ਆਪਣੇ ਕੱਦ ਉੱਤੇ ਨਾਜ਼ ਹੈ ਪ੍ਰਾਚੀ ਨੂੰ

ਪ੍ਰਸਿੱਧ ਟੀਵੀ ਲੜੀਵਾਰ ‘ਦੀਆ ਔਰ ਬਾਤੀ ਹਮ’ ਵਿੱਚ ਅਹਿਮ ਕਿਰਦਾਰ ਨਿਭਾ ਕੇ ਚਰਚਾ ਵਿੱਚ ਆਈ ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਪ੍ਰਾਚੀ ਤਹਿਲਾਨ ਨੇ ਬਾਅਦ ਵਿੱਚ ਫ਼ਿਲਮਾਂ ਵੱਲ ਰੁਖ਼ ਕੀਤਾ। ਉਸ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਵਿੱਚ ਹੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਭਾਵੇਂ ਉਸ ਦੀ ਪਹਿਲੀ ਪੰਜਾਬੀ ਫ਼ਿਲਮ ‘ਅਰਜਣ’ ਟਿਕਟ ਖਿੜਕੀ ਉੱਤੇ ਸੁਪਰਹਿੱਟ ਨਹੀਂ ਰਹੀ, ਪਰ ਪ੍ਰਾਚੀ ਦੇ ਕਰੀਅਰ ਨੇ ਰਫ਼ਤਾਰ ਫ਼ੜ ਲਈ ਹੈ। ਛੋਟੇ ਅਤੇ ਵੱਡੇ ਪਰਦੇ ਵਿੱਚ ਕੋਈ ਫ਼ਰਕ ਨਾ ਰੱਖਣ ਕਾਰਨ ਉਹ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ ਅਤੇ ਛੋਟੇ ਪਰਦੇ ਉੱਤੇ ਵੀ। ਉਸ ਦੀ ਦੂਜੀ ਪੰਜਾਬੀ ਫ਼ਿਲਮ ‘ਬਾਈਲਾਰਸ’ ਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ। ਬਹਰਹਾਲ, ਟੀਵੀ ਲੜੀਵਾਰ ‘ਇਕਿਆਵਨ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਪ੍ਰਾਚੀ ਦੀ ਝੋਲੀ ਕੁਝ ਫ਼ਿਲਮਾਂ ਵੀ ਪਈਆਂ ਹਨ। ਪੇਸ਼ ਹਨ ਪ੍ਰਾਚੀ ਤਹਿਲਾਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਤੁਸੀਂ ਅਦਾਕਾਰੀ ਦੀ ਸ਼ੁਰੂਆਤ ਟੀਵੀ ‘ਤੇ ਹਿੰਦੀ ਲੜੀਵਾਰ ਤੋਂ ਕੀਤੀ। ਹੁਣ ਤੁਸੀਂ ਕਈ ਭਾਸ਼ਾਵਾਂ ਵਿੱਚ ਵੱਖ ਵੱਖ ਮਾਧਿਅਮਾਂ ਉੱਤੇ ਕੰਮ ਕਰ ਰਹੇ ਹੋ?
– ਵੇਖੋ, ਅਦਾਕਾਰੀ ਤਾਂ ਸਿਰਫ਼ ਅਦਾਕਾਰੀ ਹੁੰਦੀ ਹੈ ਚਾਹੇ ਮਾਧਿਅਮ ਅਤੇ ਭਾਸ਼ਾ ਕੋਈ ਵੀ ਕਿਉਂ ਨਾ ਹੋਵੇ। ਇੱਕ ਕਲਾਕਾਰ ਨੇ ਦਿੱਤੇ ਗਏ ਕਿਰਦਾਰ ਵਿੱਚ ਸਿਰਫ਼ ਆਪਣੀ ਪ੍ਰਤਿਭਾ ਦਾ ਰੰਗ ਭਰਨਾ ਹੁੰਦਾ ਹੈ। ਅਦਾਕਾਰੀ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇਸ ਲਈ ਮੈਨੂੰ ਹਿੰਦੀ, ਪੰਜਾਬੀ ਜਾਂ ਦੱਖਣੀ ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ।
– ਤੁਹਾਡੀ ਦੂਜੀ ਪੰਜਾਬੀ ਫ਼ਿਲਮ ‘ਬਾਈਲਾਰਸ’ ਹਿੱਟ ਰਹੀ। ਇਸ ਬਾਰੇ ਕੀ ਕਹੋਗੇ?
