ਜਦ ਵੀ ਕੋਈ ਔਰਤ ਜਾਂ ਪੁਰਸ਼ ਭਾਵੁਕਤਾ ਜਿਵੇਂ ਤਨਾਅ, ਖ਼ੁਸ਼ੀ, ਗ਼ਮੀ, ਨਾਮੋਸ਼ੀ, ਸ਼ਰੀਰਕ ਦਰਦ ਮਹਿਸੂਸ ਕਰਦਾ ਹੈ ਤਦ ਕੁਦਰਤੀ ਤੌਰ ਉੱਤੇ ਰੋਣਾ ਆ ਜਾਂਦਾ ਹੈ। ਰੋਣ ਦੀ ਪ੍ਰਕ੍ਰਿਆ ਕੇਵਲ ਮਨੁੱਖ ਜਾਤੀ ਵਿੱਚ ਹੀ ਪਾਈ ਜਾਂਦੀ ਹੈ। ਕੁਝ ਹੋਰ ਥਣਧਾਰੀ ਜੀਵ ਵੀ ਚੀਕਦੇ/ਕੁਰਲਾਉਂਦੇ ਹਨ, ਪ੍ਰੰਤੂ ਉਨ੍ਹਾਂ ਦੇ ਹੰਝੂ ਨਹੀਂ ਨਿਕਲਦੇ।
ਇਹ ਤੱਥ ਵੀ ਸਾਹਮਣੇ ਆਏ ਹਨ ਕਿ ਔਰਤਾਂ, ਪੁਰਸ਼ਾਂ ਤੋਂ ਵੱਧ ਰੋਂਦੀਆਂ ਹਨ। ਇੱਕ ਅਨੁਮਾਨ ਅਨੁਸਾਰ ਔਰਤ ਇੱਕ ਸਾਲ ਵਿਚ ਲਗਭਗ 50 ਵਾਰ ਰੋਂਦੀ ਹੈ ਜਦਕਿ ਪੁਰਸ਼ ਲਗਭਗ 10 ਵਾਰ ਰੋਂਦਾ ਹੈ। ਔਰਤ ਲਗਾਤਾਰ ਛੇ ਮਿੰਟ ਤਕ ਅਤੇ ਪੁਰਸ਼ ਦੋ ਮਿੰਟ ਤਕ ਰੋਂਦਾ ਹੈ।
ਔਰਤਾਂ ਦੇ ਪੁਰਸ਼ਾਂ ਤੋਂ ਵੱਧ ਰੋਣ ਦੇ ਵਿਗਿਆਨਕ ਕਾਰਨ:
1. ਔਰਤਾਂ ਵਿੱਚ ਹੰਝੂਆਂ ਦੀਆਂ ਗੁੱਥੀਆਂ ਪੁਰਸ਼ਾਂ ਦੇ ਮੁਕਾਬਲੇ ਛੋਟੀਆਂ ਹੁੰਦੀਆਂ ਹਨ। ਜ਼ਿਆਦਾ ਹੰਝੂ ਸੰਭਾਲ ਨਹੀਂ ਸਕਦੀਆਂ ਅਤੇ ਹੰਝੂ ਜਲਦੀ ਬਾਹਰ ਆ ਜਾਂਦੇ ਹਨ।
2. ਔਰਤਾਂ ਵਿੱਚ ਰੋਣ ਨੂੰ ਰੋਕਣ ਵਾਲਾ ਹੌਰਮੋਨ ਟੈਸਟੋਸਟਰੋਨ ਪੁਰਸ਼ਾਂ ਦੇ ਮੁਕਾਬਲੇ ਘੱਟ ਹੁੰਦਾ ਹੈ।
3. ਔਰਤਾਂ ਵਿੱਚ ਰੋਣਾ ਲਿਆਉਣ ਵਾਲਾ ਰਸਾਇਣ ਪਰੋਲੈਕਟਿਨ ਜ਼ਿਆਦਾ ਹੁੰਦਾ। ਇੱਕ ਅਨੁਮਾਨ ਅਨੁਸਾਰ ਔਰਤਾਂ ਵਿੱਚ ਇਸ ਦੀ ਦਰ 65 ਪ੍ਰਤੀਸ਼ਤ ਜ਼ਿਆਦਾ ਹੁੰਦੀ ਹੈ।
4. ਸਭਿਆਚਾਰਕ ਪੱਖੋਂ ਵੀ ਸਮਾਜ ਨਰਲਿੰਗ ਅਰਥਾਤ ਲੜਕਿਆਂ/ਪੁਰਸ਼ਾਂ ਨੂੰ ਰੋਂਦਾ ਨਹੀਂ ਵੇਖਣਾ ਚਾਹੁੰਦਾ। ਉਨ੍ਹਾਂ ਨੂੰ ਰੋਣ ਤੋਂ ਬਚਾਅ ਕਰਨ ਲਈ ਪ੍ਰੇਰਦਾ ਹਨ।
ਅੱਖਾਂ ‘ਚੋਂ ਹੰਝੂਆਂ ਦੀਆਂ ਹੇਠ ਲਿਖੀਆਂ ਕਿਸਮਾਂ ਨਿਕਲ ਸਕਦੀਆਂ ਹਨ:
