ਬੌਲੀਵੁੱਡ ਦੇ ਦਬੰਗ ਸਟਾਰ ਆਖੇ ਜਾਣ ਵਾਲੇ ਅਦਾਕਾਰ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਭਾਰਤੀ ਸਿਨੇਮਾ ਲਈ ਚੀਨ ਇੱਕ ਚੰਗੇ ਬਾਜ਼ਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸਲਮਾਨ ਖ਼ਾਨ ਨੇ ਫ਼ਿਲਮ ‘ਰੇਸ 3 ‘ਦੇ ਮੁੱਖ ਅਦਾਕਾਰ ਹੋਣ ਨਾਲ-ਨਾਲ ਇਸ ‘ਚ ਹੋਰ ਵੀ ਕਈ ਜ਼ਿੰਮੇਵਾਰੀਆਂ ਨਿਭਾਈਆਂ ਹਨ। ਮੀਡੀਆ ਨਾਲ ਗੱਲ ਕਰਦੇ ਸਮੇਂ ਜਦੋਂ ਉਨ੍ਹਾਂ ਨੂੰ ਬਤੋਰ ਨਿਰਮਾਤਾ ਚੀਨੀ ਬਾਜ਼ਾਰ ਦੀ ਸਮਰਥਾ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਸਿਨੇਮਾ ਲਈ ਚੀਨ ਇੱਕ ਚੰਗਾ ਤੇ ਵੱਡਾ ਬਾਜ਼ਾਰ ਹੈ। ਅਸੀਂ ਉੱਥੇ ‘ਬਜਰੰਗੀ ਭਾਈਜਾਨ ‘ਰਿਲੀਜ਼ ਕੀਤੀ ਸੀ ਅਤੇ ਹੁਣ ਉੱਥੇ ‘ਸੁਲਤਾਨ ‘ਫ਼ਿਲਮ ਰਿਲੀਜ਼ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਉੱਥੇ ‘ਰੇਸ-3 ‘ਵੀ ਰਿਲੀਜ਼ ਕਰਾਂਗੇ। ਉਨ੍ਹਾਂ ਇਹ ਵੀ ਕਿਹਾ, ”ਮੈਨੂੰ ਲੱਗਦਾ ਹੈ ਕਿ ਸਾਨੂੰ ਥੀਏਟਰ ਵਧਾਉਣ ਦੀ ਜ਼ਰੂਰਤ ਹੈ। ਵਰਤਮਾਨ ‘ਚ ਅਸੀਂ ਲਗਪਗ 5,000 ਥੀਏਟਰਾਂ ਨਾਲ ਗੁਜ਼ਾਰਾ ਕਰ ਰਹੇ ਹਾਂ ਜਦ ਕਿ ਚੀਨ ਨੇ ਆਪਣੇ ਸਿਨੇਮਾ ਘਰਾਂ ਦੀ ਗਿਣਤੀ 40, 000 ਹਜ਼ਾਰ ਤੋਂ ਵੱਧ ਕਰ ਲਈ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਜਦੋਂ ਸਾਡੇ ਇੱਥੇ ਸਿਨੇਮਾ ਘਰ ਵੱਧ ਜਾਣਗੇ ਤਾਂ ਅਸੀਂ ਵੀ ਚੰਗੀ ਕਮਾਈ ਕਰ ਸਕਾਂਗੇ। ਪਰ ਘੱਟ ਗਿਣਤੀ ‘ਚ ਸਿਨੇਮਾਂ ਘਰ ਹੋਣ ਦੇ ਬਾਵਜੂਦ ਵੀ ਅਸੀਂ ਇੱਥੇ ਬਿਹਤਰ ਫ਼ਿਲਮਾਂ ਕਰ ਰਹੇ ਹਾਂ। ਇਸ ਲਈ, ਸੋਚੋ ਕਿ ਅਗਲੇ 10-15 ਸਾਲਾਂ ‘ਚ ਸਕ੍ਰੀਨ ਦੀ ਗਿਣਤੀ ਵਧਾਉਣ ‘ਤੇ ਸਾਨੂੰ ਕਿਸ ਤਰ੍ਹਾਂ ਦੇ ਚੰਗੇ ਨਤੀਜੇ ਮਿਲਣਗੇ।” ਸਲਮਾਨ ਨੂੰ ਲੱਗਦਾ ਹੈ ਕਿ ਐਕਸ਼ਨ ਫ਼ਿਲਮਾਂ ਜ਼ਿਆਦਾ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ।
ਸਲਮਾਨ ਅਨੁਸਾਰ ਭਾਵੇਂ ਪ੍ਰੇਮ ਕਹਾਣੀ ਹੋਵੇ, ਰੋਮੈਂਟਿਕ ਕਹਾਣੀ ਹੋਵੇ ਜਾਂ ਫ਼ਿਰ ਕੋਈ ਭਾਵੁਕ ਫ਼ਿਲਮ, ਐਕਸ਼ਨ ਵਾਲੀ ਫ਼ਿਲਮ ਹਮੇਸ਼ਾ ਸਫ਼ਲ ਰਹਿੰਦੀ ਹੈ। ਆਮਿਰ ਖ਼ਾਨ ਦੀ ਤਰ੍ਹਾਂ ਆਪਣੀ ਉਮਰ ਤੋਂ ਜ਼ਿਆਦਾ ਉਮਰ ਦੇ ਕਿਰਦਾਰ ਕਰਨ ਬਾਰੇ ਪੁੱਛੇ ਗਏ ਸਵਾਲ ‘ਤੇ ਸਲਮਾਨ ਨੇ ਕਿਹਾ, ”ਅਗਲੀ ਫ਼ਿਲਮ ਜਿਸ ਦਾ ਨਾਮ ਭਾਰਤ ਹੈ ਵਿੱਚ ਮੇਰੇ ਕਿਰਦਾਰ ਦਾ ਸਫ਼ਰ 27 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 35 ਅਤੇ 45 ਦੀ ਉਮਰ ਤੋਂ ਹੁੰਦਾ ਹੋਇਆ 65 ਸਾਲ ‘ਤੇ ਜਾ ਕੇ ਖ਼ਤਮ ਹੋਵੇਗਾ ਜੋ ਕਿ ਕਾਫ਼ੀ ਦਿਲਚਸਪ ਹੋਵੇਗਾ।











