ਸੋਨਮ ਦੇ ‘ਵੀਰੇ ਦੀ ਵੈਡਿੰਗ’

‘ਰਾਂਝਨਾ’, ‘ਭਾਗ ਮਿਲਖਾ ਭਾਗ’, ‘ਪ੍ਰੇਮ ਰਤਨ ਧਨ ਪਾਇਓ’, ‘ਨੀਰਜਾ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਨ ਦੇ ਬਾਵਜੂਦ ਸੋਨਮ ਕਪੂਰ ਦੀ ਚਰਚਾ ਉਸ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਫ਼ੈਸ਼ਨ ਨੂੰ ਲੈ ਕੇ ਹੀ ਹੁੰਦੀ ਹੈ। ਇਸਦੇ ਬਾਵਜੂਦ ਉਹ ਬੌਲੀਵੁੱਡ ਦੀਆਂ ਪਹਿਲੀ ਸ਼੍ਰੇਣੀ ਦੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੇਸ਼ ਹਨ ਕੁਝ ਚੰਗੀਆਂ ਫ਼ਿਲਮਾਂ ਦਾ ਹਿੱਸਾ ਬਣੀ ਸੋਨਮ ਕਪੂਰ ਨਾਲ ਹੋਈ ਗੱਲਬਾਤ ਦੇ ਅੰਸ਼:
ਅੱਜਕੱਲ੍ਹ ਤੁਸੀਂ ਦਿੱਲੀ ਵਿੱਚ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਕਰ ਰਹੇ ਹੋ। ਦਿੱਲੀ ਬਾਰੇ ਤੁਹਾਡੇ ਕੀ ਵਿੱਚਾਰ ਹਨ?
– ਸੱਚ ਦੱਸਾਂ ਤਾਂ ਮੇਰਾ ਦਿੱਲੀ ਨਾਲ ਬਹੁਤ ਪਿਆਰ ਹੈ। ਮੈਂ ਅਕਸਰ ਇੱਥੇ ਆਉਂਦੀ – ਜਾਂਦੀ ਰਹਿੰਦੀ ਹਾਂ। ਇੱਥੋਂ ਤੱਕ ਕਿ ਮੇਰੀ ਫ਼ਿਲਮ ‘ਦਿੱਲੀ 6’ ਤਾਂ ਪੂਰੀ ਤਰ੍ਹਾਂ ਦਿੱਲੀ ਉੱਤੇ ਹੀ ਆਧਾਰਿਤ ਸੀ ਜਦੋਂ ਕਿ ਉਸਤੋਂ ਬਾਅਦ ‘ਆਇਸ਼ਾ’, ‘ਰਾਂਝਨਾ’, ‘ਬੇਵਕੂਫ਼ੀਆਂ’ ਵੀ ਦਿੱਲੀ ਨਾਲ ਜੁੜੀਆਂ ਸਨ। ਇਸ ਵਜ੍ਹਾ ਨਾਲ ਦਿੱਲੀ ਮੇਰੇ ਦਿਲ ਦੇ ਬੇਹੱਦ ਨਜ਼ਦੀਕ ਹੈ। ਮੁੰਬਈ ਦਾ ਪੱਕਾ ਪਤਾ ਹੋਣ ਦੇ ਬਾਅਦ ਵੀ ਮੇਰਾ ਅਕਸਰ ਦਿੱਲੀ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਮੇਰੇ ਮਾਪਿਆਂ ਦੇ ਜ਼ਿਆਦਾਤਰ ਰਿਸ਼ਤੇਦਾਰ ਵੀ ਦਿੱਲੀ – ਨੋਇਡਾ ਵਿੱਚ ਹਨ। ਇਸ ਲਈ ਸਾਨੂੰ ਜਦੋਂ ਵੀ ਥੋੜ੍ਹਾ- ਬਹੁਤ ਵਕਤ ਮਿਲਦਾ ਹੈ ਤਾਂ ਅਸੀਂ ਝੱਟ ਦਿੱਲੀ ਆਉਣ ਦੀ ਯੋਜਨਾ ਬਣਾ ਲੈਂਦੇ ਹਾਂ।
‘ਰਾਂਝਨਾ’, ‘ਭਾਗ ਮਿਲਖਾ ਭਾਗ’, ‘ਨੀਰਜਾ’ ਵਰਗੀਆਂ ਫ਼ਿਲਮਾਂ ਦੇਣ ਦੇ ਬਾਵਜੂਦ ਤੁਸੀਂ ਅਦਾਕਾਰੀ ਤੋਂ ਜ਼ਿਆਦਾ ਫ਼ੈਸ਼ਨ ਦੀ ਵਜ੍ਹਾ ਨਾਲ ਚਰਚਾ ਵਿੱਚ ਰਹਿੰਦੇ ਹੋ?
