੇ ਅੰਦਰ ਉਚੇਰੀ, ਤਕਨੀਨੀ ਅਤੇ ਬਹੁਮੰਤਵੀ ਤਕਨੀਕੀ ਸਿੱਖਿਆ ਲਈ ਕਾਲਜ ਖੋਲ੍ਹਣਗੇ ।
ਮੀਟਿੰਗ ਦੌਰਾਨ ਆਈ. ਜੀ. ਪਰਮਾਰ , ਜ਼ਿਲਾ ਪੁਲਸ ਮੁਖੀ ਅਤੇ ਹਲਕੇ ਵਿਧਾਇਕ ਗਿੱਲ ਵਲੋਂ ਹਲਕੇ ਦੇ ਪਿੰਡ ਲਹੋਕਾ ਦੀ 10 ਮਹੀਨੇ ਪਹਿਲਾਂ ਇਕ ਨਵ-ਵਿਆਹੀ ਲੜਕੀ ਵਲੋਂ ਆਪਣੇ ਪਤੀ ਨੂੰ ਨਸ਼ਾ ਛਡਵਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ. ਐੱਸ. ਪੀ. ਪੱਟੀ ਸੋਹਨ ਸਿੰਘ, ਇੰਸਪੈਕਟਰ ਰਾਜੇਸ਼ ਕੱਕੜ ਸਿਟੀ ਪੱਟੀ ਆਦਿ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।















