ਐਸ.ਏ.ਐਸ.ਨਗਰ/ਚੰਡੀਗੜ੍ਹ : ਮੋਹਾਲੀ ਪੁਲਿਸ ਨੇ ਇੰਟਰਸਟੇਟ ਗੈਂਗ ਦੇ ਦੋ ਹੋਰ ਮੈਂਬਰ ਅਨਿਲ ਕੁਮਾਰ ਅਤੇ ਦੀਪਕ ਕੁਮਾਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਗੱਲ ਦਾ ਖੁਲਾਸਾ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 119 ਮਿਤੀ 01.09.2015 ਅ/ਧ 399,402 ਹਿੰ:ਦੰ: 25,54,59 ਅਸਲਾ ਐਕਟ ਥਾਣਾ ਸਦਰ ਖਰੜ ਦੇ 03 ਦੋਸੀਆਂ ਗੁਰਜੰਟ ਸਿੰਘ ਉਰਫ ਭੋਲੂ ਪੁੱਤਰ ਸੁਰਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀਆਨ ਪਿੰਡ ਹਵੇਲੀਆਂ ਜਿਲਾ ਤਰਨ ਤਾਰਨ ਅਤੇ ਦੋਸੀ ਜਤਿੰਦਰ ਸਿੰਘ ਜਿੰਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਦੋਸੀਆਂ ਦੀ ਪੁੱਛਗਿੱਛ ਅਤੇ ਮੁਕੱਦਮੇ ਦੀ ਅਗਲੀ ਤਫਤੀਸ ਤੋਂ 02 ਹੋਰ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀਆਂ ਨੇ ਪੁੱਛਗਿੱਛ ਤੋਂ ਇਹਨਾਂ ਵੱਲੋਂ ਨਸੀਲੇ ਪਦਾਰਥਾਂ ਦੀ ਖੇਪਾਂ ਜੋ ਵੱਖ ਵੱਖ ਸਮੇਂ ਬਾਰਡਰ ਕਰਾਸ ਕਰਕੇ ਲਿਆਂਦੀਆਂ ਸਨ, ਦਾ ਹੇਠ ਲਿਖੇ ਅਨੁਸਾਰ ਖੁਲਾਸਾ ਹੋਇਆ ਹੈ:-
ਦੋਸੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਦੋਸੀ ਗੁਰਜੰਟ ਸਿੰਘ ਉਰਫ ਭੋਲੂ ਸਾਲ 2009 ਵਿੱਚ ਆਪਣੇ ਭਰਾ ਗੁਰਬੀਰ ਸਿੰਘ ਨਾਲ ਪਾਡੀ ਦਾ ਕੰਮ ਕਰਦਾ ਸੀ, ਇਹਨਾਂ ਦੇ ਪਿੰਡ ਦੀ ਜਮੀਨ ਬਾਰਡਰ ਦੇ ਦੋਵੇਂ ਪਾਸੇ ਹੈ। ਫਿਰ ਗੁਰਬੀਰ ਸਿੰਘ ਦਾ ਸੰਪਰਕ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸੁਰ ਸਿੰਘ ਵਾਲਾ ਨੇ ਆਪਣੇ ਮਾਮੇ ਹਰਦੇਵ ਸਿੰਘ ਵਾਸੀ ਜਲੰਧਰ ਨਾਲ ਕਰਵਾਇਆ ਜੋ ਕਿ ਬੀ.