ਦੁਬਈਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਸ਼੍ਰੀਲੰਕਾ ਦੀ ਭ੍ਰਿਸ਼ਟਾਚਾਰ ਰੋਕੂ ਜਾਂਚ ਸ਼ੁਰੂ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਦੇਸ਼ ਨਾਲ ਜੁੜੀ ਕੋਈ ਖ਼ਾਸ ਸੀਰੀਜ਼ ਜਾਂਚ ਦੇ ਦਾਇਰੇ ‘ਚ ਹੈ ਜਾਂ ਨਹੀਂ। ਸੰਸਾਰਕ ਅਦਾਰੇ ਨੇ ਬਿਆਨ ‘ਚ ਕਿਹਾ ਕਿ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਇੱਕਾਈ (ਏ.ਸੀ.ਯੂ.) ਨੇ ਹਾਲ ਹੀ ‘ਚ ਜਾਂਚ ਦੇ ਹਿੱਸੇ ਦੇ ਤੌਰ ‘ਤੇ ਦੇਸ਼ ਦਾ ਦੌਰਾ ਕੀਤਾ ਸੀ।
ਆਈ.ਸੀ.ਸੀ. ਦੇ ਏ.ਸੀ.ਯੂ. ਮਹਾਪ੍ਰਬੰਧਕ ਐਲੇਕਸ ਮਾਰਸ਼ਲ ਨੇ ਬਿਆਨ ‘ਚ ਕਿਹਾ, ”ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਇੱਕਾਈ ਕ੍ਰਿਕਟ ‘ਚ ਈਮਾਨਦਾਰੀ ਬਰਕਰਾਰ ਰੱਖਣ ਦੇ ਲਈ ਕੰਮ ਕਰਦੀ ਹੈ ਅਤੇ ਉਨ੍ਹਾਂ ਥਾਵਾਂ ‘ਤੇ ਜਾਂਚ ਕਰਨਾ ਵੀ ਸ਼ਾਮਲ ਹੈ ਜਿੱਥੇ ਅਜਿਹਾ ਕਰਨ ਦੇ ਲਈ ਤਰਕਪੂਰਨ ਆਧਾਰ ਹੈ।” ਸ਼੍ਰੀਲੰਕਾ ਨੇ ਜ਼ਿੰਬਾਬਵੇ ਦੇ ਖਿਲਾਫ਼ ਘਰੇਲੂ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ 2-3 ਨਾਲ ਗੁਆਈ ਦਿੱਤੀ ਸੀ ਜਦਕਿ ਭਾਰਤ ਦੇ ਖਿਲਾਫ਼ ਤਿੰਨ ਟੈਸਟ, ਪੰਜ ਵਨਡੇ ਅਤੇ ਇੱਕ ਟੀ-20 ਕੌਮਾਂਤਰੀ ਮੈਚ ‘ਚ ਉਸ ਨੂੰ ਕਲੀਨਸਵੀਪ ਦਾ ਸਾਹਮਣਾ ਕਰਨਾ ਪਿਆ ਸੀ। ਆਈ.ਸੀ.ਸੀ. ਨੇ ਕਿਹਾ, ”ਫ਼ਿਲਹਾਲ ਸ਼੍ਰੀਲੰਕਾ ‘ਚ ਆਈ.ਸੀ.ਸੀ. (ਏ.ਸੀ.ਯੂ.) ਦੀ ਜਾਂਚ ਚਲ ਰਹੀ ਹੈ। ਸੁਭਾਵਕ ਹੈ ਇਸ ਦੇ ਹਿੱਸੇ ਦੇ ਤੌਰ ‘ਤੇ ਅਸੀਂ ਕਈ ਲੋਕਾਂ ਨਾਲ ਗੱਲ ਕਰ ਰਹੇ ਹਾਂ।” ਉਨ੍ਹਾਂ ਕਿਹਾ, ”ਮੌਜੂਦਾ ਜਾਂਚ ‘ਤੇ ਅਸੀਂ ਅੱਗੇ ਕੋਈ ਟਿੱਪਣੀ ਨਹੀਂ ਕਰ ਸਕਾਂਗੇ। ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਜੋ ਏ.ਸੀ.ਯੂ. ਦੀ ਜਾਂਚ ‘ਚ ਮਦਦ ਕਰ ਸਕਦੀ ਹੈ ਤਾਂ ਅਸੀਂ ਉਨ੍ਹਾਂ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਸੰਪਰਕ ‘ਚ ਰਹਿਣ।”