– ਕਮਯਾਬੀ ਹਮੇਸ਼ਾਂ ਹੌਸਲਾ ਦਿੰਦੀ ਹੈ। ਸੋ ‘ਬਾਈਲਾਰਸ’ ਦੇ ਹਿੱਟ ਹੋਣ ਨਾਲ ਬੇਹੱਦ ਖ਼ੁਸ਼ ਹਾਂ। ਉਂਜ, ਇਸ ਨੇ ਹਿੱਟ ਹੋਣਾ ਹੀ ਸੀ ਕਿਉਂਕਿ ਇਸ ਦੀ ਕਹਾਣੀ ਅਨੂਠੀ ਸੀ ਜੋ ਸਿਰਫ਼ ਦੋ ਮੁੱਖ ਕਿਰਦਾਰਾਂ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਸੋਨਾਲੀ ਨਾਂ ਦੀ ਸਿੱਧੀ-ਸਾਦੀ ਮਾਡਲ ਅਦਾਕਾਰਾ ਅਤੇ ਜੱਗਾ ਨਾਂ ਦੇ ਨੌਜਵਾਨ ਕਿਸਾਨ ਦੀ ਪ੍ਰੇਮ ਕਹਾਣੀ ਹੈ।
– ਤੁਹਾਡੀ ਪਹਿਲੀ ਪੰਜਾਬੀ ਫ਼ਿਲਮ ‘ਅਰਜਣ’ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਇਸ ਦਾ ਅਫ਼ਸੋਸ ਵੀ ਹੈ?
– ਬਿਲਕੁਲ ਨਹੀਂ ਕਿਉਂਕਿ ‘ਅਰਜਣ’ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨਾਲ ਮੁੱਖ ਭੂਮਿਕਾ ਨਿਭਾਉਣਾ ਮੇਰੇ ਲਈ ਕਿਸੇ ਵੱਡੀ ਉਪਲੱਬਧੀ ਤੋਂ ਘੱਟ ਨਹੀਂ। ਇਹ ਮੇਰੀ ਪਹਿਲੀ ਫ਼ਿਲਮ ਸੀ। ਇਸ ਲਈ ਇਹ ਕਿਰਦਾਰ ਮੇਰੇ ਲਈ ਕਾਫ਼ੀ ਚੁਣੌਤੀਪੂਰਨ ਵੀ ਸੀ ਕਿਉਂਕਿ ਨਿੰਮੀ ਦਾ ਕਿਰਦਾਰ ਮੇਰੇ ਅਸਲ ਜੀਵਨ ਤੋਂ ਕਾਫ਼ੀ ਵੱਖ ਸੀ। ਮੈਨੂੰ ਇਸ ਫ਼ਿਲਮ ਲਈ ਪੰਜਾਬੀ ਬੋਲਣੀ ਹੀ ਨਹੀਂ ਸਗੋਂ ਗਿੱਧਾ ਪਾਉਣਾ ਵੀ ਸਿੱਖਣਾ ਪਿਆ। ਮੈਂ ਆਪਣੇ ਕਿਰਦਾਰ ਨੂੰ ਜੀਵੰਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਮੇਰੇ ਕੰਮ ਨੂੰ ਲੋਕਾਂ ਨੇ ਪਸੰਦ ਵੀ ਕੀਤਾ। ਮੈਂ ਖ਼ੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਭਲੇ ਹੀ ਟਿਕਟ ਖਿੜਕੀ ਉੱਤੇ ‘ਅਰਜਣ’ ਸੁਪਰਹਿੱਟ ਨਹੀਂ ਰਹੀ, ਪਰ ਇਸ ਫ਼ਿਲਮ ਨੇ ਮੇਰੇ ਕਰੀਅਰ ਨੂੰ ਰਫ਼ਤਾਰ ਅਤੇ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
– ਸਟਾਰ ਪਲੱਸ ਦੇ ਆਉਣ ਵਾਲੇ ਲੜੀਵਾਰ ‘ਇਕਿਆਵਨ’ ਦੀ ਕਹਾਣੀ ਕੀ ਹੈ?
– ਇਸ ਸ਼ੋਅ ਦਾ ਪ੍ਰਸਾਰਣ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਇਹ ਮੇਰੇ ਵਲੋਂ ਨਿਭਾਏ ਜਾ ਰਹੇ ਕਿਰਦਾਰ ਸੁਸ਼ੀਲ ਦੀ ਅਨੂਠੀ ਕਹਾਣੀ ਹੈ ਜਿਸ ਦਾ ਪਾਲਣ-ਪੋਸ਼ਣ ਚਾਰ ਮਰਦ ਮਿਲ ਕੇ ਕਰਦੇ ਹਨ ਅਤੇ ਉਸ ਦਾ ਰਹਿਣ-ਸਹਿਣ ਬਿਲਕੁਲ ਮੁੰਡਿਆਂ ਵਰਗਾ ਹੈ। ਸਮਾਜ ਦੁਆਰਾ ਉਸ ਦਾ ਮਜ਼ਾਕ ਉਡਾਏ ਜਾਣ ਦੇ ਬਾਵਜੂਦ ਉਹ ਕਦੇ ਉਮੀਦ ਨਹੀਂ ਛੱਡਦੀ। ਉਹ ਆਪਣੇ ਪ੍ਰਤੀ ਲੋਕਾਂ ਦੇ ਦਕੀਆਨੂਸੀ ਵਿਚਾਰਾਂ ਨੂੰ ਤੋੜਦੀ ਹੈ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ।
– ਇਸ ਲੜੀਵਾਰ ਵਿੱਚ ਕੰਮ ਕਰਨ ਦਾ ਮੌਕਾ ਤੁਹਾਨੂੰ ਕਿਵੇਂ ਮਿਲਿਆ?
– ਦਰਅਸਲ, ਇਸ ਕਿਰਦਾਰ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸ਼ੋਅ ਦੇ ਨਿਰਮਾਤਾ ਇੱਕ ਜ਼ਿਆਦਾ ਲੰਮੀ ਅਭਿਨੇਤਰੀ ਦੀ ਭਾਲ ਵਿੱਚ ਸਨ। ਇਸ ਕਾਰਨ ਮੈਂ ਉਨ੍ਹਾਂ ਦੀ ਪਹਿਲੀ ਪਸੰਦ ਬਣੀ। ਇਹ ਭੂਮਿਕਾ ਮਿਲਣ ਦਾ ਸਿਹਰਾ ਮੈਂ ਆਪਣੇ ਲੰਮੇ ਕੱਦ ਸਿਰ ਬੰਨ੍ਹਦੀ ਹਾਂ। ਮੈਂ 5 ਫ਼ੁੱਟ 11 ਇੰਚ ਲੰਬੀ ਹਾਂ ਅਤੇ ਬਹੁਤ ਘੱਟ ਲੜਕੀਆਂ ਇੰਨੀਆਂ ਲੰਮੀਆਂ ਹੁੰਦੀਆਂ ਹਨ। ਮੇਰੇ ਵਿੱਚ ਸੁਸ਼ੀਲ ਦੇ ਕਿਰਦਾਰ ਵਰਗੀਆਂ ਸਾਰੀਆਂ ਖ਼ੂਬੀਆਂ ਹਨ। ਉਂਜ ਵੀ, ਜੇ ਕੋਈ ਚੀਜ਼ ਤੁਹਾਡੇ ਹਿੱਸੇ ਆਉਣੀ ਹੁੰਦੀ ਹੈ ਤਾਂ ਉਹ ਤੁਹਾਡੀ ਝੋਲੀ ਵਿੱਚ ਪੈਂਦੀ ਹੀ ਹੈ।
– ਕੀ ਤੁਹਾਨੂੰ ਕਦੇ ਆਪਣੇ ਕੱਦ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ?
– ਨਹੀਂ ਸਗੋਂ ਮੈਨੂੰ ਤਾਂ ਆਪਣੇ ਲੰਮੇ ਕੱਦ ਉੱਤੇ ਨਾਜ਼ ਹੈ। ਅਕਸਰ ਮੇਰੇ ਕੱਦ ਕਾਰਨ ਲੋਕ ਮੇਰੀ ਪ੍ਰਸ਼ੰਸਾ ਕਰਦੇ ਹਨ।
– ਅਦਾਕਾਰੀ ਦੇ ਖੇਤਰ ਵਿੱਚ ਆਉਣ ਮਗਰੋਂ ਕੀ ਹੁਣ ਤੁਸੀਂ ਖੇਡ ਜਗਤ ਨੂੰ ਵੀ ਯਾਦ ਕਰਦੇ ਹੋ?
– ਯਾਦ ਤਾਂ ਕਰਦੀ ਹਾਂ, ਪਰ ਬਹੁਤ ਜ਼ਿਆਦਾ ਨਹੀਂ। ਲੜੀਵਾਰ ‘ਦੀਆ ਔਰ ਬਾਤੀ ਹਮ’ ਰਾਹੀਂ ਗਲੈਮਰ ਨਾਲ ਮੇਰਾ ਰਿਸ਼ਤਾ ਜੁੜਿਆ। ਹੁਣ ਅਦਾਕੀ ਦੀ ਹੀ ਹੋ ਕੇ ਰਹਿ ਜਾਣਾ ਚਾਹੁੰਦੀ ਹਾਂ।
– ਤੁਹਾਨੂੰ ਅਦਾਕਾਰੀ ਦਾ ਊੜਾ ਐੜਾ ਵੀ ਨਹੀਂ ਆਉਂਦਾ ਸੀ ਤਾਂ ਫ਼ਿਰ ਇਸ ਖੇਤਰ ਵਿੱਚ ਖ਼ੁਦ ਨੂੰ ਕਿਵੇਂ ਢਾਲਿਆ?
– ਟੀਵੀ ਸ਼ੋਅ ‘ਦੀਆ ਔਰ ਬਾਤੀ ਹਮ’ ਦੌਰਾਨ ਹੀ ਮੈਂ ਅਦਾਕਾਰੀ ਸਿੱਖੀ। ਇਸ ਲਈ ਰੋਜ਼ ਬਾਰਾਂ ਤੋਂ ਪੰਦਰਾਂ ਘੰਟੇ ਸ਼ੂਟਿੰਗ ਕਰਦੀ ਸੀ। ਸੱਤ ਮਹੀਨੇ ਲਗਾਤਾਰ ਕੰਮ ਕਰਦਿਆਂ ਅਦਾਕਾਰੀ ਸਿੱਖ ਲਈ। ਇਸ ਦਾ ਫ਼ਾਇਦਾ ਹੁਣ ਮਿਲ ਰਿਹਾ ਹੈ।