ਐਸ.ਅੈਫ. ਵਿੱਚ ਨੌਕਰੀ ਕਰਦਾ ਸੀ ਅਤੇ ਉਸ ਦੀ ਡਿਊਟੀ ਖਾਲੜਾ ਬਾਰਡਰ ਪਰ ਸੀ, ਜਿਸ ਦੀ ਮੱਦਦ ਨਾਲ ਇਹਨਾਂ ਨੇ 3 ਵਾਰ ਕਰੀਬ 70 ਕਿਲੋਗ੍ਰਾਮ ਹੈਰੋਇਨ ਦੀ ਖੇਪ ਚੁੱਕੀ, ਜੋ ਕਿ ਬਾਬਾ ਬੁੱਢਾ ਸਾਹਿਬ ਦੇ ਨੇੜੇ ਨਾਈਜੀਰੀਅਨਾਂ ਨੂੰ ਦੇ ਦਿੱਤੀ ਸੀ। ਸਾਲ 2009 ਵਿੱਚ ਹੀ ਹਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਫੜੇ ਗਏ ਸਨ।
ਸਾਲ 2010 ਦੇ ਸੁਰੂ ਵਿੱਚ ਦੋਸੀ ਗੁਰਜੰਟ ਸਿੰਘ ਭੋਲੂ ਨੇ ਗੁਰਸਾਹਬ ਸਿੰਘ ਵਾਸੀ ਸੁਰ ਸਿੰਘ, ਰਛਪਾਲ ਸਿੰਘ ਉਰਫ ਪਾਲਾ ਵਾਸੀ ਭੱਠਲਾ, ਮਾਣਕ ਸਿੰਘ ਵਾਸੀ ਬਕੈਨਵਾਲਾ ਜਿਲਾ ਫਾਜਿਲਕਾ ਅਤੇ ਰਛਪਾਲ ਸਿੰਘ ਉਰਫ ਦਾਨਾ ਉਰਫ ਰਾਣਾ ਵਾਸੀ ਭੁੱਚਰ ਜਿਲਾ ਤਰਨ ਤਾਰਨ ਨਾਲ ਤਾਲਮੇਲ ਕੀਤਾ ਸੀ, ਜੋ ਕਿ ਬਾਰਡਰ ਦਾ ਰਸਤਾ ਜਾਣਦੇ ਸਨ। ਜਿਨ੍ਹਾਂ ਨਾਲ ਰਲ ਕੇ ਗੁਰਜੰਟ ਸਿੰਘ ਭੋਲੂ ਨੇ ਨਾਸਰ ਖਾਨ ਵੱਲੋਂ ਭੇਜੀ ਹੈਰੋਇਨ ਦੀ 10 ਕਿਲੋ ਦੀ ਖੇਪ ਹਿੰਦੂਮੱਲ ਕੋਟ ਜਿਲਾ ਗੰਗਾਨਗਰ ਰਾਜਸਥਾਨ ਬਾਰਡਰ ਰਾਹੀਂ ਲਿਆਂਦੀ ਜੋ ਨਾਈਜਰੀਅਨਾ ਨੂੰ ਲੁਧਿਆਣੇ ਵਿਖੇ ਦੇ ਦਿੱਤੀ ਸੀ ਅਤੇ ਰਸਤੇ ਵਿੱਚ 3 ਖੇਪਾਂ ਕ੍ਰਮਵਾਰ ਕਰੀਬ 15 ਕਿਲੋ, 22 ਕਿਲੋ ਅਤੇ 26 ਕਿਲੋ ਹੈਰੋਇਨ ਲਿਆਂਦੀਆਂ ਸਨ। ਮਾਹ ਮਾਰਚ 2010 ਵਿੱਚ ਗੁਰਜੰਟ ਸਿੰਘ ਭੋਲੂ, ਗੁਰਸਾਹਬ ਸਿੰਘ, ਰਛਪਾਲ ਸਿੰਘ ਉਰਫ ਪਾਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਛਪਾਲ ਸਿੰਘ ਉਰਫ ਦਾਨਾ ਉਰਫ ਰਾਣਾ ਨਾਲ 26 ਕਿਲੋ ਦੀ ਖੇਪ ਹਿਦੂਮੱਲ ਕੋਟ ਬਾਰਡਰ ਰਾਹੀਂ ਲੈ ਕੇ ਆ ਰਹੇ ਸੀ, ਤਾਂ ਹਰੀਕੇ ਹੈਡ ਕੋਲ ਸਪੈਸਲ ਸੈਲ ਨਾਰਕੋਟਿਕ ਅੰਮ੍ਰਿਤਸਰ ਵਾਲਿਆ ਨੇ ਇਨ੍ਹਾਂ ਨੂੰ ਨਾਕਾਬੰਦੀ ਦੌਰਾਨ ਫੜ ਲਿਆ ਸੀ ਅਤੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 11 ਮਿਤੀ 21.03.10 ਅ/ਧ 21,22,61,85 ਐਨ.