ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਇਤਫ਼ਾਕ’ ਵਿੱਚ ਸਿਧਾਰਥ ਮਲਹੋਤਰਾ ਨੇ ਅਹਿਮ ਕਿਰਦਾਰ ਨਿਭਾਇਆ ਹੈ। ਪਿਛਲੀਆਂ ਫ਼ਿਲਮਾਂ ਵਿੱਚ ਨਿਭਾਏ ਕਿਰਦਾਰਾਂ ਦੇ ਮੁਕਾਬਲੇ ਉਨ੍ਹਾਂ ਦਾ ਇਹ ਕਿਰਦਾਰ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਨਾਲ ਉਹ ਬੇਹੱਦ ਖੁਸ਼ ਹੈ। ਸਿਧਾਰਥ ਦਾ ਕਹਿਣਾ ਹੈ ਕਿ ਜਿਸ ਫ਼ਿਲਮ ਨੂੰ ਕਰਨ ਲਈ ਮੁੰਬਈ ਆਇਆ ਸੀ, ਉਹ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਮੈਨੁੰ ਕਰਣ ਜੌਹਰ ਨੂੰ ਅਸਿਸਟ ਕਰਨ ਦਾ ਮੌਕਾ ਮਿਲਿਆ। ਇਤਫ਼ਾਕ ਨਾਲ ਹੀ ਉਹ ਮੇਰੀ ਪਹਿਲੀ ਫ਼ਿਲਮ ਦੇ ਡਾਇਰੈਕਟਰ ਵੀ ਬਣੇ ਤੇ ਇਸ ਤੋਂ ਵੀ ਵੱਡਾ ਇਤਫ਼ਾਕ ਇਹ ਹੈ ਕਿ ਜਿਸ ਐਕਟਰ ਦੀ ਫ਼ਿਲਮ ਵਿੱਚ ਮੈਂ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਸੀ, ਅੱਜ ਉਨ੍ਹਾਂ ਦੇ ਪ੍ਰੋਡਕਸ਼ਨ ਵਿੱਚ ਬਣੀ ਫ਼ਿਲਮ ਵਿੱਚ ਐਕਟਿੰਗ ਕੀਤੀ ਹੈ। ਦੱਸਣ ਯੋਗ ਹੈ ਕਿ ਸ਼ਾਹਰੁਖ ਖਾਨ ਨੇ ਕਰਣ ਜੌਹਰ ਦੇ ਨਾਲ ਮਿਲ ਕੇ ‘ਇਤਫ਼ਾਕ’ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਸਿਧਾਰਥ ਨੇ ਸ਼ਾਹਰੁਖ ਦੀ ‘ਮਾਇ ਨੇਮ ਇਜ਼ ਖਾਨ’ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਸੀ। ਸਿਧਾਰਥ ਨੇ ਦੱਸਿਆ, ”ਜਦ ਮੈਂ ‘ਮਾਇ ਨੇਮ ਇਜ਼ ਖਾਨ’ ਵਿੱਚ ਕਰਣ ਜੌਹਰ ਨੂੰ ਅਸਿਸਟ ਕਰ ਰਿਹਾ ਸੀ ਤਾਂ ਮੈਂ ਸ਼ਾਹਰੁਖ ਨੂੰ ਮਿਲਿਆ ਸੀ। ਉਸ ਵਕਤ ਮੇਰੇ ਕੋਲ ਉਨ੍ਹਾਂ ਨਾਲ ਗੱਲ ਕਰਨ ਦੀ ਕੋਈ ਵਜ੍ਹਾ ਨਹੀਂ ਸੀ। ਇੱਕ ਦਿਨ ਸੈੱਟ ‘ਤੇ ਮੈਂ ਬਿਸਕੁਟ ਦਾ ਪੈਕੇਟ ਲੈ ਕੇ ਉਨ੍ਹਾਂ ਕੋਲ ਗਿਆ ਅਤੇ ਪੁੱਛਿਆ ਕਿ ਸਰ, ਕੀ ਤੁਸੀਂ ਬਿਸਕੁਟ ਖਾਓਗੇ? ਉਨ੍ਹਾਂ ਨੇ ਮਨ੍ਹਾ ਕਰ ਦਿੱਤਾ, ਪਰ ਮੇਰੇ ਬੋਲਣ ਦਾ ਸਟਾਈਲ ਦੇਖ ਕੇ ਉਹ ਬੋਲੇ, ਕਿਤੇ ਤੂੰ ਉਹ ਦਿੱਲੀ ਵਾਲਾ ਲੜਕਾ ਤਾਂ ਨਹੀਂ? ਮੈਂ ਜਵਾਬ ਦਿੱਤਾ, ਹਾਂ, ਮੈਂ ਦਿੱਲੀ ਦਾ ਹੀ ਹਾਂ। ਇੰਝ ਮੇਰੀ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਹੋਈ। ਇਸ ਦੇ ਬਾਅਦ ਮੈਂ ਉਨ੍ਹਾਂ ਨੂੰ ਮਿਲਣ-ਜੁਲਣ ਲੱਗਾ। ਮੈਨੂੰ ਕਾਫ਼ੀ ਕੁਝ ਸਿੱਖਣ ਨੂੰ ਵੀ ਮਿਲਿਆ। ਮੈਂ ਸੈੱਟ ‘ਤੇ ਕਲੈਪ ਦਿੱਤਾ ਕਰਦਾ ਸੀ, ਪਰ ਜਦ ਵੀ ਸ਼ੂਟਿੰਗ ਦੇ ਵਿੱਚ ਵਕਤ ਮਿਲਦਾ ਸੀ, ਸ਼ਾਹਰੁਖ ਮੈਨੂੰ ਐਕਟਿੰਗ ਬਾਰੇ ਦੱਸਿਆ ਕਰਦੇ ਸਨ। ਉਹ ਮੇਰੇ ਨਾਲ ਆਪਣੇ ਅਨੁਭਵ ਵੀ ਸ਼ੇਅਰ ਕਰਦੇ ਸਨ। ਜੋ ਵੀ ਮੈਂ ਸਿਖਿਆ ਹੈ, ਫ਼ਿਲਮ ਦੇ ਸੈੱਟ ‘ਤੇ ਹੀ ਸਿਖਿਆ ਹੈ।”