– ਵੇਖੋ , ਜੇਕਰ ਮੇਰੀ ਅਦਾਕਾਰੀ ਵਿੱਚ ਦਮਖਮ ਸੀ, ਪ੍ਰਤਿਭਾ ਸੀ, ਉਦੋਂ ਮੈਨੂੰ ਟੌਪ ਦੇ ਡਾਇਰੈਕਟਰਾਂ ਨੇ ਆਪਣੀਆਂ ਫ਼ਿਲਮਾਂ ਲਈ ਪਹੁੰਚ ਕੀਤੀ। ਜੇਕਰ ਮੇਰੀ ਅਦਾਕਾਰੀ ਵਿੱਚ ਦਮ ਨਹੀਂ ਹੁੰਦਾ ਤਾਂ ਮੇਰੇ ਕੋਲ ਟੌਪ ਬੈਨਰ ਦੀਆਂ ਫ਼ਿਲਮਾਂ ਨਹੀਂ ਹੁੰਦੀਆਂ। ਅੱਜ ਵੀ ਇੰਡਸਟਰੀ ਦੇ ਨਾਮੀ ਅਤੇ ਟੌਪ ਡਾਇਰੈਕਟਰਾਂ ਦੀਆਂ ਫ਼ਿਲਮਾਂ ਕਰ ਰਹੀ ਹਾਂ। ਮੇਰੀਆਂ ਪਿਛਲੀਆਂ ਕੁਝ ਫ਼ਿਲਮਾਂ ਬਾਕਿਸ ਅਫ਼ਿਸ ਉੱਤੇ ਸੁਪਰਹਿੱਟ ਅਤੇ ਬੇਹੱਦ ਚਰਚਿਤ ਰਹੀਆਂ। ਆਲੋਚਕਾਂ ਅਤੇ ਦਰਸ਼ਕਾਂ ਨੂੰ ਇਨ੍ਹਾਂ ਫ਼ਿਲਮਾਂ ਵਿੱਚ ਮੇਰਾ ਕੰਮ ਪਸੰਦ ਆਇਆ। ਰਹੀ ਗੱਲ ਫ਼ੈਸ਼ਨ ਸਟੇਟਮੇਂਟ ਦੀ ਤਾਂ ਇਹ ਮੇਰੀ ਪਛਾਣ ਹੈ।
ਤੁਹਾਨੂੰ ਦੇਖ ਕੇ ਹੀ ਕੁੜੀਆਂ ਫ਼ੈਸ਼ਨ ਬਦਲਦੀਆਂ ਹਨ। ਤੁਸੀਂ ਕਦੇ ਮਾਡਲ ਬਣਨ ਬਾਰੇ ਨਹੀਂ ਸੋਚਿਆ?