ਡੀ.ਪੀ.ਐਸ.ਐਕਟ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਇਹ ਫਿਰੋਜਪੁਰ ਜੇਲ ਵਿਖੇ ਭੇਜ ਦਿੱਤੇ ਸਨ।
ਜਨਵਰੀ 2013 ਵਿੱਚ ਜੇਲ ਵਿੱਚੋਂ ਭੱਜਣ ਤੋਂ ਬਾਅਦ ਗੁਰਜੰਟ ਸਿੰਘ ਭੋਲੂ ਆਪਣੇ ਸਾਥੀ ਰਛਪਾਲ ਸਿੰਘ ਦਾਣਾ ਉਰਫ ਰਾਣਾ ਨਾਲ ਗੰਗਾਨਗਰ ਰਹਿਣ ਲੱਗ ਪਿਆ ਅਤੇ ਇਹਨਾਂ ਨੇ ਇਮਤਿਆਜ ਵਾਸੀ ਲਾਹੌਰ ਨਾਲ ਹੈਰੋਇਨ ਦੀ ਖੇਪ ਮੰਗਵਾਉਣ ਲਈ ਸੰਪਰਕ ਕੀਤਾ ਸੀ, ਗੁਰਜੰਟ ਸਿੰਘ ਉਰਫ ਭੋਲੂ ਨੇ ਰਛਪਾਲ ਸਿੰਘ ਉਰਫ ਦਾਣਾ ਅਤੇ ਸੇਵਕ ਸਿੰਘ ਵਾਸੀ ਮਾੜੀ ਜਿਲਾ ਤਰਨਤਾਰਨ ਨਾਲ ਮਿਲ ਕੇ ਹਿੰਦੂਮੱਲ ਕੋਟ ਕੋਲ ਪਿੰਡ ਰੁਣਕਾ ਜੋ ਬਿਲਕੁਲ ਬਾਰਡਰ ਉਪਰ ਹੈ, ਤੋਂ 12 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਜੋ ਇਹ ਖੇਪ ਇਮਤਿਆਜ ਨੇ ਭੇਜੀ ਸੀ।
ਇਸ ਤੋਂ ਬਾਅਦ ਦੋਸੀ ਗੁਰਜੰਟ ਸਿੰਘ ਭੋਲੂ ਨੇ ਸੰਨੀ ਡਿਆਲ ਵਾਸੀ ਪੱਟੀ ਨਾਲ ਮਿਲ ਕੇ ਅਟਾਰੀ ਬਾਘਾ ਬਾਰਡਰ ਅੰਮ੍ਰਿਤਸਰ ਤੋਂ ਪਿੰਡ ਮੋਦਾ ਧਨੋਆ ਦੇ ਪਾਂਡੀ ਤੋਂ ਕਰੀਬ 18 ਕਿਲੋ ਹੈਰੋਇਨ ਦੀ ਖੇਪ ਮੰਗਵਾਹੀ, ਜੋ ਇਹ ਖੇਪ ਵੀ ਇਮਤਿਆਜ ਨੇ ਹੀ ਭੇਜੀ ਸੀ।
ਫਿਰ ਦੋਸੀ ਗੁਰਜੰਟ ਸਿੰਘ ਭੋਲੂ ਨੇ ਇਮਤਿਆਜ ਰਾਹੀਂ 8 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਜੋ ਇਹ ਖੇਪ ਸੰਨੀ ਡਿਆਲ ਨੇ ਪਿੰਡ ਪਲੋ ਨੇੜੇ ਜਿਲਾ ਤਰਨਤਾਰਨ ਤੋਂ ਲਿਆਂ ਕੇ ਅੱਗੇ ਵੇਚੀ ਸੀ।