1. ਬੇਮਿਸਾਲ ਹੰਝੂ: ਅੱਖਾਂ ਦੇ ਬਾਹਰਲੇ ਭਾਗ ਅਰਥਾਤ ਕੋਰਨੀਆ ਨੂੰ ਹਰ ਵੇਲੇ ਸਿਲ੍ਹਾ ਰੱਖਣ ਲਈ ਅਤੇ ਨਰੋਈ ਖ਼ੁਰਾਕ ਲਈ ਇਸ ਪ੍ਰਕਾਰ ਦੇ ਹੰਝੂ ਪੈਦਾ ਹੁੰਦੇ ਹਨ। ਸਿਲ੍ਹੀਆਂ ਅੱਖਾਂ ਰਹਿਣ ਨਾਲ ਅੱਖਾਂ ਦੀ ਸੰਭਾਲ ਰਹਿੰਦੀ ਹੈ ਅਤੇ ਹਵਾ ਦੇ ਬੁੱਲ੍ਹੇ/ਮਹੀਨ ਕਣਾ ਤੋਂ ਸੁਰੱਖਿਅਤ ਰਖਦੀ ਹੈ। ਇਨ੍ਹਾਂ ਦੀ ਰਚਨਾ ਸਿਲਾਈ ਦੇ ਸਮਾਨ ਹੁੰਦੀ ਹੈ। ਮੁੱਖ ਤੌਰ ‘ਤੇ ਪਾਣੀ, ਨਮਕ, ਪ੍ਰੋਟੀਨ ਅਤੇ ਐਂਟੀਔਕਸੀਡੈਂਟਸ ਹਰ ਇੱਕ 24 ਘੰਟੇ ਵਿੱਚ ਲਗਭਗ ਇਕ ਗ੍ਰਾਮ ਹੰਝੂ ਪੈਦਾ ਕਰਦਾ ਹੈ।
2. ਰੀਫ਼ਲੈਕਸ ਹੰਝੂ: ਇਹ ਹੰਝੂ ਉਸ ਵੇਲੇ ਪੈਦਾ ਹੁੰਦੇ ਹਨ ਜਦੋਂ ਅੱਖ ਵਿੱਚ ਕੋਈ ਬਾਹਰਲੀ ਵਸਤੂ ਆ ਜਾਵੇ ਜਿਵੇਂ ਮਿੱਟੀ ਦੇ ਕਣ, ਕੋਈ ਮੱਛਰ, ਆਦਿ ਟੀਅਰ ਗੈਸ, ਪਿਆਜ਼ਾਂ ਵਿੱਚੋਂ ਵਾਸਪ, ਮਿਰਚਾਂ ਜਾਂ ਅੱਖ ਵਿੱਚ ਸਾਬਣ ਆਦਿ ਪੈ ਜਾਵੇ ਤਦ ਅੱਖ ਦੀ ਸੁਰੱਖਿਆ ਲਈ ਇਸ ਪ੍ਰਕਾਰ ਦੇ ਹੰਝੂ ਨਿਕਲਦੇ ਹਨ।
3. ਭਾਵਕ ਹੰਝੂ: ਇਸ ਪ੍ਰਕਾਰ ਦੇ ਹੰਝੂ ਕਿਸੇ ਖ਼ਾਸ ਭਾਵੁਕਤਾ ਕਾਰਨ ਜਿਵੇਂ ਗੁੱਸਾ, ਗ਼ਮੀ, ਖ਼ੁਸ਼ੀ, ਸ਼ਰੀਰਕ ਤਕਲੀਫ਼ ਆਦਿ ਵੇਲੇ ਪੈਦਾ ਹੁੰਦੇ ਹਨ। ਇਲ੍ਹਾਂ ਦੀ ਰਚਨਾ ਆਮ ਹੰਝੂਆਂ ਤੋਂ ਵੱਖ ਹੁੰਦੀ ਹੈ।
ਪੁਰਸ਼ ਰੋਂਦੀ ਔਰਤ ਨੂੰ ਵੇਖ ਕੇ ਪਿਘਲ ਕਿਉਂ ਜਾਂਦਾ ਹੈ? ਇਸ ਵਿਸ਼ੇ ਉੱਤੇ ਕਈ ਖੋਜੀਆਂ ਨੇ ਕੰਮ ਕੀਤਾ ਹੈ। 2011 ਵਿੱਚ ਇਸਰਾਈਲ ਦੇ ਇੱਕ ਅਨੁਸਥਾਨੀ ਵਲੋਂ ਇਹ ਪਖ ਪੇਸ਼ ਕੀਤਾ ਗਿਆ ਕਿ ਰੋਂਦੀ ਔਰਤ ਦੇ ਹੰਝੂਆਂ ਵਿੱਚ ਇਕ ਰਸਾਇਣਕ ਸੈਂਟ ਨਿਕਲਦਾ ਹੈ ਜੋ ਪੁਰਸ਼ਾਂ ਉੱਤੇ ਪ੍ਰਭਾਵ ਪਾਉਂਦਾ ਹੈ, ਸਿੱਟੇ ਵਜੋਂ ਪੁਰਸ਼ ਵਿਚਲੇ ਹੌਰਮੋਨਜ਼ ਟੈਸਟੋਸਟਰੋਨ ਦੀ ਮਾਤਰਾ ਘੱਟ ਜਾਂਦੀ ਹੈ। ਇਸ ਦੀ ਕਮੀ ਕਾਰਨ ਪੁਰਸ਼ ਕਮਜ਼ੋਰ ਹੋ ਜਾਂਦਾ ਹੈ।
ਸ੍ਰ. ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ), ਬਰੈਂਪਟਨ (ਕਨੇਡਾ) 647-856-4280