-ਮੈਂ ਜਦੋਂ ਛੋਟੀ ਸੀ ਉਦੋਂ 90 ਕਿਲੋ ਦੀ ਸੀ। ਮੈਂ ਆਪਣਾ ਭਾਰ ਸਿਰਫ਼ ਅਭਿਨੇਤਰੀ ਬਣਨ ਲਈ ਘਟਾਇਆ ਸੀ। ਮੈਂ ਮਾਡਲ ਨਹੀਂ ਬਣਨਾ ਚਾਹੁੰਦੀ ਸੀ।
ਤੁਸੀਂ ਆਪਣੀਆਂ ਹੁਣ ਤਕ ਦੀਆਂ ਹਿੱਟ ਫ਼ਿਲਮਾਂ ਵਿੱਚ ਸਾਧਾਰਨ, ਪਰਿਵਾਰਕ, ਸੰਸਕਾਰੀ ਕੁੜੀ ਦੀ ਭੂਮਿਕਾ ਕਰਨ ਤੋਂ ਬਾਅਦ ਅਚਾਨਕ ਬਿਕਨੀ ਵਿੱਚ ਕਿਵੇਂ ਆ ਗਏ?
– ਹਾਂ, ਮੈਂ ਮੰਨਦੀ ਹਾਂ ਕਿ ਇਨ੍ਹਾਂ ਫ਼ਿਲਮਾਂ ਵਿੱਚ ਮੇਰਾ ਕਿਰਦਾਰ ਸਾਧਾਰਨ, ਪਰਿਵਾਰਕ , ਸੰਸਕਾਰੀ ਕੁੜੀ ਦਾ ਸੀ। ਪਰ ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਦੌਰਾਨ ਮੈਂ ਕਦੇ ਇਹ ਤਾਂ ਨਹੀਂ ਕਿਹਾ ਸੀ ਕਿ ਮੈਂ ਬਿਕਨੀ ਨਹੀਂ ਪਹਿਨਾਂਗੀ। ਮੈਂ ਜਦੋਂ ਫ਼ਿਲਮਾਂ ਵਿੱਚ ਆਈ, ਉਸ ਵਕਤ ਮੇਰਾ ਸਰੀਰ ਆਮ ਲੜਕੀਆਂ ਦੀ ਤਰ੍ਹਾਂ ਹੀ ਸੀ। ਕੁਝ ਸਾਲ ਬਾਅਦ ਮੈਂ ਮਹਿਸੂਸ ਕੀਤਾ ਕਿ ਮੇਰਾ ਸਰੀਰ ਬਿਕਨੀ ਪਹਿਨਣ ਦੇ ਲਾਇਕ ਹੋ ਗਿਆ ਹੈ। ਉਦੋਂ ਮੈਂ ਇਸ ਬੋਲਡ ਅਵਤਾਰ ਵਿੱਚ ਆਉਣ ਦਾ ਫ਼ੈਸਲਾ ਕੀਤਾ। ਬਾਕੀ ਇਹ ਬਿਕਨੀ ਸਿਰਫ਼ ਕਹਾਣੀ ਅਤੇ ਕਿਰਦਾਰ ਦੀ ਮੰਗ ਸੀ।
ਜ਼ਿਆਦਾਤਰ ਫ਼ਿਲਮਾਂ ਆਪਣੀ ਉਮਰ ਦੇ ਅਭਿਨੇਤਾਵਾਂ ਨਾਲ ਕੀਤੀਆਂ ਹਨ ਜਦੋਂ ਕਿ ਤੁਹਾਡੇ ਨਾਲ ਦੀਆਂ ਅਭਿਨੇਤਰੀਆਂ ਆਪਣੇ ਸੀਨੀਅਰ ਅਭਿਨੇਤਾਵਾਂ ਨਾਲ ਕੰਮ ਕਰਨ ਲਈ ਜ਼ਿਆਦਾ ਉਤਸੁਕ ਹੁੰਦੀਆਂ ਹਨ। ਇਸਦੀ ਕੋਈ ਖਾਸ ਵਜ੍ਹਾ?
