ਸਰਦੀਆਂ ਆ ਗਈਆਂ ਹਨ ਅਤੇ ਮੂੰਗਫ਼ਲੀ ਦਾ ਵੀ ਮੌਸਮ ਆ ਗਿਆ ਹੈ। ਮੂੰਗਫ਼ਲੀ ਉਂਝ ਤਾਂ ਸਾਰਾ ਸਾਲ ਹੀ ਮਿਲਦੀ ਹੁੰਦੀ ਹੈ ਪਰ ਸਰਦੀਆਂ ਵਿੱਚ ਭਾਰਤੀ ਲੋਕ ਇਸ ਨੂੰ ਵਧੇਰੇ ਪਸੰਦ ਕਰਦੇ ਹਨ। ਲੋਹੜੀ ਦੇ ਤਿਉਹਾਰ ਨਾਲ ਇਸ ਦੀ ਵਿਸ਼ੇਸ਼ ਸਾਂਝ ਹੈ। ਮੂੰਗਫ਼ਲੀ ਸਿਹਤ ਲਈ ਪੋਸ਼ਟਿਕ-ਤੱਤਾਂ ਨਾਲ ਭਰਪੂਰ ਹੁੰਦੀ ਹੈ।
1. ਮਨੁੱਖ ਲਈ ਲੋੜੀਂਦੀ ਚਰਬੀ ਅਤੇ ਪ੍ਰੋਟੀਨ ਦਾ ਇੱਕ ਉੱਤਮ ਸਰੋਤ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਮਾਸ ਨਾਲੋਂ 1.3 ਗੁਣਾ, ਆਂਡਿਆਂ ਨਾਲੋਂ ਤਕਰੀਬਨ 2.5 ਗੁਣਾ ਅਤੇ ਫ਼ਲਾਂ ਨਾਲੋਂ ਕਰੀਬ 8 ਗੁਣਾ ਹੁੰਦੀ ਹੈ। 100 ਗ੍ਰਾਮ ਕੱਚੀ ਮੂੰਗਫ਼ਲੀ ਵਿੱਚ 1 ਲਿਟਰ ਦੁੱਧ ਜਿੰਨਾ ਪ੍ਰੋਟੀਨ ਹੁੰਦਾ ਹੈ।
2. ਮੂੰਗਫ਼ਲੀ ਵਿੱਚ ਕਾਰਬੋਹਾਈਡਰੇਟਸ, ਵਿਟਾਮਿਨ ‘ਬੀ’, ‘ਸੀ’, ‘ਈ’ ਅਤੇ ‘ਕੇ’ ਹੁੰਦੇ ਹਨ। ਇਸ ਕਾਰਨ ਮੂੰਗਫ਼ਲੀ ਇੱਕ ਵਧੀਆ ਭੋਜਨ ਮੰਨੀ ਜਾਂਦੀ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ, ਪਾਚਨ ਸ਼ਕਤੀ ਵਧਾਉਂਦੀ ਹੈ ਅਤੇ ਸਰਦੀਆਂ ਵਿੱਚ ਠੰਢ ਤੋਂ ਬਚਾਉਂਦੀ ਹੈ। ਇਹ ਫ਼ੇਫ਼ੜਿਆਂ ਨੂੰ ਤਾਕਤ ਦਿੰਦੀ ਹੈ
3. ਇਹ ਦਿਲ ਲਈ ਵਧੀਆ ਹੁੰਦੀ ਹੈ। ਮੂੰਗਫ਼ਲੀ ਵਿੱਚ ਐਂਟੀਆਕਸੀਡੈਂਟ ਹੋਣ ਕਾਰਨ ਇਹ ਬੁਢਾਪੇ ਵਾਲੇ ਲੱਛਣ ਜਿਵੇਂ ਕਿ ਚਮੜੀ ‘ਤੇ ਝੁਰੜੀਆਂ ਪੈਣਾ ਅਤੇ ਦਿਮਾਗੀ ਸਮਝ ਸਬੰਧੀ ਹੋਰ ਸਮੱਸਿਆਵਾਂ ਪੈਦਾ ਹੋਣ ਦੀ ਕਿਰਿਆ ਧੀਮੀ ਕਰਦੀ ਹੈ।
4. ਮੂੰਗਫ਼ਲੀ ਵਿੱਚ ਚਰਬੀ ਵਧੀਆ ਮਾਤਰਾ ਵਿੱਚ ਹੋਣ ਕਾਰਨ ਇਹ ਕਬਜ਼ ਰੋਕਣ ਵਿੱਚ ਕਾਫ਼ੀ ਮਦਦਗਾਰ ਹੋ ਸਕਦੀ ਹੈ। ਮੂੰਗਫ਼ਲੀ ਵਿੱਚਲਾ ਫ਼ਾਸਫ਼ੋਰਸ ਹੱਡੀਆਂ ਨੂੰ ਤਾਕਤ ਦਿੰਦਾ ਹੈ ਅਤੇ ਕੋਸ਼ਿਕਾਵਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਇਸ ਵਿੱਚਲਾ ਤਾਂਬਾ ਨਾੜੀਆਂ, ਹੱਡੀਆਂ ਅਤੇ ਲਾਲ ਰਕਤਾਣੂਆਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦਾ ਹੈ। ਮੈਗਨੀਸ਼ੀਅਮ ਮਾਸ-ਪੇਸ਼ੀਆਂ ਦੇ ਠੀਕ ਕੰਮ ਕਰਨ ਅਤੇ ਸਰੀਰ ਅੰਦਰ ਊਰਜਾ ਪੈਦਾ ਲਈ ਜ਼ਰੂਰੀ ਹੁੰਦਾ ਹੈ।
