ਪਰਾਲੀ ਦੇ ਪੱਕੇ ਹੱਲ ਲਈ ਸੰਤ ਸੀਚੇਵਾਲ ਵੱਲੋਂ ਤੀਸਰੀ ਸਾਈਕਲ ਚੇਤਨਾ ਰੈਲੀ

ਸੁਲਤਾਨਪੁਰ ਲੋਧੀ – ਪਰਾਲੀ ਦੇ ਧੂੰਏ ਨਾਲ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਮਚੀ ਹਾਹਾਕਾਰ ਦੇ ਚੱਲਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਾਲੀ ਦੇ ਪੱਕੇ ਪ੍ਰਬੰਧ ਕਰਨ ਲਈ ਸਾਇਕਲਾਂ ‘ਤੇ ਚੇਤਨਾ ਰੈਲੀ ਕੱਢੀ। ਇਸ ਰੈਲੀ ਵਿੱਚ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵੀ ਸ਼ਾਮਿਲ ਹੋਏ। ਇਹ ਸਾਇਕਲ ਰੈਲੀ ਹਰ ਮਸਿਆ ‘ਤੇ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਤੱਕ ਕੱਢੀ ਜਾਂਦੀ ਹੈ ਜਿਹੜੀ ਵੱਖੋਂ ਵੱਖ ਪਿੰਡਾਂ ਵਿੱਚੋਂ ਪਰਾਲੀ ਦੇ ਪੱਕੇ ਪ੍ਰਬੰਧ ਕਰਨ ਦਾ ਹੋਕਾ ਦਿੰਦੀ ਹੋਈ ਲੰਘੀ।ਇਸ ਰੈਲੀ ਵਿੱਚ ੫੦ ਤੋਂ ਵੱਧ ਸਾਇਕਲ ਚਾਲਕ ਸ਼ਾਮਿਲ ਸਨ। ਇੰਨ੍ਹਾਂ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਭਾਰੀ ਉਤਸ਼ਾਹ ਦਿਖਾਇਆ।
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਆਪ ਇਸ ਰੈਲੀ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਪਿੰਡਾਂ ਵਿੱਚੋਂ ਲੰਘਦਿਆ ਕਿਹਾ ਕਿ ਸਾਲ ੨੦੧੯ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਤੱਕ ਇਲਾਕੇ ਨੂੰ ਪਰਾਲੀ ਦੇ ਧੂੰਏ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਕੋਈ ਵੀ ਕਿਸਾਨ ਪਰਾਲੀ ਸਾੜਨ ਦੇ ਹੱਕ ਵਿੱਚ ਨਹੀਂ ਬਸ਼ਰਤੇ ਕਿ ਕਿਸਾਨਾਂ ਨੂੰ ਢੁੱਕਵੇਂ ਪ੍ਰਬੰਧ ਕਰਕੇ ਦਿੱਤੇ ਜਾਣ।ਉਨ੍ਹਾਂ ਕਿਹਾ ਕਿ ਜਿਲ੍ਹਾਂ ਪੱਧਰ ਅਤੇ ਬਲਾਕ ਪੱਧਰ ਦੇ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਪਰਾਲੀ ਨਾ ਸਾੜੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਸਹਿਕਾਰੀ ਸੁਸਾਇਟੀਆਂ ਰਾਹੀ ਅਤੇ ਐਨ.ਆਰ.ਆਈਜ਼ ਦੀ ਮੱਦਦ ਨਾਲ ਨਵੀ ਮਸ਼ੀਨਰੀ ਖ੍ਰੀਦਣ ਦਾ ਪ੍ਰਬੰਧ ਕੀਤਾ ਜਾਵੇਗਾ। ਮਨਰੇਗਾ ਰਾਹੀ ਹਰ ਪਿੰਡ ਦੀ ਪਰਾਲੀ ਇੱਕਠੀ ਕਰਵਾਈ ਜਾ ਸਕਦੀ। ਇਸ ਪਰਾਲੀ ਨੂੰ ਬਾਈਓਮਾਸ ਪਲਾਂਟਾਂ ਅਤੇ ਗਾਊਸ਼ਾਲਵਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਸੰਤ ਸੀਚੇਵਾਲ ਨੇ ਦਾਅਵਾ ਕੀਤਾ ਕਿ ਸਮੁੱਚੇ ਪੰਜਾਬ ਦੀ ਪਰਾਲੀ ਨੂੰ ਸੰਭਾਲਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਬੱਸ ਇੱਛਾ ਸ਼ਕਤੀ ਦੀ ਲੋੜ ਹੈ।
ਸਾਇਕਲ ਰੈਲੀ ਨਿਰਮਲ ਕੁਟੀਆ ਤੋਂ ਚੱਲ ਕੇ ਚੱਕਚੇਲਾ, ਤਾਸ਼ਪੁਰ, ਡੱਲਾ ਸਾਹਿਬ, ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦੀ ਹੋਈ ਨਿਰਮਲ ਕੁਟੀਆ ਪਵਿੱਤਰ ਵੇਈਂ ਵਿਖੇ ਆ ਕੇ ਸਮਾਪਿਤ ਹੋਈ।ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਸੰਤ ਸੀਚੇਵਾਲ ਜੀ ਦਾ ਗੁਰਦੁਆਰਾ ਸਾਹਿਬ ਅਤੇ ਭਾਈ ਲਾਲੋ ਜੀ ਸੰਗੀਤ ਵਿਦਿਆਲਾ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਜੋਗਾ ਸਿੰਘ, ਸੁਲੱਖਣ ਸਿੰਘ, ਤਰਲੋਕ ਸਿੰਘ, ਸਰਪੰਚ ਰਾਜਵੰਤ ਕੌਰ ਸੀਚੇਵਾਲ ਆਦਿ ਹਾਜ਼ਰ ਸਨ।