ਦੁਨੀਆ ਦਾ ਇਕਲੌਤਾ ਆਲਰਾਊਂਡਰ ਜਿਸ ਦਾ 25 ਹਜ਼ਾਰ ਦੌੜਾਂ ਤੇ 577 ਵਿਕਟਾਂ ਦਾ ਰਿਕਾਰਡ

ਨਵੀਂ ਦਿੱਲੀ ਂ ਵਿਸ਼ਵ ਕ੍ਰਿਕਟ ਵਿੱਚ ਜਦੋਂ ਗੱਲ ਆਲਰਾਊਂਡਰਾਂ ਦੀ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਜ਼ਿਕਰ ਗੈਰੀ ਸੋਬਰਸ, ਕਪਿਲ ਦੇਵ, ਇਯਾਨ ਬਾਥਮ ਅਤੇ ਇਮਰਾਨ ਖਾਨ ਦਾ ਨਾਮ ਆਉਂਦਾ ਹੈ। ਪਰ ਵਿਸ਼ਵ ਕ੍ਰਿਕਟ ਵਿੱਚ ਅਜਿਹਾ ਵੀ ਆਲਰਾਊਂਡਰ ਹੈ, ਜਿਸ ਨੇ ਕੌਮਾਂਤਰੀ ਕ੍ਰਿਕਟ ਵਿੱਚ 25 ਹਜ਼ਾਰ ਤੋਂ ਜ਼ਿਆਦਾ ਦੌੜਾਂ ਅਤੇ 577 ਵਿਕਟਾਂ ਲੈਣ ਦਾ ਕਾਰਨਾਮਾ ਕਰਕੇ ਵਿਖਾਇਆ ਹੈ। ਅਸੀ ਗੱਲ ਕਰ ਰਹੇ ਹਾਂ ਦੱਖਣ ਅਫ਼ਰੀਕੀ ਆਲਰਾਊਂਡਰ ਜੈਕ ਕੈਲਿਸ ਦੀ। ਦੁਨੀਆ ਦੇ ਮਹਾਨਤਮ ਆਲਰਾਊਂਡਰਾਂ ਵਿੱਚ ਸ਼ਾਮਲ ਕੈਲਿਸ ਨੇ ਕੌਮਾਂਤਰੀ ਕ੍ਰਿਕਟ ਵਿੱਚ 519 ਮੈਚ ਖੇਡਦੇ ਹੋਏ 338 ਕੈਚ ਵੀ ਆਪਣੇ ਨਾਮ ਕੀਤੇ ਹਨ। ਸਾਫ਼ ਹੈ, ਦੁਨੀਆ ਦਾ ਕੋਈ ਵੀ ਆਲਰਾਊਂਡਰ ਇੰਨੀਆਂ ਦੌੜਾਂ ਅਤੇ ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਆਪਣੇ ਨਾਮ ਨਹੀਂ ਕਰ ਪਾਇਆ।
16 ਅਕਤੂਬਰ 1975 ਨੂੰ ਜੰਮੇ ਕੈਲਿਸ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਦਸੰਬਰ 1995 ਵਿੱਚ ਇੰਗਲੈਂਡ ਖਿਲਾਫ਼ ਕੀਤੀ। ਇੰਗਲੈਂਡ ਖਿਲਾਫ਼ ਹੀ ਉਨ੍ਹਾਂ ਨੇ ਵਨਡੇ ਕਰੀਅਰ ਸ਼ੁਰੂ ਕੀਤਾ। ਆਪਣੇ ਕੌਮਾਂਤਰੀ ਕਰੀਅਰ ਵਿੱਚ ਕੈਲਿਸ ਨੇ ਆਪਣੀ ਟੀਮ ਨੂੰ ਕਈ ਯਾਦਗਾਰ ਪਲ ਦਿੱਤੇ।
ਅਜਿਹੀ ਹੀ ਇਕ ਪਾਰੀ ਉਨ੍ਹਾਂ ਨੇ ਆਸਟਰੇਲੀਆ ਵਿੱਚ ਮੈਲਬੋਰਨ ਵਿੱਚ ਖੇਡੇ ਗਏ ਟੈਸਟ ਮੈਚ ਦੌਰਾਨ ਖੇਡੀ। ਇਸ ਮੈਚ ਵਿੱਚ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 309 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਪਹਿਲੀ ਪਾਰੀ ਵਿੱਚ ਦੱਖਣ ਅਫ਼ਰੀਕਾ ਦੀ ਟੀਮ 186 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ਵਿੱਚ ਆਸਟਰੇਲੀਆ ਨੇ 257 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਦੱਖਣ ਅਫ਼ਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਦਾ ਪਹਿਲਾ ਵਿਕਟ 1 ਦੇ ਸਕੋਰ ਉੱਤੇ ਡਿੱਗ ਗਿਆ। ਇਸਦੇ ਬਾਅਦ ਜੈਕ ਕੈਲਿਸ ਨੇ 101 ਦੌੜਾਂ ਬਣਾ ਕੇ ਆਪਣੀ ਟੀਮ ਉੱਤੇ ਆਏ ਸੰਕਟ ਨੂੰ ਟਾਲਿਆ ਅਤੇ ਮੈਚ ਡਰਾ ਕਰਾ ਦਿੱਤਾ।
2003-04 ਵਿੱਚ ਕੈਲਿਸ ਨੇ ਵੈਸਟ ਇੰਡੀਜ਼ ਵਿਰੁੱਧ ਖੇਡਦੇ ਹੋਏ ਟੈਸਟ ਅਤੇ ਵਨਡੇ ਸੀਰੀਜ਼ ਵਿੱਚ 6 ਸੈਂਕੜੇ ਲਗਾਏ। 2005 ਵਿੱਚ ਕੈਲਿਸ ਨੂੰ ਆਈ.ਸੀ.ਸੀ. ਟੈਸਟ ਪਲੇਅਰ ਆਫ਼ ਦਿ ਈਯਰ ਘੋਸ਼ਿਤ ਕੀਤਾ ਗਿਆ। ਇਸ ਸਾਲ ਉਨ੍ਹਾਂ ਨੇ 1718 ਦੌੜਾਂ ਬਣਾਈਆਂ। ਇਸਦੇ ਇਲਾਵਾ 37 ਮੈਚਾਂ ਵਿੱਚ 32 ਵਿਕਟਾਂ ਹਾਸਲ ਕੀਤੀਆਂ।