ਨਵੀਂ ਦਿੱਲੀ : ਜਿਸਤ-ਟਾਂਕ ਫਾਰਮੂਲੇ ਵਿਚ ਦੋ-ਪਹੀਆ ਵਾਹਨਾਂ ਨੂੰ ਮਿਲੀ ਰਾਹਤ ਖਤਮ ਕੀਤੀ ਜਾ ਸਕਦੀ ਹੈ। ਯਾਨੀ ਦਿੱਲੀ ਵਿਚ 1 ਜਨਵਰੀ ਤੋਂ ਲਾਗੂ ਹੋਣ ਵਾਲੇ ਕਾਰ ਫਾਰਮੂਲੇ ਵਿਚ ਕੁਝ ਦਿਨਾਂ ਬਾਅਦ ਸਕੂਟਰ ਮੋਟਰ ਸਾਈਕਲ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇੱਕ ਟੀਵੀ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਆਦਰਸ਼ ਸ਼ਾਸਤਰੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ।
ਉਧਰ, ਜਿਸਤ-ਟਾਂਕ ਫਾਰਮੂਲੇ ਲਈ ਤਿਆਰੀਆਂ ਆਪਣੇ ਆਖਰੀ ਪੜਾਅ ‘ਤੇ ਹਨ। ਭਲਕੇ 30 ਦਸੰਬਰ ਨੂੰ ਦਿੱਲੀ ਸਰਕਾਰ ਡਰਾਈ-ਰਨ ਕਰਨ ਵਾਲੀ ਹੈ। ਇਸ ਦੌਰਾਨ ਸਰਕਾਰ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਸਾਰੇ ਕਾਇਦੇ ਕਾਨੂੰਨਾਂ ਨੂੰ ਅਮਲ ਵਿਚ ਲਿਆਉਣ ਲਈ ਇੰਤਜ਼ਾਮਾਂ ਨੂੰ ਪਰਖੇਗੀ।
ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਸਤ-ਟਾਂਕ ਕਰਕੇ ਯਾਤਰੀਆਂ ਨੂੰ ਦਿੱਕਤ ਨਾ ਹੋਵੇ, ਇਸ ਲਈ ਦਿੱਲੀ ਐਨਸੀਆਰ ਵਿਚ ਤਿੰਨ ਹਜ਼ਾਰ ਵਾਧੂ ਬੱਸਾਂ ਚਲਾਈਆਂ ਜਾਣਗੀਆਂ। ਇਹੀ ਨਹੀਂ ਇਸ ਦੌਰਾਨ ਮੈਟਰੋ ਵੀ ਵੱਧ ਫੇਰੇ ਲਾਏਗੀ।















