ਤੇਜਸਵੀ ਨੇ ਕੀਤਾ ‘ਵੰਦੇ ਮਾਤਰਮ’ ਦਾ ਅਪਮਾਨ, ਦੇਸ਼ਧ੍ਰੋਹ ਦਾ ਮਾਮਲਾ ਦਰਜ

ਨਵੀਂ ਦਿੱਲੀ— ਰਾਜਦ ਮੁਖੀ ਲਾਲੂ ਯਾਦਵ ਦੇ ਬੇਟੇ ਅਤੇ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਤੇਜਸਵੀ ਦੇ ਖਿਲਾਫ ‘ਵੰਦੇ ਮਾਤਰਮ’ ਦਾ ਅਪਮਾਨ ਕਰਨ ਦੇ ਦੋਸ਼ ‘ਚ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਜਨਤਾ ਦਲ (ਯੂ) ਦੇ ਨੇਤਾ ਇਕਬਾਲ ਅੰਸਾਰੀ ਨੇ ਸੀ.ਜੀ.ਐੱਮ. ਦੀ ਕੋਰਟ ‘ਚ ਦਾਇਰ ਆਪਣੀ ਪਟੀਸ਼ਨ ‘ਚ ਕਿਹਾ ਕਿ ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ਸਾਈਟ ‘ਤੇ ਇਕ ਵਿਵਾਦਪੂਰਨ ਟਵੀਟ ਕਰ ਕੇ ਰਾਸ਼ਟਰਗੀਤ ਦਾ ਅਪਮਾਨ ਕੀਤਾ ਹੈ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਕ ਵਿਅਕਤੀ ਦੇ ਟਵੀਟ ‘ਬੰਦੇ ਮਾਰਤੇ ਹੈਂ ਹਮ’ ਨੂੰ ਰੀਟਵੀਟ ਕਰਦੇ ਹੋਏ ਤੇਜਸਵੀ ਨੇ ਕਿਹਾ ਸੀ ਕਿ ਸਹੀ ਕਿਹਾ, ਇਨ੍ਹਾਂ ਦਾ ‘ਵੰਦੇ ਮਾਤਰਮ- ਬੰਦੇ ਮਾਰਤੇ ਹੈਂ ਹਮ।’ ਤੇਜਸਵੀ ਦੇ ਇਸ ਟਵੀਟ ਨਾਲ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੁਖੀ ਹੋਈਆਂ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਸ ਟਵੀਟ ਨੂੰ ਲੈ ਕੇ ਮੁਆਫ਼ੀ ਨਹੀਂ ਮੰਗੀ। ਇਕ ਸਾਬਕਾ ਉੱਪ ਮੁੱਖ ਮੰਤਰੀ ਦੇ ਅਜਿਹੇ ਰਾਸ਼ਟਰ ਵਿਰੋਧੀ ਟਵੀਟ ਨਾਲ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਇਨ੍ਹਾਂ ਨੂੰ ਆਪਣਾ ਸਿਆਸੀ ਸਵਾਰਥ ਸਾਧਨ ਲਈ ਨਾ ਤਾਂ ਰਾਸ਼ਟਰ ਦੇ ਸਨਮਾਨ ਦੀ ਚਿੰਤਾ ਹੈ ਅਤੇ ਨਾ ਹੀ ਰਾਸ਼ਟਰ ਦੀ ਅਕਸ ਦੀ।