ਸਿਦੀਕੀ ਨਾਲ ਫ਼ਿਲਮ ਨਹੀਂ ਕਰਾਂਗੀ: ਤਾਪਸੀ

ਅਦਾਕਾਰਾ ਤਾਪਸੀ ਨੂੰ ਇੱਕ ਨਵੀਂ ਫ਼ਿਲਮ ਦੀ ਪੇਸ਼ਕਸ਼ ਮਿਲੀ ਸੀ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਨਵਾਜ਼ੂਦੀਨ ਸਿਦੀਕੀ ਵੀ ਇਸ ‘ਚ ਹਨ ਤਾਂ ਉਸ ਨੇ ਇਹ ਫ਼ਿਲਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ …

ਤਾਪਸੀ ਪੰਨੂੰ ਇੱਕ ਚੰਗੀ ਅਦਾਕਾਰਾ ਹੈ ਅਤੇ ਸਾਊਥ ਸਿਨੇਮਾ ਤੋਂ ਕਰੀਅਰ ਦੀ ਸ਼ੁਰੂ ਕਰ ਕੇ ਬੌਲੀਵੁੱਡ ‘ਚ ਹੁਣ ਆਪਣੇ ਪੱਕੇ ਪੈਰ ਜਮਾ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਤਾਪਸੀ ਨੂੰ ਆਖ਼ਰੀ ਵਾਰ ਇਸ ਸਾਲ ਰਿਲੀਜ਼ ਹੋਈ ਫ਼ਿਲਮ ਦਿਲ ਜੰਗਲੀ ‘ਚ ਵੇਖਿਆ ਗਿਆ ਸੀ। ਹੁਣ ਚਰਚਾ ਹੈ ਕਿ ਉਹ ਰਿਸ਼ੀ ਕਪੂਰ ਨਾਲ ਅਗਲੀ ਫ਼ਿਲਮ ‘ਚ ਉਹ ਨਜ਼ਰ ਆਉਣ ਵਾਲੀ ਹੈ ਜਿਸ ਨੂੰ ਹਨੀ ਤ੍ਰੇਹਨ ਡਾਇਰੈਕਟ ਕਰ ਰਿਹਾ ਹੈ। ਇਸ ਫ਼ਿਲਮ ‘ਚ ਤਾਪਸੀ ਦੀ ਜੋੜੀ ਅਦਾਕਾਰ ਨਵਾਜ਼ੂਦੀਨ ਸਿਦੀਕੀ ਨਾਲ ਬਣਨੀ ਸੀ, ਪਰ ਤਾਪਸੀ ਨੇ ਇਹ ਗੱਲ ਸੁਣਦੇ ਸਾਰ ਹੀ ਫ਼ਿਲਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਤਾਪਸੀ ਦਾ ਕਹਿਣਾ ਹੈ ਕਿ ਉਹ ਨਵਾਜ਼ੂਦੀਨ ਨਾਲ ਫ਼ਿਲਮ ‘ਚ ਕੰਮ ਨਹੀਂ ਕਰਨਾ ਚਾਹੁੰਦੀ। ਵੈਸੇ ਇਹ ਇੱਕ ਕ੍ਰਾਈਮ ਥਰਿਲਰ ਫ਼ਿਲਮ ਹੈ ਜਿਸ ਬਾਰੇ ਤਾਪਸੀ ਨਾਲ ਹਨੀ ਤ੍ਰੇਹਨ ਗੱਲ ਕਰ ਰਹੇ ਸਨ। ਜਦਕਿ ਤਾਪਸੀ ਨੇ ਨਵਾਜ਼ੂਦੀਨ ਕਾਰਨ ਇਹ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਿਕ ਹਨੀ ਉਸ ਕੋਲ ਖ਼ੁਦ ਫ਼ਿਲਮ ਦੀ ਪੇਸ਼ਕਸ਼ ਲੈ ਕੇ ਗਏ ਸਨ। ਹਨੀ ਤ੍ਰੇਹਨ ਪਹਿਲਾਂ ਫ਼ਿਲਮ ‘ਪੀਕੂ” ਚ ਸਹਾਇਕ-ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਇਸ ਫ਼ਿਲਮ ‘ਚ ਅਮਿਤਾਭ ਬਚਨ, ਇਰਫ਼ਾਨ ਖ਼ਾਨ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਮੁੱਖ ਭੂਮਿਕਾ ਨਿਭਾਈ ਸੀ। ਦੂਜੇ ਪਾਸੇ ਤਾਪਸੀ ਪੰਨੂੰ ਕੋਲ ਇਸ ਵਕਤ ਫ਼ਿਲਮਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਉਹ ਮੁਲਕ, ਸੂਰਮਾ, ਮਨਮਰਜੀਆਂ ਅਤੇ ਵੂਮਨਿਆ ਵਰਗੀਆਂ ਵੱਡੀਆਂ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵੂਮਨਿਆ ਸ਼ਾਰਪ ਸ਼ੂਟਰਜ਼ ‘ਤੇ ਆਧਾਰਿਤ ਹੈ ਜਿਸ ‘ਚ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਤਾਪਸੀ ਇਸ ਫ਼ਿਲਮ ਲਈ ਇਨ੍ਹੀਂ ਦਿਨੀਂ ਰਾਇਫ਼ਲ ਚਲਾਉਣ ਦੀ ਟ੍ਰੈਨਿੰਗ ਲੈ ਰਹੀ ਹੈ। ਫ਼ਿਲਮ ਸੂਰਮਾ ‘ਚ ਤਾਪਸੀ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ।
ਭਾਵੇਂ ਤਾਪਸੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਊਥ ਫ਼ਿਲਮਾਂ ਤੋਂ ਕੀਤੀ ਸੀ, ਪਰ ਇਸ ਵਕਤ ਉਹ ਬੌਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਹੈ …