ਭੁਵਨੇਸ਼ਵਰ : ਇਥੇ ਕਾਲਿੰਗਾ ਸਟੇਡੀਅਮ ਵਿੱਚ ਅੱਜ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਗੋਲਾਂ ਨਾਲ ਹਰਾ ਕੇ ਹਾਕੀ ਵਿਸ਼ਵ ਲੀਗ (ਐਚਡਬਲਿਊਐਲ) ਦੇ ਖ਼ਿਤਾਬ ਉਤੇ ਮੁੜ ਕਬਜ਼ਾ ਕਰ ਲਿਆ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।ਅੱਠ ਮੁਲਕਾਂ ਦੇ ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਨੇ ਵਿਸ਼ਵ ਦੀਆਂ ਦੋ ਬਿਹਤਰੀਨ ਟੀਮਾਂ ਵਿੱਚਾਲੇ ਖੇਡੇ ਗਏ ਫ਼ਾਈਨਲ ਮੈਚ ਨੂੰ ਸਾਹ ਰੋਕ ਕੇ ਦੇਖਿਆ। ਖ਼ਿਤਾਬੀ ਮੁਕਾਬਲੇ ਵਿੱਚ ਆਸਟਰੇਲੀਆ ਵਲੋਂ ਪੈਨਲਟੀ ਕਾਰਨਰਾਂ ਉਤੇ ਜੇਰੇਮੀ ਹੇਅਵਰਡ ਨੇ 17ਵੇਂ ਮਿੰਟ ਅਤੇ ਬਲੇਕ ਗੋਵਰਜ਼ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਵਲੋਂ ਇਕਲੌਤਾ ਗੋਲ ਅਗਸਟਿਨ ਬੁਗੈਲੋ ਨੇ ਮੈਚ ਦੇ 18ਵੇਂ ਮਿੰਟ ਵਿੱਚ ਕੀਤਾ।
ਇਸ ਤੋਂ ਪਹਿਲਾ ਭਾਰਤੀ ਹਾਕੀ ਟੀਮ ਨੇ ਅੱਜ ਫ਼ਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੀ ਜਰਮਨੀ ਦੀ ਟੀਮ ਨੂੰ 2-0 ਨਾਲ ਹਰਾ ਕੇ ਹਾਕੀ ਵਿਸ਼ਵ ਲੀਗ ਫ਼ਾਈਨਲਜ਼ ‘ਚ ਕਾਂਸੀ ਦਾ ਤਗ਼ਮਾ ਬਰਕਰਾਰ ਰੱਖਿਆ ਹੈ। ਭਾਰਤ ਲਈ ਐਸਵੀ ਸੁਨੀਲ (21ਵਾਂ) ਤੇ ਹਰਮਨਪ੍ਰੀਤ ਸਿੰਘ (54ਵਾਂ) ਨੇ ਗੋਲ ਕੀਤੇ ਜਦਕਿ ਜਰਮਨੀ ਵਲੋਂ ਇੱਕਲੌਤਾ ਗੋਲ ਮਾਰਕ ਐਪੇਲ ਨੇ ਕੀਤਾ, ਜੋ ਮੂਲ ਤੌਰ ‘ਤੇ ਗੋਲਕੀਪਰ ਹੈ, ਪਰ ਅੱਜ ਸੈਂਟਰ ਫ਼ਾਰਵਰਡ ਖੇਡਣ ਲਈ ਮਜਬੂਰ ਸੀ।
ਜਰਮਨੀ ਦੇ ਖਿਡਾਰੀਆਂ ਦੀ ਫ਼ਿਟਨੈੱਸ ਦੀਆਂ ਸਮੱਸਿਆਵਾਂ ਕਾਰਨ ਉਸ ਨੂੰ ਆਪਣੀ ਬੈਂਚ ਸਟ੍ਰੈਂਥ ਨਾਲ ਉੱਤਰਨਾ ਪਿਆ। ਭਾਰਤ ਨੇ ਪਿਛਲੀ ਵਾਰ ਰਾਏਪੁਰ ‘ਚ ਹੋਏ ਟੂਰਨਾਮੈਂਟ ‘ਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਮੀਂਹ ਕਾਰਨ ਪ੍ਰਭਾਵਿਤ ਸੈਮੀ ਫ਼ਾਈਨਲ ‘ਚ ਅਰਜਨਟੀਨਾ ਤੋਂ ਇੱਕ ਗੋਲ ਨਾਲ ਹਾਰਨ ਮਗਰੋਂ ਭਾਰਤ ਨੇ ਅੱਜ ਬਿਹਤਰ ਪ੍ਰਦਰਸ਼ਨ ਕੀਤਾ, ਪਰ ਸਮੇਂ ਨੇ ਜਰਮਨੀ ਦਾ ਸਾਥ ਨਹੀਂ ਦਿੱਤਾ ਜਿਸ ਲਈ 11 ਖਿਡਾਰੀ ਵੀ ਮੈਦਾਨ ‘ਤੇ ਉਤਾਰਨੇ ਮੁਸ਼ਕਿਲ ਹੋ ਗਏ ਸੀ। ਉਸ ਦੇ ਚਾਰ ਖਿਡਾਰੀਆਂ ਨੂੰ ਸੈਮੀ ਫ਼ਾਈਨਲ ਤੋਂ ਪਹਿਲਾਂ ਹੀ ਬੁਖ਼ਾਰ ਹੋ ਗਿਆ ਸੀ। ਇਸ ਮੈਚ ‘ਚ ਜਰਮਨੀ ਨੂੰ ਸੱਤ ਪੈਨਲਟੀ ਕਾਰਨਰ ਮਿਲੇ, ਪਰ ਉਹ ਇੱਕ ਨੂੰ ਵੀ ਗੋਲ ‘ਚ ਤਬਦੀਲ ਨਾ ਕਰ ਸਕੀ। ਭਾਰਤੀ ਕੋਚ ਮਾਰੀਨੇ ਨੇ ਕਿਹਾ ਕਿ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਕਾਮਨ ਵੈਲਥ, ਹਾਕੀ ਵਿਸ਼ਵ ਕੱਪ ਤੇ ਏਸ਼ਿਆਈ ਖੇਡਾਂ ਲਈ ਤਿਆਰੀ ਸ਼ੁਰੂ ਕੀਤੀ ਜਾਵੇਗੀ।















