ਟੈੱਸਟ ਕ੍ਰਿਕਟ ਨੂੰ ਆਪਣੇ ਸਬਰ ਦਾ ਇਮਤਿਹਾਨ ਮੰਨਦੈ ਰਾਸ਼ਿਦ ਖਾਨ

ਨਵੀਂ ਦਿੱਲੀ – ਕ੍ਰਿਕਟ ਦਾ ਸ਼ਹਿਜ਼ਾਦਾ ਅਤੇ ਅਫ਼ਗ਼ਾਨਿਸਤਾਨ ਦਾ ਲੈੱਗ ਸਪਿਨਰ ਰਾਸ਼ਿਦ ਖ਼ਾਨ ਭਾਰਤ ਖ਼ਿਲਾਫ਼ ਆਪਣੇ ਦੇਸ਼ ਦੇ ਪਹਿਲੇ ਟੈੱਸਟ ਮੈਚ ‘ਚ ਨੂੰ ਆਪਣੇ ਸਬਰ ਦਾ ਇਮਤਿਹਾਨ ਕਰਾਰ ਦੇ ਰਿਹੈ ਪਰ ਉਸ ਲਈ ਤਿਆਰ ਵੀ ਹੈ। ਅਫ਼ਗ਼ਾਨਿਸਤਾਨ ਦਾ ਇਹ ਪਹਿਲਾ ਇਤਿਹਾਸਕ ਟੈੱਸਟ ਮੈਚ 14 ਜੂਨ ਤੋਂ ਬੈਂਗਲੁਰੂ ‘ਚ ਭਾਰਤੀ ਟੀਮ ਨਾਲ ਸ਼ੁਰੂ ਹੋਵੇਗਾ ਜਿਸ ਲਈ 19 ਸਾਲ ਦਾ ਰਾਸ਼ਿਦ ਪੂਰੀ ਤਰ੍ਹਾਂ ਤਿਆਰ ਹੈ। ਰਾਸ਼ਿਦ ਨੇ ਕਿਹਾ, ”ਟੈੱਸਟ ਕ੍ਰਿਕਟ ਵਨ ਡੇਅ ਅਤੇ T-20 ਖੇਡਣ ਨਾਲ ਬਹੁਤ ਜ਼ਿਆਦਾ ਅਲੱਗ ਨਹੀਂ ਹੈ। ਮੈਨੂੰ ਚਾਰ ਦਿਨਾ ਮੈਚਾਂ ‘ਚ ਜਦੋਂ ਮੌਕਾ ਮਿਲਿਐ, ਮੈਂ ਚੰਗਾ ਪ੍ਰਦਰਸ਼ਨ ਕੀਤੈ। ਜੇਕਰ ਮੈਂ ਟੈੱਸਟ ਮੈਚ ਬਾਰੇ ਸੋਚ ਕੇ ਆਪਣੀ ਗੇਂਦਬਾਜ਼ੀ ‘ਚ ਬਦਲਾਅ ਕਰਾਂਗਾ ਤਾਂ ਇਹ ਮੇਰੇ ਲਈ ਸਹੀ ਨਹੀਂ ਹੋਵੇਗਾ। ਮੈਂ ਉਸੇ ਰਫ਼ਤਾਰ ਨਾਲ ਗੇਂਦਬਾਜ਼ੀ ਕਰਾਂਗਾ ਜਿਸ ਨਾਲ ਹੁਣ ਤਕ ਕਰਦਾ ਰਿਹਾ ਹਾਂ।”
ਸਬਰ ਰੱਖ ਕੇ ਖੇਡਣਾ ਹੋਵੇਗਾ ਜ਼ਰੂਰੀ
ਰਾਸ਼ਿਦ ਨੇ ਕਿਹਾ, ”ਮੈਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੈਂ ਸਬਰ ਰੱਖਾਂ। ਮੈਨੂੰ ਪਤਾ ਹੈ ਕਿ ਅਜਿਹਾ ਵੀ ਸਮਾਂ ਆਵੇਗਾ ਜਦੋਂ ਮੈਨੂੰ 20 ਓਵਰਾਂ ਤਕ ਕੋਈ ਵਿਕਟ ਨਹੀਂ ਮਿਲੇਗਾ, ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਮੈਨੂੰ ਦੋ ਓਵਰਾਂ ‘ਚ ਦੋ ਵਿਕਟ ਮਿਲ ਜਾਣ, ਇਹ ਟੈੱਸਟ ਕ੍ਰਿਕਟ ਹੈ।” ਉਸ ਨੇ ਅੱਗੇ ਕਿਹਾ, ”ਇਹ ਮੇਰੇ ਸਬਰ ਦਾ ਇਮਤਿਹਾਨ ਹੋਵੇਗਾ, ਇਸ ਗੱਲ ਦੀ ਸੰਭਾਵਨਾ ਹੈ ਕਿ ਮੈਨੂੰ ਵਿਕਟ ਨਾ ਮਿਲੇ।”
ਰਾਸ਼ਿਦ ਪਿਛਲੇ ਇੱਕ ਸਾਲ ਤੋਂ ਆਪਣੇ ਦੇਸ਼ ਵਾਪਿਸ ਨਹੀਂ ਗਿਆ, ਅਤੇ ਹਾਲ ਹੀ ‘ਚ ਉਸ ਨੇ ਅਤਿਵਾਦੀਆਂ ਦੇ ਹਮਲੇ ‘ਚ ਆਪਣੇ ਇੱਕ ਦੋਸਤ ਨੂੰ ਵੀ ਗੁਵਾਇਆ ਹੈ। ਉਹ ਆਪਣੇ ਦੇਸ਼ ਦੇ ਲੋਕਾਂ ਦੇ ਲਈ ਮੈਦਾਨ ‘ਚ ਸਹੀ ਸੋਚ ਦੇ ਨਾਲ ਉਤਰਨਾ ਚਾਹੁੰਦੈ। ਉਸ ਨੇ ਕਿਹਾ, ”ਮੈਂ ਇੱਕ ਸਾਲ ਤੋਂ ਆਪਣੇ ਘਰ ਨਹੀਂ ਗਿਆ, ਅਤੇ ਮੈਨੂੰ ਆਪਣੇ ਪਰਿਵਾਰ ਤੇ ਦੋਸਤਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ। ਉਥੇ ਧਮਾਕਿਆਂ ਦੀਆਂ ਖ਼ਬਰਾਂ ਤੋਂ ਮੈਨੂੰ ਬਹੁਤ ਦੁੱਖ ਹੁੰਦਾ ਹੈ। IPL ਦੌਰਾਨ ਵੀ ਮੇਰੇ ਪਿੰਡ ‘ਚ ਧਮਾਕਾ ਹੋਇਆ, ਅਤੇ ਮੈਂ ਆਪਣੇ ਇੱਕ ਦੋਸਤ ਨੂੰ ਗੁਆ ਦਿੱਤਾ … ਮੈਂ ਬਹੁਤ ਦੁੱਖੀ ਹਾਂ।”