ਦੋਸ਼ੀਆਂ ਨੇ ਮੰਨਿਆ ਹੈ ਕਿ ਬੀ.ਐਸ.ਐਫ.ਦੀ ਇਮਦਾਦ ਨਾਲ 16-16 ਕਿਲੋ ਹੈਰੋਇਨ ਦੀਆਂ 2 ਖੇਪਾਂ ਆਈਆਂ ਸਨ, ਜੋ ਗੁਰਜੰਟ ਸਿੰਘ ਉਰਫ ਭੋਲੂ ਦੇ ਭਰਾ ਸੋਨੀ ਨੇ ਵੇਚੀਆਂ ਸਨ, ਇਹਨਾਂ ਖੇਪਾਂ ਨਾਲ 2 ਪਿਸਟਲ ਵੀ ਆਏ ਸਨ।
ਹਰਚੰਦ ਵਾਸੀ ਨਸਹਿਰਾ ਢਾਲਾ ਜਿਲਾ ਅੰਮ੍ਰਿਤਸਰ ਨੇ ਗੁਰਜੰਟ ਸਿੰਘ ਭੋਲੂ ਨੂੰ ਗੁਰਦੇਵ ਸਿੰਘ ਵਾਸੀ ਨਸਹਿਰਾ ਢਾਲਾ ਨਾਲ ਮਿਲਵਾਇਆ ਸੀ, ਜੋ ਬੀ.ਐਸ.ਐਫ. ਵਿੱਚ ਨੌਕਰੀ ਕਰਦਾ ਸੀ ਅਤੇ ਜਿਸ ਦੀ ਡਿਊਟੀ ਫਾਜਿਲਕਾ ਬਾਰਡਰ ਪਰ ਸੀ। ਜਿਸ ਦੀ ਮੱਦਦ ਨਾਲ ਗੁਰਜੰਟ ਸਿੰਘ ਭੋਲੂ ਨੇ 22 ਕਿਲੋ ਹੈਰੋਇਨ, ਅੱਧਾ ਕਿਲੋ ਅਫੀਮ, 3 ਪਿਸਟਲ 30 ਬੋਰ, 2 ਪਿਸਟਲ .9 ਐਮ.ਐਮ ਮੰਗਵਾਏ ਸਨ। ਜਿਨ੍ਹਾਂ ਵਿਚੋਂ ਇੱਕ ਪਿਸਟਲ ਰਛਪਾਲ ਦਾਣੇ ਨੂੰ ਅਤੇ ਇੱਕ ਪਿਸਟਲ ਦੋਸੀ ਸੰਦੀਪ ਸਿੰਘ ਨੂੰ ਦੇ ਦਿੱਤਾ ਸੀ, ਇੱਕ ਪਿਸਟਲ ਗੁਰਜੰਟ ਸਿੰਘ ਭੋਲੂ ਕੋਲ ਸੀ ਅਤੇ 2 ਪਿਸਟਲ ਜੈਪਾਲ ਨੂੰ ਦੇ ਦਿੱਤੇ ਸਨ।
ਇਸ ਤੋਂ ਬਾਅਦ ਦੋਸੀਆਂ ਨੇ ਅੰਮ੍ਰਿਤਸਰ ਬਾਰਡਰ ਰਾਹੀਂ 30 ਕਿਲੋ ਹੈਰੋਇਨ ਮੰਗਵਾਈ ਸੀ, ਜੋ ਦੋਸ਼ੀਆਂ ਨੇ ਅੱਗੇ ਵੇਚੀ ਸੀ।
ਫਿਰ ਦੋਸੀ ਗੁਰਜੰਟ ਸਿੰਘ ਭੋਲੂ ਨੇ ਇਮਤਿਆਜ ਪਾਸੋਂ 4 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ, ਜਿਸ ਨਾਲ 01 ਸਟੇਨਗੰਨ 9ਐਮ.ਐਮ. ਅਤੇ 30 ਰੌਂਦ 9 ਐਮ.ਐਮ. ਮੰਗਵਾਏ ਸਨ, ਇਹ ਖੇਪ ਇਮਤਿਆਜ ਨੇ ਪਾਂਡੀਆਂ ਰਾਹੀਂ ਭੇਜੀ ਸੀ ਅਤੇ ਜਿਸ ਨੂੰ ਦੋਸੀ ਸਨੀ ਡਿਆਲ ਚੁੱਕ ਕੇ ਲੈ ਆਇਆ ਸੀ।
ਇੱਕ ਵਾਰ ਜਦੋਂ ਗੁਰਜੰਟ ਸਿੰਘ ਭੋਲੂ ਦਾ ਬਾਰਡਰ ਤੋਂ ਖੇਪ ਲੰਘਾਉਣ ਲਈ ਕੋਈ ਸਾਧਨ ਨਹੀਂ ਬਣ ਰਿਹਾ ਸੀ ਤਾਂ ਇਸੇ ਦੌਰਾਨ ਇਮਤਿਆਜ ਨੇ ਇਹਨਾਂ ਦੀ ਗੱਲ ਅਨਿਲ ਕੁਮਾਰ ਜੋ ਕਿ ਬੀ.ਐਸ.ਐਫ.