ਡਿਵੀਲਿਅਰਜ਼ ਨੇ ਨੌਜਵਾਨ ਖਿਡਾਰੀਆਂ ਨੂੰ ਸਿਖਾਏ ਕਾਮਯਾਬੀ ਦੇ ਗੁਰ

ਨਵੀਂ ਦਿੱਲੀ – ਦੱਖਣੀ ਅਫ਼ਰੀਕਾ ਹੀ ਨਹੀਂ ਬਲਕਿ ਸਾਰੀ ਦੁਨੀਆਂ ਦੇ ਸਭ ਤੋਂ ਕਾਮਯਾਬ ਕ੍ਰਿਕਟਰਾਂ ‘ਚੋਂ ਇੱਕ ਏਬੀ ਡਿਵੀਲਿਅਰਜ਼ ਨੇ ਹਾਲ ਹੀ ‘ਚ ਰਿਟਾਇਰਮੈਂਟ ਦਾ ਐਲਾਨ ਕਰ ਕੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਸੰਨਿਆਸ ਲੈਣ ਤੋਂ ਬਾਅਦ ਦਿੱਤੇ ਗਏ ਇੱਕ ਇੰਟਰਵਿਊ ‘ਚ ਡਿਵੀਲਿਅਰਜ਼ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਸਫ਼ਲ ਹੋਣ ਲਈ ਸਿਰਫ਼ ਖੇਡ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਉਸ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਸਫ਼ਲ ਹੋਣ ਲਈ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀਆਂ ਹਨ। ਡਿਵੀਲਿਅਰਜ਼ ਨੇ ਕਿਹਾ ਕਿ ਇੱਕ ਖਿਡਾਰੀ ਦੇ ਜੀਵਨ ‘ਚ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਜੋ ਉਸ ਦੇ ਧਿਆਨ ਨੂੰ ਭਟਕਾ ਸਕਦੀਆਂ ਹਨ। ਜਦੋ ਤੁਸੀਂ ਸਿਖਰ ‘ਤੇ ਪਹੁੰਚ ਜਾਂਦੇ ਹੋ ਤਾਂ ਹਰ ਕੋਈ ਤੁਹਾਨੂੰ ਪਾਉਣਾ ਚਾਹੁੰਦਾ ਹੈ।
ਵਨ ਡੇ ‘ਚ ਸਭ ਤੋਂ ਤੇਜ਼ ਸੈਂਕੜਿਆਂ ਅਤੇ ਅਰਧਸੈਂਕੜਿਆਂ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੇ ਡਿਵੀਲਿਅਰਜ਼ ਨੇ ਆਪਣੀ ਜਿੰਦਗੀ ਬਾਰੇ ਦੱਸਦਿਆਂ ਕਿਹਾ ਕਿ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ, ਈਮਨਦਾਰੀ ਨਾਲ ਮਿਹਨਤ ਕਰਨੀ, ਚਾਹੇ ਤੁਸੀਂ ਕ੍ਰਿਕਟ ਦੇ ਮੈਦਾਨ ‘ਤੇ ਹੋਵੋਂ ਜਾ ਆਪਣੇ ਘਰ ਦੀ ਚਾਰਦੀਵਾਰੀ ਦੇ ਅੰਦਰ, ਆਪਣੇ ਆਪ ਵਿੱਚ ਵਿਸ਼ਵਾਸ ਰੱਖੋ।
ਮੌਜੂਦਾ ਕ੍ਰਿਕਟ ਦੇ ਮਹਾਨ ਖਿਡਾਰੀਆਂ ‘ਚੋਂ ਗਿਣੇ ਜਾਣ ਵਾਲੇ ਡਿਵੀਲਿਅਰਜ਼ ਨੇ 23 ਮਈ ਨੂੰ ਅਚਾਨਕ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰ ਕੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 34 ਸਾਲਾ ਡਿਵੀਲਿਅਰਜ਼ ਨੇ ਉਸ ਸਮੇਂ ਕਿਹਾ ਸੀ ਕਿ ਇਹ ਉਸ ਲਈ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ।
ਡਿਵੀਲਿਅਰਜ਼ ਨੇ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਸਿੱਖਿਆ ਦਿੰਦੇ ਹੋਏ ਕਿਹਾ ਕਿ ਜਦੋ ਤੁਸੀਂ ਕ੍ਰੀਜ਼ ‘ਤੇ ਕਦਮ ਰੱਖਦੇ ਹੋ ਅਤੇ ਗਾਰਡ ਲੈਂਦੇ ਹੋ ਤਾਂ ਦੋ ਚੀਜ਼ਾਂ ਹਮੇਸ਼ਾ ਆਪਣੇ ਦਿਮਾਗ਼ ‘ਚ ਰੱਖੋ: ਪਹਿਲੀ ਚੀਜ਼ ਫ਼ਿਲਡਰ ਦੀ ਜਗ੍ਹਾ ਤਾਂ ਕਿ ਤੁਸੀਂ ਗੇਂਦ ਨੂੰ ਖ਼ਾਲੀ ਜਗ੍ਹਾ ‘ਚ ਖੇਡ ਸਕੋ ਅਤੇ ਦੂਜੀ ਉਹ ਜਗ੍ਹਾ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਗੇਂਦਬਾਜ਼ ਗੇਂਦ ਸੁੱਟ ਸਕਦਾ ਹੈ।