ਜਲੰਧਰ : ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੁੰਦਿਆਂ ਹੀ ਭੁਲੱਥ ‘ਚ ਕਈ ਕਾਂਗਰਸੀ ਦਾਅਵੇਦਾਰ ਉੱਭਰ ਕੇ ਸਾਹਮਣੇ ਆਏ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਖਹਿਰਾ ਦੇ ਪਾਰਟੀ ‘ਚ ਰਹਿੰਦਿਆਂ ਇਨ੍ਹਾਂ ਦਾਅਵੇਦਾਰਾਂ ਨੂੰ ਉਭਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਹੁਣ ਖਹਿਰਾ ਦੇ ਪਾਰਟੀ ਛੱਡਦੇ ਹੀ ਦਾਅਵੇਦਾਰ ਅੱਗੇ ਆ ਕੇ ਆਪਣੇ ਦਾਅਵੇ ਠੋਕਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਕਾਂਗਰਸੀ ਆਗੂਆਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਉਹ ਭੁਲੱਥ ਹਲਕੇ ਨੂੰ ਇੱਕ ਵਧੀਆ ਉਮੀਦਵਾਰ ਦੇਣਗੇ, ਜੋ ਕਿ ਸਾਰਿਆਂ ਨੂੰ ਪ੍ਰਵਾਨ ਹੋਵੇ।
ਇਸੇ ਦਰਮਿਆਨ 25 ਦਸੰਬਰ ਨੂੰ ਭੁਲੱਥ ‘ਚ ਆਲ ਇੰਡੀਆ ਜੱਟ ਸਭਾ ਦੇ ਪ੍ਰਧਾਨ ਅਤੇ ਲੋਕ ਸੰਮਤੀ ਮੈਂਬਰ ਪ੍ਰੀਤਮ ਸਿੰਘ ਚੀਮਾ ਨੇ ਆਪਣੀ ਰਿਹਾਇਸ਼ ‘ਚ ਕਾਂਗਰਸੀ ਵਰਕਰਾਂ ਦੀ ਬੈਠਕ ਕੀਤੀ, ਜਿਸ ‘ਚ ਹਮੀਰਾਂ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ, ਸਾਬਕਾ ਸਰਪੰਚ ਖਜ਼ਾਨ ਸਿੰਘ ਢਿੱਲੋਂ, ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਵੇਦ ਪ੍ਰਕਾਸ਼, ਹਮੀਰਾ ਨਵੀਂ ਆਬਾਦੀ ਦੇ ਸਰਪੰਚ ਹਰਗੋਬਿੰਦ , ਪਰਮਜੀਤ ਸਿੰਘ ਢਿੱਲੋਂ, ਅਰੁਣ ਸ਼ਰਮਾ ਮੁਰਾਰ ਆਦਿ ਨੇ ਹਿੱਸਾ ਲਿਆ।
ਬੈਠਕ ‘ਚ ਇਨ੍ਹਾਂ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਕੋਈ ਵੀ ਕਾਂਗਰਸੀ ਖਹਿਰਾ ਦੇ ਨਾਲ ਨਹੀਂ ਜਾਵੇਗਾ। ਚੀਮਾ ਨੇ ਕਿਹਾ ਕਿ ਕੈਪਟਨ ਜੋ ਵੀ ਕਾਂਗਰਸੀ ਆਗੂ ਦੇਣਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸੇ ਤਰ੍ਹਾਂ ਕਾਂਗਰਸੀ ਆਗੂ ਅਵਤਾਰ ਸਿੰਘ ਵਾਲੀਆ ਵੀ ਭੁਲੱਥ ‘ਚ ਸਰਗਰਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨਾਲ ਜੋ ਵੀ ਆਗੂ ਜਾਣਗੇ, ਉਹ ਉਸ ਦੇ ਨੇੜਲੇ ਰਿਸ਼ਤੇਦਾਰ ਜਾਂ ਉਸ ਦੇ ਮਿੱਤਰ ਹੋਣਗੇ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਪਾਰਟੀ ਆਗੂ ਖਹਿਰਾ ਨਾਲ ਨਹੀਂ ਜਾਵੇਗਾ। ਪਾਰਟੀ ਇਕੱਠੀ ਰਹੇਗੀ ਅਤੇ ਅਗਲੀਆਂ ਚੋਣਾਂ ‘ਚ ਜਿੱਤਣ ਦੀ ਕੋਸ਼ਿਸ਼ ਵੀ ਕਰੇਗੀ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਕਪੂਰਥਲਾ ਜ਼ਿਲੇ ‘ਚ ਪਾਰਟੀ ਹੁਣ ਪੂਰੀ ਤਰ੍ਹਾਂ ਇੱਕਜੁੱਟ ਹੈ।
ਹੁਣ ਕਿਉਂਕਿ ਚੋਣ ਜੰਗ ਸ਼ੁਰੂ ਹੋ ਗਈ ਹੈ, ਇਸ ਲਈ ਕਪੂਰਥਲਾ ਦੇ ਕਾਂਗਰਸੀ ਆਗੂ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਭੁਲੱਥ ਦਾ ਦੌਰਾ ਕਰਨ, ਜਿਸ ‘ਚ ਭੁਲੱਥ ਦੇ ਕਾਂਗਰਸੀ ਆਗੂਆਂ ਨੂੰ ਵੱਡੀ ਗਿਣਤੀ ‘ਚ ਸੱਦ ਕੇ ਉਨ੍ਹਾਂ ਦੇ ਵਿਚਾਰ ਸੁਣੇ ਜਾਣ ਅਤੇ ਇਸ ਦੇ ਮਗਰੋਂ ਭੁਲੱਥ ਦੀ ਪ੍ਰਤੀਨਿਧਤਾ ਕਰਨ ਵਾਲਾ ਨਵਾਂ ਆਗੂ ਦਿੱਤਾ ਜਾ ਸਕੇ।















