ਵਿਵਾਦਾਂ ‘ਚ ਰਹਿਣ ਵਾਲੀ ਅਦਾਕਾਰਾ ਪੂਜਾ ਮਿਸ਼ਰਾ ਇਕ ਵਾਰ ਫ਼ਿਰ ਸੁਰਖੀਆਂ ‘ਚ ਹੈ। ਅਸਲ ‘ਚ ਆਪਣੇ ਬੁਰੇ ਵਤੀਰੇ ਕਾਰਨ ਪੂਜਾ ਦਾ ਹੁਣ ਆਪਣੇ ਹੀ ਘਰ ‘ਚ ਜਾਣਾ ਮੁਸ਼ਕਿਲ ਹੋ ਗਿਆ ਹੈ। ਪੂਜਾ ਲੋਖੰਡਵਾਲਾ ਦੇ ਵਿੰਡਸਰ ਟਾਵਰ ਸੁਸਾਇਟੀ ‘ਚ ਰਹਿੰਦੀ ਹੈ ਪਰ ਉਸ ਦੇ ਬੁਰੇ ਵਤੀਰੇ ਕਾਰਨ ਬਾਕੀ ਲੋਕਾਂ ਨੇ ਸੁਸਾਇਟੀ ‘ਚ ਉਸ ਦੇ ਵੜਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਪੂਜਾ ਦਾ ਆਪਣੇ ਪਰਿਵਾਰ ਨਾਲ ਰਹਿਣਾ ਮੁਸ਼ਕਿਲ ਹੋ ਗਿਆ।
ਖ਼ਬਰ ਅਨੁਸਾਰ ਲੱਗਭਗ ਇਕ ਸਾਲ ਪਹਿਲਾਂ ਸੁਸਾਇਟੀ ਦੀ ਮੈਨੇਜਿੰਗ ਕਮੇਟੀ ਨੇ ਪੂਜਾ ਮਿਸ਼ਰਾ ਨੂੰ ਇਕ ਲਿਖਤੀ ਸਟੇਟਮੈਂਟ ਰਾਹੀਂ ਦੱਸਿਆ ਕਿ ਉਹ ਫ਼ਲੈਟ ਨੰ. 4 ‘ਚ ਨਹੀਂ ਰਹਿ ਸਕਦੀ। ਉਧਰ ਕਮੇਟੀ ਦਾ ਕਹਿਣੈ ਕਿ ਉਸ ਨੂੰ ਇਹ ਫ਼ੈਸਲਾ ਪੂਜਾ ਦੇ ਬੁਰੇ ਵਤੀਰੇ ਕਾਰਨ ਲੈਣਾ ਪਿਆ। ਪੂਜਾ ‘ਤੇ ਆਪਣੇ ਗੁਆਂਢੀਆਂ ਨਾਲ ਬਿਨਾਂ ਕਾਰਨ ਝਗੜਾ ਕਰਨ ਦਾ ਦੋਸ਼ ਹੈ, ਜਦਕਿ ਪੂਜਾ ਦਾ ਦੋਸ਼ ਸੀ ਕਿ ਉਸ ਅਪਾਰਟਮੈਂਟ ‘ਚ ਰਹਿਣ ਵਾਲੇ ਕੁਝ ਲੋਕ ਜਾਦੂ ਰਾਹੀਂ ਉਸ ਦਾ ਕਰੀਅਰ ਖਰਾਬ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਉਸ ਦੀ ਉਸੇ ਦੇ ਘਰ ‘ਚ ਆਉਣ ‘ਤੇ ਪਾਬੰਦੀ ਲਗਾਉਣ ਵਾਲੇ ਲੋਕਾਂ ਖਿਲਾਫ਼ ਉਹ ਅਦਾਲਤ ‘ਚ ਜਾਏਗੀ। ਦੱਸ ਦੇਈਏ ਕਿ ਅਪਾਰਟਮੈਂਟ 401, ਜਿਸ ‘ਚ ਪੂਜਾ ਰਹਿੰਦੀ ਹੈ, ਉਹ ਉਸ ਦੀ ਭੈਣ ਪ੍ਰਿਆ ਦੇ ਨਾਂ ‘ਤੇ ਹੈ। ਪ੍ਰਿਆ ਸਿੰਗਾਪੁਰ ‘ਚ ਰਹਿੰਦੀ ਹੈ ਅਤੇ ਉਸ ਦੇ ਮਾਤਾ-ਪਿਤਾ ਪੁਣੇ ‘ਚ ਰਹਿੰਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਪੂਜਾ ਵੀ ਦਿੱਲੀ ‘ਚ ਹੀ ਰਹਿ ਰਹੀ ਹੈ।ਫ਼ਿਲਹਾਲ ਹਾਂਗਕਾਂਗ ‘ਚ ਸ਼ੂਟਿੰਗ ਕਰ ਰਹੀ ਪੂਜਾ ਦਾ ਕਹਿਣੈ, ”ਸੁਸਾਇਟੀ ਦੇ ਮੈਂਬਰਾਂ ਨੇ ਮੇਰੇ ਪਰਿਵਾਰ ਨੂੰ ਲਿਖਤੀ ਰੂਪ ‘ਚ ਕਿਹਾ ਹੈ ਕਿ ਮੈਨੂੰ ਘਰ ਨਾ ਵੜਨ ਦਿੱਤਾ ਜਾਵੇ। ਇਹ ਘਰ ਮੇਰੇ ਪਰਿਵਾਰ ਨੇ ਖਰੀਦਿਆ ਹੈ। ਕੋਈ ਸੁਸਾਇਟੀ ਕਿਸੇ ਨੂੰ ਉਸ ਦੇ ਘਰ ਵੜਨ ਤੋਂ ਰੋਕ ਨਹੀਂ ਸਕਦੀ। ਆਪਣਾ ਬਚਾਅ ਕਿਵੇਂ ਕਰਨਾ ਹੈ ਇਹ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਖੁਦ ਇਕ ਵਕੀਲ ਹਾਂ ਅਤੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਜਾਵਾਂਗੀ।” ਹਾਲਾਂਕਿ ਇਸ ਮਾਮਲੇ ‘ਚ ਕਾਨੂੰਨ ਦੇ ਜਾਣਕਾਰਾਂ ਦਾ ਕਹਿਣੈ ਕਿ ਕੋਈ ਰੈਜ਼ੀਡੈਂਸ਼ੀਅਲ ਸੁਸਾਇਟੀ ਬਿਨਾਂ ਅਦਾਲਤ ਦੇ ਆਰਡਰ ਦੇ ਕਿਸੇ ਨੂੰ ਆਪਣੇ ਘਰ ‘ਚ ਵੜਨ ਤੋਂ ਨਹੀਂ ਰੋਕ ਸਕਦੀ।