5. ਮੂੰਗਫ਼ਲੀ ਵਿੱਚ ਦਿਲ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਰੱਖਿਆ ਕਰਦੀ ਹੈ। ਇਸ ਪੱਖੋਂ ਇਸ ਦੀ ਗਿਰੀ ਹੀ ਨਹੀਂ ਸਗੋਂ ਲਾਲ ਛਿਲਕਾ ਵੀ ਕਾਫ਼ੀ ਗੁਣਕਾਰੀ ਹੁੰਦਾ ਹੈ।
6. ਮੂੰਗਫ਼ਲੀ ਵਿੱਚ ਬੀਟਾ-ਸਿਸਟਰੌਲ ਵੀ ਹੁੰਦਾ ਹੈ ਜੋ ਕਿ ਟਿਊਮਰ ਦੇ ਬਣਨ ਤੋਂ ਰੋਕਦਾ ਹੈ। ਮੂੰਗਫ਼ਲੀ ਵਿੱਚਲਾ ਵਿਟਾਮਿਨ ਬੀ-3 ਯਾਦ ਸ਼ਕਤੀ ਵਧਾਉਂਦਾ ਹੈ। ਦਿਮਾਗ਼ ਨੂੰ ਜਾਣ ਵਾਲੀ ਖ਼ੂਨ ਦੀ ਸਪਲਾਈ ਵਿੱਚ 30 ਫ਼ੀਸਦੀ ਤਕ ਦਾ ਵਾਧਾ ਕਰ ਸਕਦਾ ਹੈ। ਦਿਮਾਗ਼ ਨੂੰ ਖ਼ੂਨ-ਸਪਲਾਈ ਵਧਣ ਨਾਲ ਦਿਮਾਗ਼ੀ ਥਕਾਵਟ ਘਟਦੀ ਹੈ ਅਤੇ ਦਿਮਾਗ਼ ਦੀ ਕਾਰਜ-ਸਮਰਥਾ ਵਧਦੀ ਹੈ।
7. ਮੂੰਗਫ਼ਲੀ ਖਾਣ ਨਾਲ ਪਿੱਤੇ ਦੀ ਪੱਥਰੀ ਹੋਣ ਦਾ ਖ਼ਤਰਾ 25 ਫ਼ੀਸਦੀ ਘਟ ਜਾਂਦਾ ਹੈ।
8. ਮੂੰਗਫ਼ਲੀ ਗਰਭਵਤੀ ਔਰਤਾਂ ਲਈ ਵੀ ਕਾਫ਼ੀ ਲਾਹੇਵੰਦ ਹੁੰਦੀ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਮੂੰਗਫ਼ਲੀ ਅਤੇ ਹੋਰ ਗਿਰੀਆਂ ਖਾਂਦੀਆਂ ਹਨ ਉਨਾਂਂ ਦੇ ਬੱਚਿਆਂ ਨੂੰ ਦਮੇ ਵਰਗੇ ਐਲਰਜੀ-ਰੋਗ ਘੱਟ ਹੁੰਦੇ ਹਨ।
9. ਮੂੰਗਫ਼ਲੀ ਵਧ ਰਹੇ ਬੱਚਿਆਂ ਲਈ ਵੀ ਵਧੀਆ ਹੁੰਦੀ ਹੈ। ਇਸ ਵਿੱਚਲੇ ਪ੍ਰੋਟੀਨ, ਚਿਕਨਾਈ, ਖਣਿਜ ਅਤੇ ਵਿਟਾਮਿਨ ਬੱਚਿਆਂ ਦੇ ਵਾਧੇ ਲਈ ਕਾਫ਼ੀ ਜ਼ਰੂਰੀ ਹੁੰਦੇ ਹਨ। ਮੂੰਗਫ਼ਲੀ ਵਿੱਚਲਾ ਰੇਸ਼ੇਦਾਰ ਅੰਸ਼ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ (ਟਾਕਸਿਨਜ਼) ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
10. ਮੂੰਗਫ਼ਲੀ ਦੀ ਕੱਚੀ ਗਿਰੀ ਭੁੰਨੀ ਹੋਈ ਗਿਰੀ ਨਾਲੋਂ ਕੁਝ ਵਧੇਰੇ ਪੌਸ਼ਟਿਕ ਹੁੰਦੀ ਹੈ ਕਿਉਂਕਿ ਭੁੰਨਣ ਨਾਲ ਕੁਝ ਪੌਸ਼ਟਿਕਤਾ ਨਸ਼ਟ ਹੋ ਜਾਂਦੀ ਹੈ।










