ਨਿਊ ਜ਼ੀਲੈਂਡ ਨੇ ਦੂਜਾ ਟੈਸਟ 240 ਦੌੜਾਂ ਨਾਲ ਜਿੱਤਿਆ

ਹੈਮਿਲਟਨ: ਨੀਲ ਵੈਗਨਰ ਦੇ ਸ਼ਾਨਦਾਰ ਗੇਂਦਬਾਜ਼ੀ ਸਪੈੱਲ ਦੀ ਬਦੌਲਤ ਮੇਜ਼ਬਾਨ ਨਿਊਜ਼ੀਲੈਂਡ ਨੇ ਅੱਜ ਇਥੇ ਦੂਜੇ ਟੈਸਟ ਵਿੱਚ ਵੈਸਟ ਇੰਡੀਜ਼ ਨੂੰ 240 ਦੌੜਾਂ ਨਾਲ ਹਰਾ ਕੇ ਲੜੀ ਆਪਣੇ ਨਾਂ ਕਰ ਲਈ ਹੈ। ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਨਾਬਾਦ 107 ਦੌੜਾਂ ਬਣਾਉਣ ਵਾਲੇ ਰੋਸ ਟੇਲਰ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਜਿੱਤ ਲਈ ਮਿਲੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਚੌਥੇ ਦਿਨ ਚਾਹ ਦੇ ਸਮੇਂ ਤਕ ਚਾਰ ਵਿਕਟਾਂ ਦੇ ਨੁਕਸਾਨ ਨਾਲ 203 ਦੌੜਾਂ ਹੀ ਬਣਾ ਸਕੀ। ਮਹਿਮਾਨ ਟੀਮ ਲਈ ਰੋਸਟਨ ਚੇਜ਼ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਕੇਮਰ ਰੋਚ ਤੇ ਰੇਮਨ ਰਾਈਫ਼ਰ ਨੇ ਕ੍ਰਮਵਾਰ 32 ਤੇ 29 ਦੌੜਾਂ ਦਾ ਯੋਗਦਾਨ ਪਾਇਆ। ਵਿੰਡੀਜ਼ ਬੱਲੇਬਾਜ਼ ਸੁਨੀਲ ਅੰਬਰੀਸ਼ (ਨਾਬਾਦ 5 ਦੌੜਾਂ) ਸੱਟ ਲੱਗਣ ਕਰਕੇ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਿਆ ਤੇ ਉਸ ਨੂੰ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਮੇਜ਼ਬਾਨ ਟੀਮ ਲਈ ਵੈਗਨਰ ਨੇ ਤਿੰਨ ਜਦਕਿ ਟਿਮ ਸਾਊਦੀ, ਟਰੈਂਟ ਬੋਲਟ ਤੇ ਮਿਸ਼ੇਲ ਸੈਂਟਨਰ ਨੇ ਦੋ ਦੋ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਪਹਿਲਾ ਟੈਸਟ ਪਾਰੀ ਦੇ ਫ਼ਰਕ ਨਾਲ ਜਿੱਤਿਆ ਸੀ। ਵੈਗਨਰ ਨੇ ਦੂਜੀ ਪਾਰੀ ਵਿੱਚ ਤਿੰਨ ਵਿਕਟ ਲਏ ਤੇ ਉਸ ਦੀ ਗੇਂਦ ‘ਤੇ ਹੀ ਅੰਬਰੀਸ਼ ਨੂੰ ਬਾਂਹ ‘ਤੇ ਸੱਟ ਲੱਗਣ ਕਰਕੇ ਹਸਪਤਾਲ ਜਾਣਾ ਪਿਆ। ਇਕ ਹੋਰ ਵੈਸਟ ਇੰਡੀਅਨ ਬੱਲੇਬਾਜ਼ ਸ਼ਾਈ ਹੋਪ ਨੂੰ ਵੀ ਵੈਗਨਰ ਦੀ ਗੇਂਦ ਲੱਗਣ ਕਰਕੇ ਫ਼ਸਟ ਏਡ ਲੈਣੀ ਪਈ ਸੀ।