ਨਵੀਂ ਦਿੱਲੀ – ਭੱਜਦੋੜ ਭਰੀ ਜ਼ਿੰਦਗੀ ‘ਚ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਇਨ੍ਹਾਂ ‘ਚੋਂ ਇੱਕ ਹੈ ਅੱਡੀਆਂ ਦਾ ਦਰਦ। ਹਾਈ ਹੀਲਜ਼ ਪਹਿਣਨ, ਜ਼ਿਆਦਾ ਸਮੇਂ ਤਕ ਖੜ੍ਹੇ ਰਹਿਣ ਕਾਰਨ, ਆਦਿ ਨਾਲ ਪੈਰਾਂ ਦੀਆਂ ਅੱਡੀਆਂ ‘ਚ ਦਰਦ ਹੋਣ ਲਗਦਾ ਹੈ। ਇਸ ਤੋਂ ਇਲਾਵਾ ਵੀ ਕਈ ਕਾਰਨ ਹੋ ਸਕਦੇ ਹਨ। ਅੱਡੀਆਂ ‘ਚ ਦਰਦ ਹੋਣ ‘ਤੇ ਚਲਣ-ਫ਼ਿਰਨ ‘ਚ ਦਿੱਕਤ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਤੇਲ ਦੀ ਮਾਲਿਸ਼: ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਬੈਸਟ ਤਰੀਕਾ ਹੈ ਮਸਾਜ। ਦਿਨ ‘ਚ ਤਿੰਨ ਵਾਰ ਕੋਸੇ ਪਾਣੀ ‘ਚ ਨਾਰੀਅਲ ਤੇਲ ਜਾਂ ਸਰੋਂ ਦਾ ਤੇਲ ਪਾ ਕੇ ਮਾਲਿਸ਼ ਕਰੋ। ਇਸ ਨਾਲ ਜਲਦੀ ਹੀ ਰਾਹਤ ਮਿਲੇਗੀ।
ਹਲਦੀ: ਐਂਟੀ-ਔਕਸੀਡੈਂਟ ਨਾਲ ਭਰਪੂਰ ਹਲਦੀ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹੁੰਦੀ ਹੈ। ਇੱਕ ਗਲਾਸ ਦੁੱਧ ‘ਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਆਰਾਮ ਮਿਲੇਗਾ।
ਸੇਂਧਾ ਨਮਕ ਅਤੇ ਪਾਣੀ: ਕੋਸੇ ਪਾਣੀ ‘ਚ ਦੋ ਚੱਮਚ ਸੇਂਧਾ ਨਮਕ ਮਿਲਾਓ। ਇਸ ‘ਚ ਪੈਰਾਂ ਨੂੰ 15-20 ਮਿੰਟ ਤਕ ਡੁਬੋ ਕੇ ਰੱਖੋ। ਬਾਅਦ ‘ਚ ਨੌਰਮਲ ਪਾਣੀ ਨਾਲ ਪੈਰ ਧੋ ਲਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
ਬਰਫ਼ ਨਾਲ ਸਿਕਾਈ: ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਰਫ਼ ਦੀ ਸਿਕਾਈ ਵੀ ਬਹੁਤ ਮਦਦਗਾਰ ਹੈ। ਪਲਾਸਟਿਕ ਦੇ ਬੈਗ ਜਾਂ ਕਿਸੇ ਕੱਪੜੇ ‘ਚ ਬਰਫ਼ ਭਰ ਲਓ। ਇਸ ਨੂੰ ਦਰਦ ਵਾਲੀ ਥਾਂ ‘ਤੇ ਰਗੜੋ। 15 ਮਿੰਟ ਬਰਫ਼ ਦੀ ਸਿਕਾਈ ਕਰਨ ਨਾਲ ਦਰਦ ਤੋਂ ਰਾਹਤ ਮਿਲੇਗੀ।










