ਮਾਨਸਾ ‘ਚ ਸਕੂਲ ਵੈਨ ਹਾਦਸੇ ਦੌਰਾਨ ਜ਼ਖਮੀ ਵੈਨ ਡਰਾਈਵਰ ਦੀ ਮੌਤ, PRTC ਬੱਸ ਨਾਲ ਹੋਈ ਸੀ ਟੱਕਰ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ‘ਚ ਸਕੂਲ ਵੈਨ ਹਾਦਸੇ ਦੌਰਾਨ ਜ਼ਖਮੀ ਹੋਏ ਵੈਨ ਡਰਾਈਵਰ ਬਾਬੀ ਸਿੰਘ ਦੀ ਏਮਜ਼ ਵਿਖੇ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਸਕੂਲੀ ਵੈਨ ਦੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਹੋਈ ਟੱਕਰ ਮਗਰੋਂ ਦਰਜਨ ਦੇ ਕਰੀਬ ਬੱਚਿਆਂ ਸਣੇ ਵੈਨ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਏਮਜ਼ ਬਠਿੰਡਾ ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਬੀਤੀ ਤੜਕੇ 8 ਵਜੇ ਦੇ ਕਰੀਬ ਵਾਪਰਿਆ ਸੀ ਹਾਦਸਾ
ਇੱਥੋਂ ਦੇ ਨਜ਼ਦੀਕੀ ਪਿੰਡ ਦਿਆਲਪੁਰਾ ਕੋਲ ਬੀਤੀ ਤੜਕਸਾਰ 8 ਵਜੇ ਦੇ ਕਰੀਬ ਇਕ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਪੀ. ਆਰ. ਟੀ. ਸੀ. ਦੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਦਰਜਨ ਦੇ ਕਰੀਬ ਬੱਚੇ ਜ਼ਖ਼ਮੀ ਹੋਏ ਸਨ, ਜਿਨ੍ਹਾਂ ’ਚੋਂ ਕੁਝ ਨੂੰ ਮਾਮੂਲੀ ਅਤੇ ਕਰੀਬ ਅੱਧਾ ਦਰਜਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਵੈਨ ਦਾ ਡਰਾਈਵਰ ਵੀ ਇਸ ਹਾਦਸੇ ‘ਚ ਜ਼ਖ਼ਮੀ ਹੋ ਗਿਆ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਸੀ ਕਿ ਪੀ. ਆਰ. ਟੀ. ਸੀ. ਬੱਸ ਅਤੇ ਸਕੂਲੀ ਵੈਨ ਦੋਵੇਂ ਬੁੱਢਲਾਡਾ ਵਾਲੀ ਸਾਈਡ ਤੋਂ ਬਰੇਟਾ ਮੰਡੀ ਵੱਲ ਜਾ ਰਹੀਆਂ ਸਨ।
ਬੱਸ ਡਰਾਈਵਰ ਬਲਵਿੰਦਰ ਸਿੰਘ ਮੁਤਾਬਕ ਅੱਗੇ ਜਾ ਰਿਹਾ ਇਕ ਮੋਟਰਸਾਈਕਲ ਸਵਾਰ ਮੋਬਾਈਲ ਫੋਨ ’ਤੇ ਗੱਲ ਕਰ ਰਿਹਾ ਸੀ, ਜਿਸ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਬੱਸ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਿੱਛੋਂ ਆ ਰਹੀ ਸਕੂਲ ਵੈਨ ਬੱਸ ਨਾਲ ਜਾ ਟਕਰਾਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਬੱਚਿਆਂ ਅਤੇ ਵੈਨ ਡਰਾਈਵਰ ਨੂੰ ਇਲਾਜ ਲਈ ਬਰੇਟਾ ਦੇ ਇਕ ਨਿੱਜੀ ਹਸਪਤਾਲ ‘ਚ ਪਹੁੰਚਾਇਆ ਗਿਆ, ਜਿਸ ਨੂੰ ਬਾਅਦ ਵੈਨ ਡਰਾਈਵਰ ਨੂੰ ਏਮਜ਼ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।