-ਹੁਣ ਇਸ ਵਿੱਚ ਮੇਰੀ ਕੀ ਗ਼ਲਤੀ ਹੈ ਕਿ ਮੈਂ ਸੀਨੀਅਰ ਅਦਾਕਾਰਾਂ ਨਾਲ ਕੰਮ ਨਹੀਂ ਕਰਦੀ। ਮੈਂ ਫ਼ਿਲਮਾਂ ਅਦਾਕਾਰ ਨੂੰ ਵੇਖਕੇ ਨਹੀਂ ਚੁਣਦੀ, ਸਗੋਂ ਮੈਂ ਫ਼ਿਲਮਾਂ ਨਿਰਦੇਸ਼ਕ ਨੂੰ ਵੇਖ ਕੇ ਅਤੇ ਫ਼ਿਲਮ ਦੀ ਕਹਾਣੀ ਨੂੰ ਵੇਖਕੇ ਚੁਣਦੀ ਹਾਂ। ਮੈਂ ਉਨ੍ਹਾਂ ਲੋਕਾਂ ‘ਤੇ ਟਿੱਪਣੀ ਨਹੀਂ ਕਰ ਰਹੀ ਜੋ ਅਦਾਕਾਰਾਂ ਨੂੰ ਵੇਖਕੇ ਫ਼ਿਲਮਾਂ ਚੁਣਦੀਆਂ ਹਨ, ਪਰ ਮੈਂ ਅਜਿਹਾ ਨਹੀਂ ਕਰਦੀ।
ਆਪਣੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦੇ ਬਾਰੇ ਵਿੱਚ ਕੁਝ ਦੱਸੋ?
-ਦਰਅਸਲ, ‘ਵੀਰੇ ਦੀ ਵੈਡਿੰਗ’ ਔਰਤਾਂ ਦੀ ਨਹੀਂ, ਸਗੋਂ ਚਾਰ ਲੜਕੀਆਂ ਦੀ ਕਹਾਣੀ ਹੈ। ਜੋ ਆਪਸ ਵਿੱਚ ਸਹੇਲੀਆਂ ਹਨ। ਫ਼ਿਲਮ ਵਿੱਚ ਮੇਰੀ ਅਤੇ ਮੇਰੀਆਂ ਸਹੇਲੀਆਂ ਦੇ ਵਿਆਹ ਦੀ ਕਹਾਣੀ ਹੈ। ਇਹ ਇੱਕ ਅਸਲੀ ਕਹਾਣੀ ਹੈ ਜਿਸ ਵਿੱਚ ਦੋਸਤਾਂ ਵਿੱਚ ਭਾਵਨਾਤਮਕ ਲਗਾਉ ਨੂੰ ਤਾਜ਼ਗੀ ਅਤੇ ਨਵੇਂਪਣ ਨਾਲ ਵਿਖਾਇਆ ਗਿਆ ਹੈ। ਮੇਰਾ ਮੰਨਣਾ ਹੈ ਕਿ ਅਜੋਕੇ ਬਦਲਦੇ ਸਮੇਂ ਅਤੇ ਸਿਨਮਾ ਵਿੱਚ ਅਜਿਹੀਆਂ ਫ਼ਿਲਮਾਂ ਬਣਾਉਣਾ ਆਸਾਨ ਹੈ ਕਿਉਂਕਿ ਅੱਜਕੱਲ੍ਹ ਲੋਕ ਵੀ ਅਜਿਹੀਆਂ ਫ਼ਿਲਮਾਂ ਵੇਖਣਾ ਚਾਹੁੰਦੇ ਹਨ। ਇਹ ਅਦਭੁੱਤ ਫ਼ਿਲਮ ਹੈ। ਇਸ ਦੀਆਂ ਨਿਰਮਾਤਾਵਾਂ ਵੀ ਦੋ ਔਰਤਾਂ ਹਨ ਅਤੇ ਫ਼ਿਲਮ ਵੀ ਸਿਰਫ਼ ਅਭਿਨੇਤਰੀਆਂ ਨਾਲ ਸਜੀ ਹੈ। ਇਹ ਸ਼ਾਇਦ ਭਾਰਤ ਦੀ ਪਹਿਲੀ ਅਸਲੀ ਰੂਪ ਵਿੱਚ ਲੜਕੀਆਂ ਦੀ ਫ਼ਿਲਮ ਹੈ। ਇਹ ਚਾਰ ਸਹੇਲੀਆਂ ਦੇ ਬਾਰੇ ਵਿੱਚ ਹੈ ਜੋ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਦੇ ਵਿਆਹ ਵਿੱਚ ਇਕੱਠੀਆਂ ਆਉਂਦੀਆਂ ਹਨ। ਇਸ ਫ਼ਿਲਮ ਨੂੰ ਏਕਤਾ ਕਪੂਰ ਅਤੇ ਮੇਰੀ ਭੈਣ ਰੀਆ ਕਪੂਰ ਬਣਾ ਰਹੀਆਂ ਹਨ ਜਦੋਂ ਕਿ ਇਸਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਕਰ ਰਹੇ ਹਨ। ਫ਼ਿਲਮ ਵਿੱਚ ਮੇਰੇ ਅਤੇ ਕਰੀਨਾ ਤੋਂ ਇਲਾਵਾ ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਵੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੀਆਂ। ਇਸ ਫ਼ਿਲਮ ਵਿੱਚ ਮੈਂ ਅਤੇ ਕਰੀਨਾ ਪਹਿਲੀ ਵਾਰ ਪਰਦੇ ਉੱਤੇ ਇਕੱਠੀਆਂ ਕੰਮ ਕਰਦੀਆਂ ਹੋਈਆਂ ਨਜ਼ਰ ਆਵਾਂਗੀਆਂ।
‘ਵੀਰੇ ਦੀ ਵੈਡਿੰਗ’ ਨੂੰ ਤੁਸੀਂ ਕਰੀਅਰ ਦੇ ਲਿਹਾਜ਼ ਨਾਲ ਕਿੰਨਾ ਅਹਿਮ ਮੰਨਦੇ ਹੋ?
– ਇਹ ਮੇਰੀ ਆਉਣ ਵਾਲੀ ਇੱਕ ਮਹੱਤਵਪੂਰਨ ਫ਼ਿਲਮ ਸਾਬਤ ਹੋਵੇਗੀ। ‘ਰਾਂਝਨਾ’ ਤੋਂ ਬਾਅਦ ਇੱਕ ਵਾਰ ਫ਼ਿਰ ਇਸ ਫ਼ਿਲਮ ਵਿੱਚ ਮੈਂ ਵਿਦਿਆਰਥੀ ਦੇ ਕਿਰਦਾਰ ਵਿੱਚ ਨਜ਼ਰ ਆਵਾਂਗੀ, ਪਰ ਉਹ ਕਿਰਦਾਰ ਸਕੂਲ ਵਿਦਿਆਰਥਣ ਦਾ ਨਹੀਂ, ਸਗੋਂ ਕਾਲਜ ਵਿਦਿਆਰਥਣ ਦਾ ਹੋਵੇਗਾ। ਉਂਜ ‘ਵੀਰੇ ਦੀ ਵੈਡਿੰਗ’ ਤੋਂ ਇਲਾਵਾ ‘ਪੈਡਮੇਨ’ ਅਤੇ ‘ਦੱਤ’ ਵਰਗੀਆਂ ਫ਼ਿਲਮਾਂ ਵੀ ਕਰ ਰਹੀ ਹਾਂ। ‘ਵੀਰੇ ਦੀ ਵੈਡਿੰਗ’ ਮੇਰੇ ਕਰੀਅਰ ਨੂੰ ਨਵਾਂ ਮੋੜ ਦੇਏਗੀ।
ਅੱਜਕੱਲ੍ਹ ਔਰਤ ਪ੍ਰਧਾਨ ਫ਼ਿਲਮਾਂ ਬਣ ਰਹੀਆਂ ਹਨ। ਬੌਲੀਵੁੱਡ ਦੇ ਇਸ ਬਦਲਦੇ ਰੁਝਾਨ ਦੇ ਬਾਰੇ ਵਿੱਚ ਕੀ ਕਹੋਗੇ?
