ਫ਼ਿਲਮਾਂ ਤੋਂ ਬ੍ਰੇਕ ਚਾਹੁੰਦੈ ਆਮਿਰ ਖ਼ਾਨ

ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਆਉਣ ਵਾਲੀ ਫ਼ਿਲਮ ‘ਠੱਗਜ਼ ਔਫ਼ ਹਿੰਦੁਸਤਾਨ ‘ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਬ੍ਰੇਕ ਲੈਣ ਦੀ ਤਿਆਰੀ ‘ਚ ਹਨ। ਆਮਿਰ ਖ਼ਾਨ ਫ਼ਿਲਮਾਂ ਦੀ ਚੋਣ ਦੇ ਮਾਮਲੇ ‘ਚ ਕਾਫ਼ੀ ਅਲੱਗ ਹਨ, ਅਤੇ ਉਹ ਆਮ ਤੌਰ ‘ਤੇ ਸਾਲ ‘ਚ ਇੱਕ ਫ਼ਿਲਮ ਹੀ ਕਰਦੇ ਹਨ। ਆਮਿਰ ਆਪਣਾ ਪੂਰਾ ਹੁਨਰ ਅਤੇ ਮਿਹਨਤ ਉਸ ਹੀ ਇੱਕ ਫ਼ਿਲਮ ‘ਤੇ ਲਗਾ ਦਿੰਦੇ ਹਨ। ਆਮਿਰ ਨੇ ‘ਠੱਗਜ਼ ਔਫ਼ ਹਿੰਦੁਸਤਾਨ ‘ਤੋਂ ਬਾਅਦ ਕੋਈ ਨਵਾਂ ਪ੍ਰੌਜੈਕਟ ਸਾਇਨ ਨਹੀਂ ਕੀਤਾ ਜਾਂ ਐਲਾਨਿਆ ਨਹੀਂ। ਚਰਚਾ ਹੈ ਕਿ ਆਮਿਰ ਇਸ ਫ਼ਿਲਮ ਨੂੰ ਪੂਰਾ ਕਰਨ ਦੇ ਬਾਅਦ ਇੱਕ ਲੰਬੀ ਬ੍ਰੇਕ ਲੈਣ ਦਾ ਮਨ ਬਣਾ ਰਹੇ ਹਨ। ਆਮਿਰ ਕੁੱਝ ਸਮੇਂ ਲਈ ਵੱਡੇ ਪਰਦੇ ਨੂੰ ਛਡਦੇ ਆਪਣੀ ਸਮਰਥਾ ਅਤੇ ਹੁਨਰ ਨੂੰ ਛੋਟੇ ਪਰਦੇ ਦੇ ਸਤਿਅਮੇ ਜੈਯਤੇ ਅਤੇ ਪਾਣੀ ਫ਼ਾਊਂਡੇਸ਼ਨ ਆਦਿ ਪ੍ਰੌਜੈਕਟਾਂ ਵੱਲ ਲਾਉਣਾ ਚਾਹੁੰਦੇ ਹਨ। ਆਮਿਰ ਖ਼ਾਨ ਇਸ ਪ੍ਰੌਜੈਕਟ ‘ਤੇ ਆਪਣੀ ਪਤਨੀ ਕਿਰਨ ਰਾਓ ਨਾਲ ਕੰਮ ਕਰਨਾ ਚਾਹੁੰਦੇ ਹਨ। ਆਮਿਰ SS ਰਾਜਾਮੌਲੀ ਦੇ ਪ੍ਰੌਜੈਕਟ ‘ਮਹਾਂਭਾਰਤ” ਤੇ ਕੰਮ ਕਰਨ ‘ਚ ਦਿਲਚਸਪੀ ਲੈ ਰਹੇ ਹਨ, ਪਰ ਹੁਣ ਕਿਹਾ ਇਹ ਜਾ ਰਿਹਾ ਹੈ ਕਿ ਇਸ ਬਾਰੇ ‘ਚ ਆਮਿਰ ਨੇ ਆਪਣਾ ਫ਼ੈਸਲਾ ਹਾਲੇ ਫ਼ਾਈਨਲ ਨਹੀਂ ਕੀਤਾ। ਇਸ ਪ੍ਰੌਜੈਕਟ ਨੂੰ ਸ਼ੁਰੂ ਕਰਨ ਬਾਰੇ ਉਹ ਅਜੇ ਵੀ ਕਸ਼ਮਕਸ਼ ‘ਚ ਚੱਲ ਰਹੇ ਹਨ। ਫ਼ਿਲਮ ‘ਠੱਗਜ਼ ਔਫ਼ ਹਿੰਦੁਸਤਾਨ ‘ਦੀ ਸ਼ੂਟਿੰਗ ਤਕਰੀਬਨ ਪੂਰੀ ਹੋ ਚੁੱਕੀ ਹੈ ਅਤੇ ਟੀਮ ਹੁਣ ਇਸ ਦੀ ਪੋਸਟ ਪ੍ਰੋਡਕਸ਼ਨ ਦੇ ਕੰਮ ‘ਚ ਲੱਗੀ ਹੋਈ ਹੈ। ਇਸ ਤੋਂ ਬਾਅਦ ਆਮਿਰ ਆਪਣੇ ਪਰਿਵਾਰ ਨਾਲ ਕੁੱਝ ਵਕਤ ਗੁਜ਼ਾਰਨਾ ਚਾਹੁੰਦੇ ਹਨ ਅਤੇ ਆਪਣੇ ਛੋਟੇ ਪ੍ਰੌਜੈਕਟ ‘ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਹਨ। ਹਾਲੇ ਉਨ੍ਹਾਂ ਦਾ ਇਸ ਬਾਰੇ ਕੋਈ ਵੀ ਪੱਕਾ ਬਿਆਨ ਨਹੀਂ ਆਇਆ।