ਦਾ ਜਵਾਨ ਹੈ, ਜਿਸ ਦੀ ਡਿਊਟੀ ਗੰਗਾਨਗਰ ਸਾਈਡ ਬਾਰਡਰ ਪਰ ਸੀ, ਨਾਲ ਕਰਵਾ ਦਿੱਤੀ ਸੀ। ਗੁਰਜੰਟ ਸਿੰਘ ਭੋਲੂ ਨੇ ਪਹਿਲਾਂ ਹੀ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਬੀ.ਐਸ.ਐਫ. ਦੇ ਜਵਾਨ ਅਨਿਲ ਕੁਮਾਰ ਨਾਲ ਸੰਪਰਕ ਕਰਨ ਤੋਂ ਬਾਅਦ ਅਨਿਲ ਕੁਮਾਰ ਨੇ ਉਹਨਾਂ ਦੀ ਕਾਫੀ ਇਮਦਾਦ ਕੀਤੀ ਸੀ। ਜਿਸ ਦੇ ਬਦਲੇ ਉਹ ਅਨਿਲ ਕੁਮਾਰ ਨੂੰ ਪੈਸੇ ਵੀ ਦਿੰਦੇ ਰਹੇ ਸਨ। ਜਿਸ ਦੇ ਆਧਾਰ ਪਰ ਅਨਿਲ ਕੁਮਾਰ ਜੋ ਕਿ 52ਵੀਂ ਬਟਾਲੀਅਨ ਬੀ.ਐਸ.ਐਫ. ਦਾ ਜਵਾਨ ਹੈ, ਨੂੰ ਉਕੱਤ ਮੁਕੱਦਮਾ ਵਿੱਚ ਦੋਸੀ ਨਾਮਜਦ ਕਰਦੇ ਹੋਏ ਉਸ ਦੀ ਤਾਇਨਾਤੀ ਵਾਲੀ ਜਗ੍ਹਾ ਰਾਜਸਥਾਨ 41 ਪੀ.ਐਸ. ਤੋਂ ਕਾਨੂੰਨ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸੀ ਅਨਿਲ ਕੁਮਾਰ ਉਮਰ 29 ਸਾਲ ਪੁੱਤਰ ਰੂਪ ਲਾਲ ਵਾਸੀ ਪਿੰਡ ਤੁੰਗਵਾਲਾ ਜਿਲਾ ਅੰਮ੍ਰਿਤਸਰ ਜੋ ਕਿ +12 ਤੱਕ ਪੜ੍ਹਿਆ ਹੈ, ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੀ.ਅੈਸ.ਐਫ. ਵਿੱਚ ਸਾਲ 2008 ਵਿੱਚ ਭਰਤੀ ਹੋਇਆ ਸੀ, ਤਰਨ ਤਾਰਨ ਦੇ ਇਲਾਕਾ ਵਿੱਚ ਇੱਕ ਵਿਆਹ ਦੌਰਾਨ ਉਸ ਨੂੰ ਸਮੱਗਲਿੰਗ ਕਰਨ ਵਾਲੇ ਬੰਦੇ ਮਿਲੇ ਸਨ, ਜਿਨ੍ਹਾਂ ਨੇ ਉਸ ਨੂੰ ਪਾਕਿਸਤਾਨੀ ਸਿੰਮ ਦੇ ਕੇ ਇਮਤਿਆਜ ਵਾਸੀ ਲਾਹੌਰ ਨਾਲ ਗੱਲਬਾਤ ਕਰਵਾ ਦਿੱਤੀ ਸੀ ਅਤੇ ਪੈਸੇ ਦਾ ਵੀ ਲਾਲਚ ਦੇ ਦਿੱਤਾ ਸੀ, ਦੋਸੀ ਅਨਿਲ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਗੁਰਜੰਟ ਸਿੰਘ ਭੋਲੂ ਦੀ ਇਮਦਾਦ ਕਰਨ ਬਦਲੇ ਇਸ ਨੂੰ ਇੱਕ ਵਾਰ 50,000 ਰੁਪਏ ਕੈਸ ਅਤੇ ਇੱਕ ਵਾਰ 39,000 ਰੁਪਏ ਇਸ ਦੀ ਘਰਵਾਲੀ ਦੇ ਅਕਾਉਟ ਵਿੱਚ ਪਵਾ ਦਿੱਤੇ ਸਨ, ਇਮਤਿਆਜ ਅਤੇ ਗੁਰਜੰਟ ਸਿੰਘ ਭੋਲੂ ਨੂੰ ਇਹ ਆਪਣੇ ਬਾਰਡਰ ਦੀ ਡਿਊਟੀ ਵਾਲੀ ਲੁਕੇਸਨ ਵੱਅਟਸੈਪ ਤੇ ਗੂਗਲ ਮੈਪ ਰਾਹੀਂ ਫੋਟੋ ਖਿੱਚ ਕੇ ਭੇਜ ਦਿੰਦਾ ਸੀ, ਜੋ ਖੇਪ ਆਉਣ ਸਮੇਂ ਇਧਰੋ ਇਹ ਆਪਣੀ ਲੁਕੇਸਨ ਦੱਸਦਾ ਸੀ ਅਤੇ ਦੂਜੇ ਪਾਸੇ ਤੋਂ ਸਾਹਮਣੇ ਵਾਲਾ ਵਿਅਕਤੀ ਆਪਣੀ ਲੁਕੇਸਨ ਦੱਸਦਾ ਸੀ।
ਦੋਸੀ ਗੁਰਜੰਟ ਸਿੰਘ ਭੋਲੂ ਅਤੇ ਇਸ ਦੇ ਸਾਥੀਆਂ ਵੱਲੋ ਜਾਅਲੀ ਆਈ.ਡੀ. ਅਤੇ ਡਰਾਇਵਿੰਗ ਲਾਇਸੰਸ ਤਿਆਰ ਕਰਵਾ ਕੇ ਅਸਲ ਪਾਸਪੋਰਟ ਜਲੰਧਰ ਤੋਂ ਤਿਆਰ ਕਰਵਾਏ ਸਨ, ਉਸ ਸਬੰਧੀ ਇਹਨਾਂ ਖਿਲਾਫ ਪਹਿਲਾਂ ਹੀ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਸੀਆਂ ਨੇ ਆਪਣੀ ਪੁੱਛਗਿੱਛ ਦੋਰਾਨ ਇਹ ਵੀ ਦੱਸਿਆ ਕਿ ਦੀਪਕ ਕੁਮਾਰ ਉਮਰ 29 ਸਾਲ ਪੁੱਤਰ ਸਾਮ ਕੁਮਾਰ ਵਾਸੀ ਹੈਬੋਵਾਲ ਕਲਾਂ ਲੁਧਿਆਣਾ ਨੇ ਇਹਨਾਂ ਦੇ ਜਾਅਲੀ ਆਈ.ਡੀ. ਪਰ ਡਰਾਇਵਿੰਗ ਲਾਇਸੰਸ ਵੱਖ-ਵੱਖ ਨਾਵਾਂ ਦੇ ਬਣਾਏ ਸਨ, ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੀ ਪੁੱਛਗਿੱਛ ਦੌਰਾਨ ਦੋਸੀ ਦੀਪਕ ਕੁਮਾਰ ਨੇ ਦੱਸਿਆ ਹੈ ਕਿ ਇਹ ਕੋਰਲ ਐਕਸ ਥ੍ਰੀ ਨਾਮ ਦੇ ਸਾਫਟ ਵੇਅਰ ਰਾਹੀਂ ਇਹਨਾਂ ਦੇ ਜਾਅਲੀ ਸਨਾਖਤੀ ਕਾਰਡ ਅਤੇ ਡਰਾਇਵਿੰਗ ਲਾਇਸੰਸ ਅਲੱਗ ਅਲੱਗ ਨਾਵਾਂ ਪਰ ਤਿਆਰ ਕਰਦਾ ਸੀ, ਕਿਉਂਕਿ ਪਹਿਲਾਂ ਇਸ ਦੀ ਮੋਬਾਇਲ ਫੋਨਾਂ ਦੀ ਦੁਕਾਨ ਸੀ ਅਤੇ ਇਹ ਕੰਪਿਊਟਰ ਅਤੇ ਸਾਫਟਵੇਅਰ ਦਾ ਕੰਮ ਚੰਗੀ ਤਰ੍ਹਾ ਜਾਣਦਾ ਸੀ।ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਅਨਿਲ ਕੁਮਾਰ ਅਤੇ ਦੀਪਕ ਕੁਮਾਰ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।