– ਸੱਚ ਕਹਾਂ ਤਾਂ ਮੈਨੂੰ ਮਾਣ ਅਤੇ ਖ਼ੁਸ਼ੀ ਹੁੰਦੀ ਹੈ ਕਿ ਬੌਲੀਵੁੱਡ ਫ਼ਿਲਮ ਨਿਰਮਾਤਾ ਹੁਣ ਔਰਤਾਂ ਨੂੰ ਫ਼ਿਲਮਾਂ ਵਿੱਚ ਬਿਹਤਰ ਅਤੇ ਵੱਖਰੇ ਤਰ੍ਹਾਂ ਦੀਆਂ?ਭੂਮਿਕਾਵਾਂ ਵਿੱਚ ਪੇਸ਼ ਕਰ ਰਹੇ ਹਨ। ਇਸ ਤਬਦੀਲੀ ਦਾ ਸਿਹਰਾ ਫ਼ਿਲਮਾਂ ਵਿੱਚ ਨੌਜਵਾਨ ਲੇਖਕਾਂ ਦੇ ਆਗਮਨ ਨੂੰ ਦੇਣਾ ਚਾਹੀਦਾ ਹੈ। ਅੱਜ ਹਿੰਦੀ ਫ਼ਿਲਮ ਜਗਤ ਵਿੱਚ ਪਰਦੇ ਉੱਤੇ ਔਰਤਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਬਦਲਾਅ ਨੂੰ ਨਿਸ਼ਚਿਤ ਰੂਪ ਤੋਂ ਹਰ ਕੋਈ ਮਹਿਸੂਸ ਕਰ ਸਕਦਾ ਹੈ। ਨੌਜਵਾਨ ਨਿਰਦੇਸ਼ਕਾਂ ਵੱਲੋਂ ਹੁਣ ਲਿਖੇ ਜਾ ਰਹੇ ਕਿਰਦਾਰ ਮਿਹਨਤੀ ਅਤੇ ਸਫ਼ਲ ਔਰਤਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿੱਚ ਸਫ਼ਲ ਰਹੇ ਹਨ। ਫ਼ਿਲਮਾਂ ਵਿੱਚ ਹੁਣ ਔਰਤਾਂ ਨੂੰ ਜ਼ਿਆਦਾ ਪ੍ਰਗਤੀਸ਼ੀਲ ਤਰੀਕੇ ਨਾਲ ਵਿਖਾਇਆ ਜਾ ਰਿਹਾ ਹੈ।
ਵਿਆਹ ਵਿੱਚ ਤੁਹਾਡਾ ਕਿੰਨਾ ਭਰੋਸਾ ਹੈ?
ਆਉਣ ਵਾਲੇ ਵਕਤ ਵਿੱਚ ਮੈਂ ਸਫ਼ਲ ਸ਼ਾਦੀਸ਼ੁਦਾ ਬੰਧਨ ਵਿੱਚ ਬੰਨ੍ਹਣਾ ਚਾਹੁੰਦੀ ਹਾਂ। ਮੈਂ ਸਿਰਫ਼ ਇਸ ਲਈ ਵਿਆਹ ਨਹੀਂ ਕਰਾਂਗੀ ਕਿ ਮੈਨੂੰ ਸ਼ਾਦੀਸ਼ੁਦਾ ਔਰਤ ਦਾ ਟੈਗ ਆਪਣੇ ਨਾਮ ਨਾਲ ਲਾਉਣਾ ਹੈ।