ਸਿਧਾਰਥ ਨਾਲ ਨਜ਼ਰ ਆਵੇਗੀ ਕਰੀਨਾ ਕਪੂਰ

ਬੌਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਖ਼ਾਨ ਅਕਸਰ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਜਦਕਿ ਹੁਣ ਇੱਕ ਹੋਰ ਖ਼ਬਰ ਨਾਲ ਕਰੀਨਾ ਚਰਚਾ ‘ਚ ਆ ਗਈ ਹੈ। ਇਸ ਵਾਰ ਚਰਚਾ ਦਾ ਵਿਸ਼ਾ ਹੈ ਆਪਣੇ ਤੋਂ 5 ਸਾਲ ਛੋਟੇ ਹੀਰੋ ਨਾਲ ਫ਼ਿਲਮ ‘ਚ ਰੋਮਾਂਸ ਕਰਦੇ ਹੋਏ ਨਜ਼ਰ ਆਉਣਾ। ਮਾਂ ਬਣਨ ਤੋਂ ਬਾਅਦ ਕਰੀਨਾ ਨੇ ਫ਼ਿਲਮ ਵੀਰੇ ਦੀ ਵੈਡਿੰਗ ਨਾਲ ਬੌਲੀਵੁੱਡ ‘ਚ ਮੁੜ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਜਿਹੇ ਸਮੇਂ ‘ਚ ਉਸ ਨੂੰ ਇੱਕ ਹੋਰ ਫ਼ਿਲਮ ਦੀ ਪੇਸ਼ਕਸ਼ ਮਿਲ ਗਈ ਹੈ ਜਿਸ ‘ਚ ਉਹ ਸਿਧਾਰਥ ਮਲਹੋਤਰਾ ਨਾਲ ਜੋੜੀ ਬਣਾਏਗੀ। ਇਹ ਫ਼ਿਲਮ ਵੀਰੇ ਦੀ ਵੈਡਿੰਗ ਦੇ ਰਿਲੀਜ਼ ਹੋਣ ਤੋਂ ਬਾਅਦ ਬਣਨੀ ਸ਼ੁਰੂ ਹੋਈ ਸੀ।
ਸੂਤਰਾਂ ਦੀ ਮੰਨੀਏ ਤਾਂ ਕਰੀਨਾ ਦੀ ਅਗਲੀ ਫ਼ਿਲਮ ਧਰਮਾ ਪ੍ਰੋਡਕਸ਼ਨ ਦੀ ਹੋਵੇਗੀ। ਫ਼ਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ। ਓਦਾਂ ਇਹ ਪਹਿਲੀ ਵਾਰ ਹੋਵੇਗਾ ਕਿ ਕਰੀਨਾ ਅਤੇ ਸਿਧਾਰਥ ਕਿਸੇ ਫ਼ਿਲਮ ‘ਚ ਇਕੱਠੇ ਕੰਮ ਕਰਨਗੇ। ਫ਼ਿਲਹਾਲ ਸਿਧਾਰਥ ਮਲਹੋਤਰਾ ਦਾ ਕਰੀਅਰ ਗ੍ਰਾਫ਼ ਕਾਫ਼ੀ ਹੇਠਾਂ ਚੱਲ ਰਿਹਾ ਹੈ ਕਿਉਂਕਿ ਉਸ ਦੀਆਂ ਇਤਫ਼ਾਕ ਅਤੇ ਅੱਯਾਰੀ ਪਰਦੇ ‘ਤੇ ਕੋਈ ਖ਼ਾਸ ਸਫ਼ਲਤਾ ਹਾਸਿਲ ਕਰਨ ‘ਚ ਕਾਮਯਾਬ ਨਹੀਂ ਹੋਈਆਂ। ਅਜਿਹੇ ‘ਚ ਉਸ ਨੂੰ ਆਪਣੀ ਇਸ ਫ਼ਿਲਮ ਤੋਂ ਕਾਫ਼ੀ ਉਮੀਦਾਂ ਹੋਣਗੀਆਂ। ਦੂਜੇ ਪਾਸੇ, ਦਰਸ਼ਕਾਂ ਲਈ ਇਸ ਨਵੀਂ ਜੋੜੀ ਨੂੰ ਇਕੱਠਿਆਂ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕਰੀਨਾ ਤੇ ਸਿਧਾਰਥ ਦੀ ਜੋੜੀ ਪਰਦੇ ‘ਤੇ ਕੋਈ ਕਮਾਲ ਦਿਖਾਉਣ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।