ਕੈਪਟਨ ਅਮਰਿੰਦਰ ਨੇ ਲੰਬੀ ਪਾਰੀ ਖੇਡਣ ਦੀ ਇੱਛਾ ਪ੍ਰਗਟਾਈ

ਕਿਹਾ, ਸੂਬੇ ਦੀ ਹਾਲਤ ਨੂੰ ਦੇਖ ਕੇ ਬਦਲਾਂਗਾ ਫੈਸਲਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਚੋਣਾਂ ਉਨ੍ਹਾਂ ਦੀਆਂ ਆਖਰੀ ਹਨ ਅਤੇ ਉਹ ਹੋਰ ਚੋਣਾਂ ਨਹੀਂ ਲੜਨਗੇ। ਪਰ ਹੁਣ ਉਨ੍ਹਾਂ ਦੇ ਪਹਿਲੇ ਦਾਅਵੇ ਤੋਂ ਉਲਟ ਉਨ੍ਹਾਂ ਨੇ ਸੂਬੇ ਦੀ ਭਲਾਈ ਲਈ ਲੰਬੀ ਸਿਆਸੀ ਪਾਰੀ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸੂਬੇ ਨੂੰ ਲੀਹਾਂ ‘ਤੇ ਲਿਆਉਣ ਦੀ ਲੋੜ ਪਈ ਤਾਂ ਉਹ ਇਕ ਵਾਰ ਫਿਰ ਸੂਬੇ ਦੀ ਕਮਾਨ ਸੰਭਾਲਣ ਲਈ ਤਿਆਰ ਰਹਿਣਗੇ। ਉਨ੍ਹਾਂ ਕਿਹਾ ਕਿ ਮੇਰਾ ਕਾਰਜਕਾਲ ਜਦੋਂ ਮੁਕੇਗਾ ਤਾਂ ਮੈਂ 80ਵਿਆਂ ਨੂੰ ਢੁੱਕ ਜਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਸੀ ਕਿ ਬਹੁਤ ਹੋ ਗਿਆ ਪਰ ਸੂਬੇ ਦੇ ਹਾਲਾਤ ਨੂੰ ਦੇਖਦਿਆਂ ਮੈਂ ਫ਼ੈਸਲਾ ਬਦਲ ਸਕਦਾ ਹਾਂ।