ਚੰਡੀਗੜ੍ਹ 8 ਨਵੰਬਰ (ਵਿਸ਼ਵ ਵਾਰਤਾ)- ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਪੰਜਾਬ ਪੁਲਿਸ ਨੂੰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਇਸੇ ਲੜੀ ਤਹਿਤ ਕਈ ਹੋਰ ਕਤਲਾਂ ਦੀ ਗੁੱਥੀ ਸੁਲਝਾਉਣ ਲਈ ਵਧਾਈ ਦਿੱਤੀ।
ਆਪਣੇ ਬਿਆਨ ਵਿੱਚ ਸ੍ਰੀ ਬਦਨੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਸਾਡੀ ਪੰਜਾਬ ਪੁਲਿਸ ਦੇ ਸਾਹਮਣੇ ਗੋਡੇ ਟੇਕ ਗਈਆਂ।ਇੱਥੇ ਉਨ੍ਹਾਂ ਨੇ ਉਪਰੋਕਤ ਕਤਲ ਨਾਲ ਸਬੰਧਤ ਚਾਰ ਸ਼ੱਕੀ ਵਿਅਕਤੀਆਂ ਬਾਰੇ ਵੀ ਦੱਸਿਆ।
ਪੰਜਾਬ ਪੁਲਿਸ ਦੀ ਸਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਫੋਰਸ ਨੇ ਬੜੀ ਤਨਦੇਹੀ ਅਤੇ ਸਮਰਪਣ ਨਾਲ ਆਪਣਾ ਕੰਮ ਕੀਤਾ ਅਤੇ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣ ਵਿੱਚ ਕਾਮਯਾਬ ਹੋਈ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਫੋਰਸ ਹਰ ਸਮੇਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਸਵੀਕਾਰਨ ਅਤੇ ਉਸਨੂੰ ਬਹਾਦਰੀ ਨਾਲ ਨਜਿੱਠਣ ਲਈ ਮਸ਼ਹੂਰ ਰਹੀ ਹੈ।
ਸੂਬਾ ਪੁਲਿਸ ਦੀ ਪਿੱਠ ਥਾਪੜਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਜਲਦ ਇਸ ਕਤਲ ਕੇਸ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਲਾਨਾ ਗੁਪਤ ਰਿਪੋਰਟ (ਏ.ਸੀ.ਆਰ)ਵਿੱਚ ਸਲਾਘਾ ਦਾ ਮੱਦ ਸ਼ਾਮਲ ਕੀਤਾ ਜਾਵੇਗਾ।















