ਚੰਡੀਗੜ੍ਹ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਤੋਂ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।
ਅੱਜ ਇੱਥੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ 10 ਦਿਨ ਪਹਿਲਾਂ ਦਿੱਤੇ ਅਸਤੀਫੇ ਦਾ ਮਾਮਲਾ ਅੱਜ ਰਾਹੁਲ ਗਾਂਧੀ ਨਾਲ ਵਿਚਾਰਿਆ ਗਿਆ ਜਿਸ ਤੋਂ ਬਾਅਦ ਇਸ ਨੂੰ ਪ੍ਰਵਾਨ ਕਰਨ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਅਗਲੇਰੀਆਂ ਲੋੜੀਂਦੀਆਂ ਰਸਮਾਂ ਲਈ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੁਣ ਰਾਜਪਾਲ ਨੂੰ ਭੇਜਿਆ ਜਾਵੇਗਾ।
ਆਪਣੇ ਅਸਤੀਫੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਕਿ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਦੇ ਕਾਰੋਬਾਰ ਨਾਲ ਨਹੀਂ ਜੁੜੇ ਹੋਏ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਛਿੜੇ ਵਿਵਾਦ ਕਾਰਨ ਪਾਰਟੀ ਦੇ ਹਿੱਤ ਵਿਚ ਅਸਤੀਫਾ ਦੇਣ ਦਾ ਰਾਹ ਚੁਣਿਆ। ਉਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵਲੋਂ ਕੀਤੇ ਚੰਗੇ ਕੰਮਾਂ ਵਿੱਚ ਉਹ ਰੁਕਾਵਟ ਪੈਣ ਦਾ ਮਸਲਾ ਨਹੀਂ ਖੜਾ ਹੋਣ ਦੇਣਾ ਚਾਹੁੰਦੇ ਜਿਸ ਕਰਕੇ ਉਨਾਂ ਨੇ ਆਪਣੀ ਪਾਰਟੀ ਦੇ ਹਿੱਤ ਵਿੱਚ ਅਸਤੀਫਾ ਦਿੱਤਾ।















