ਅਭਿਨੇਤਰੀ ਚਿਤਰਾਂਗਦਾ ਆਪਣੀ ਆਉਣ ਵਾਲੀ ਫ਼ਿਲਮ ‘ਬਾਜ਼ਾਰ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਫ਼ਿਲਮ ‘ਚ ਲੀਡ ਅਭਿਨੇਤਾ ਦੇ ਤੌਰ ‘ਤੇ ਸੈਫ਼ ਅਲੀ ਖਾਨ ਦਿਖਾਈ ਦੇਣਗੇ। ਫ਼ਿਲਮ ‘ਚ ਚਿਤਰਾਂਗਦਾ, ਸੈਫ਼ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਫ਼ਿਲਮ ਬਾਰੇ ਗੱਲ ਕੀਤੀ ਅਤੇ ਸੈਫ਼ ਅਲੀ ਖਾਨ ਨਾਲ ਕੰਮ ਕਰਨ ਦੇ ਤਜ਼ਰਬੇ ਨੂੰ ਸਾਂਝਾ ਕੀਤਾ। ਚਿਤਰਾਂਗਦਾ ਨੇ ਕਿਹਾ ਕਿ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਅਸਲ ਜ਼ਿੰਦਗੀ ਨਾਲ ਕਾਫ਼ੀ ਮਿਲਦਾ-ਜੁਲਦਾ ਹੈ। ਉਸਨੇ ਦੱਸਿਆ ਕਿ ਫ਼ਿਲਮ ਦੀ ਸਕ੍ਰਿਪਟ ਨੂੰ ਨਿਰਦੇਸ਼ਕ ਨੇ ਕਾਫ਼ੀ ਵਧੀਆ ਢੰਗ ਨਾਲ ਫ਼ਿਲਮਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦਾ ਨਿਰਦੇਸ਼ਨ ਗੌਰਵ ਚਾਵਲਾ ਕਰ ਰਹੇ ਹਨ। ਸੈਫ਼ ਨਾਲ ਕੰਮ ਕਰਨ ਨੂੰ ਲੈ ਕੇ ਚਿਤਰਾਂਗਦਾ ਨੇ ਕਿਹਾ ਕਿ ਸੈਫ਼ ਦਾ ਕੰਮ ਕਰਨ ਦਾ ਤਰੀਕਾ ਬ੍ਰਿਟਿਸ਼ ਸਟਾਇਲ ਵਾਲਾ ਹੈ। ਉਨ੍ਹਾਂ ਦਾ ਸੁਭਾਅ ਵੀ ਕੁਝ ਅਜਿਹਾ ਹੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੈਫ਼ ਕਾਫ਼ੀ ਐਂਟਰਟੇਨਿੰਗ ਹਨ ਅਤੇ ਸੈੱਟ ‘ਤੇ ਕੰਮ ਕਰਦੇ ਸਮੇਂ ਉਨ੍ਹਾਂ ਨਾਲ ਕਾਫ਼ੀ ਮਜ਼ਾ ਆਉਂਦਾ ਹੈ। ਜਾਣਕਾਰੀ ਮੁਤਾਬਕ ਇਸ ਫ਼ਿਲਮ ਤੋਂ ਇਲਾਵਾ ਚਿਤਰਾਂਗਦਾ ਫ਼ਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ਦੇ ਅਗਲੇ ਭਾਗ ‘ਚ ਨਜ਼ਰ ਆ ਸਕਦੀ ਹੈ।











