ਤੂਤੀਕੋਰਿਨ : ਧਾਰਾ 144 ਲਾਗੂ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

ਚੇਨਈ— ਤਾਮਿਲਨਾਡੂ ਦੇ ਤੂਤੀਕੋਰਿਨ ‘ਚ ਵੇਦਾਂਤਾ ਸਟਰਲਾਈਟ ਕਾਪਰ ਯੂਨਿਟ ਦੇ ਖਿਲਾਫ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਹੈ। ਸਥਾਨਕ ਹਸਪਤਾਲ ‘ਚ ਪ੍ਰਦਰਸ਼ਨਕਾਰੀ ਅਤੇ ਪੁਲਸਕਰਮੀਆਂ ਦੇ ਵਿਚਕਾਰ ਹੋਈ ਝੜਪ ਤੋਂ ਬਾਅਦ ਪੁਲਸ ਨੇ ਲੋਕਾਂ ਨੂੰ ਪਛਾੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਪੂਰੇ ਸ਼ਹਿਰ ‘ਚ ਧਾਰਾ 144 ਲਾਗੂ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਵੀ ਤਾਮਿਲਨਾਡੂ ਸਰਕਾਰ ਨਾਲ ਮੰਗਲਵਾਰ ਨੂੰ ਹੋਈ ਘਟਨਾ ‘ਤੇ ਰਿਪੋਰਟ ਮੰਗੀ ਹੈ।
ਪ੍ਰਦਰਸ਼ਨ ਹੁਣ ਸੂਬੇ ਦੇ ਦੂਜੇ ਹਿੱਸਿਆਂ ‘ਚ ਵੀ ਸ਼ੁਰੂ ਹੋ ਗਿਆ ਹੈ ਅਤੇ ਚੇਨਈ ‘ਚ ਲੋਕਾਂ ਨੇ ਵੇਦਾਂਤਾ ਦੇ ਖਿਲਾਫ ਵਿਰੋਧ ਮਾਰਚ ਕੱਢਿਆ। ਹੁਣ ਇਸ ਵਿਵਾਦ ‘ਚ ਫਿਲਮੀ ਸਟਾਰ ਰਜਨੀਕਾਂਤ ਅਤੇ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਵੀ ਅੱਗੇ ਆ ਗਏ ਹਨ।
ਰਜਨੀਕਾਂਤ ਨੇ ਵੀਡੀਓ ਮੈਸੇਜ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਕਮਲ ਹਸਨ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ। ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਨੂੰ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਸ ਨੇ ਗੋਲੀਬਾਰੀ ਕੀਤੀ, ਜਿਸ ‘ਚ 11 ਲੋਕਾਂ ਦੀ ਮੌਤ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਪੁਲਸ ਨੇ ਇਕ ਵਾਰ ਫਿਰ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਿੰਸਕ ਘਟਨਾ ਤੋਂ ਬਾਅਦ ਇਥੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਧਾਰਾ 144 ਲਾਗੂ ਹੋਣ ਤੋਂ ਬਾਅਦ ਵੀ ਲੋਕ ਪ੍ਰਦਰਸ਼ਨ ਕਰ ਰਹੇ ਹਨ।
ਕਮਲ ਹਸਨ ਨੂੰ ਕਰਨਾ ਪਿਆ ਗੁੱਸੇ ਦਾ ਸਾਹਮਣਾ
ਅਭਿਨੇਤਾ ਕਮਲ ਹਸਨ ਨੇ ਤੂਤੀਕੋਰਿਨ ਜਾ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਨੂੰ ਲੋਕਾਂ ਦੇ ਭਾਰੀ ਗੁੱਸੇ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਹਸਨ ਨੂੰ ਕਿਹਾ ਕਿ ਤੁਸੀਂ ਇਥੋ ਤੁਰੰਤ ਚਲੇ ਜਾਓ, ਤੁਹਾਡੀ ਵਜ੍ਹਾ ਨਾਲ ਸਾਨੂੰ ਮੁਸ਼ਕਿਲ ਪੈਦਾ ਹੋ ਰਹੀ ਹੈ। ਕਮਲ ਹਸਨ ਨੇ ਕਿਹਾ, ”ਸਾਨੂੰ ਇਹ ਪਤਾ ਚਲਣਾ ਚਾਹੀਦਾ ਹੈ ਕਿ ਕਿਸ ਨੇ ਪੁਲਸ ਵਾਲਿਆਂ ਨੂੰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ। ਇਹ ਇੰਡਸਟਰੀ ਬੰਦ ਹੋਣੀ ਚਾਹੀਦੀ ਹੈ। ਇਥੇ ਦੇ ਲੋਕ ਵੀ ਇਹ ਹੀ ਮੰਗ ਕਰ ਰਹੇ ਹਨ।”