ਦੱਖਣ ਦੀਆਂ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਤੋਂ ਬਾਅਦ ਅਭਿਨੇਤਾ ਇਮਰਾਨ ਹਾਸ਼ਮੀ ਨਾਲ ਫ਼ਿਲਮ ‘ਰਾਜ਼ ਰਿਬੂਟ’ ਤੋਂ ਬੌਲੀਵੁਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਖਰਬੰਦਾ ਦੇ ਕਰੀਅਰ ਦੀ ਗੱਡੀ ਹੁਣ ਪਟਰੀ ਉੱਤੇ ਹੈ। ਉਸ ਦੇ ਹੱਥ ਵਿੱਚ ਫ਼ਿਲਹਾਲ ਦੋ ਚੰਗੀਆਂ ਫ਼ਿਲਮਾਂ ਹਨ, ਜਦੋਂ ਕਿ ਬਾਕੀ ‘ਤੇ ਗੱਲਬਾਤ ਚੱਲ ਰਹੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਕੀ ਤੁਸੀਂ ਬਚਪਨ ਤੋਂ ਹੀ ਅਦਾਕਾਰੀ ਵਿੱਚ ਆਉਣਾ ਚਾਹੁੰਦੇ ਸੀ?
– ਉਂਜ ਤਾਂ ਮੈਂ ਦਿੱਲੀ ਦੀ ਹਾਂ, ਪਰ ਮੇਰਾ ਪਾਲਣ ਪੋਸ਼ਣ ਬੰਗਲੁਰੂ ਵਿੱਚ ਹੋਇਆ ਹੈ। ਮੈਨੂੰ ਬਚਪਨ ਤੋਂ ਹੀ ਹਿੰਦੀ ਫ਼ਿਲਮਾਂ ਦੇਖਣ ਦਾ ਸ਼ੌਕ ਸੀ। 14 ਸਾਲ ਦੀ ਉਮਰ ਵਿੱਚ ਮੇਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਸਨ ਕਿ ਤੈਨੂੰ ਤਾਂ ਫ਼ਿਲਮਾਂ ਵਿੱਚ ਹੋਣਾ ਚਾਹੀਦਾ ਹੈ। ਮਾਡਲਿੰਗ ਤਾਂ ਮੈਂ ਕਰਦੀ ਸੀ, ਪਰ ਉਦੋਂ ਮੈਂ ਸੋਚਿਆ ਨਹੀਂ ਸੀ ਕਿ ਫ਼ਿਲਮਾਂ ਕਰਾਂਗੀ। ਮੈਂ 3 ਸਾਲ ਦੀ ਉਮਰ ਤੋਂ ਮਾਡਲਿੰਗ ਸ਼ੁਰੂ ਕੀਤੀ ਸੀ। ਇਸ਼ਤਿਹਾਰ ਜ਼ਿਆਦਾ ਕਰਦੀ ਸੀ। ਰੈਂਪ ਉੱਤੇ ਚੱਲਣ ਦਾ ਸ਼ੌਕ ਤਾਂ ਸੀ, ਪਰ ਕੱਦ ਘੱਟ ਹੋਣ ਕਾਰਨ ਅਜਿਹਾ ਨਹੀਂ ਕਰ ਸਕੀ। ਇਸਦੇ ਬਾਅਦ ਮੈਨੂੰ ਮਿਸ ਇੰਡੀਆ ਬਣਨ ਦਾ ਸ਼ੌਕ ਚੜ੍ਹਿਆ , ਕਿਉਂਕਿ ਮੇਰੀ ਕਰਾਊਨ ਪਹਿਨਣ ਦੀ ਇੱਛਾ ਸੀ। ਫ਼ਿਰ ਮੈਂ ਸਕੂਲ ਦੇ ਕਈ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ।
-ਫ਼ਿਰ ਅਦਾਕਾਰੀ ਵਿੱਚ ਆਉਣਾ ਕਿਵੇਂ ਸੰਭਵ ਹੋਇਆ?
– ਜਦੋਂ ਮੈਂ 15 ਸਾਲ ਦੀ ਸੀ, ਉਦੋਂ ਮੈਨੂੰ ਇੱਕ ਕੰਨੜ ਫ਼ਿਲਮ ਦੀ ਪੇਸ਼ਕਸ਼ ਮਿਲੀ ਜੋ ਵੱਡੇ ਸਟਾਰ ਨਾਲ ਸੀ, ਪਰ ਮਾਂ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ 17 ਸਾਲ ਦੀ ਉਮਰ ਵਿੱਚ ਤੈਲਗੂ ਫ਼ਿਲਮ ‘ਬੋਨੀ’ ਦੀ ਪੇਸ਼ਕਸ਼ ਹੋਈ ਅਤੇ ਪਰਿਵਾਰ ਨੇ ਸਾਥ ਦਿੱਤਾ। ਮੈਂ ਇਸ ਵਿੱਚ ਅਭਿਨੈ ਤਾਂ ਜ਼ਰੂਰ ਕੀਤਾ, ਪਰ ਉਸਤੋਂ ਬਾਅਦ 2 – 3 ਸਾਲ ਦੀ ਬਰੇਕ ਲੈ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਇਸਤੋਂ ਇਲਾਵਾ ਜਿਊਲਰੀ ਡਿਜ਼ਾਈਨਿੰਗ ਦਾ ਡਿਪਲੋਮਾ ਅਤੇ ਫ਼ੈਸ਼ਨ ਡਿਜ਼ਾਈਨਿੰਗ ਦਾ ਔਨਲਾਇਨ ਕੋਰਸ ਵੀ ਕੀਤਾ।
-ਇੰਨਾ ਕੁਝ ਕਰਨ ਤੋਂ ਬਾਅਦ ਦੁਬਾਰਾ ਫ਼ਿਲਮਾਂ ਵਿੱਚ ਆ ਗਏ?
– ਹਾਂ, ਕਿਉਂਕਿ ਮੇਰੀ ਰਚਨਾਤਮਕ ਖੇਤਰ ਵਿੱਚ ਜਾਣ ਦੀ ਬਹੁਤ ਇੱਛਾ ਸੀ। ਇਸ ਲਈ ਮੈਂ ਅਦਾਕਾਰੀ ਨੂੰ ਚੁਣਿਆ। ਦੱਖਣ ਦੀਆਂ ਲਗਪਗ 13 ਫ਼ਿਲਮਾਂ ਵਿੱਚ ਮੈਂ ਕੰਮ ਕੀਤਾ ਹੈ।
-ਦੱਖਣ ਦੀਆਂ ਫ਼ਿਲਮਾਂ ਤੋਂ ਬਾਅਦ ਤੁਸੀਂ ਬੌਲੀਵੁੱਡ ਵਿੱਚ ਕਦਮ ਰੱਖਿਆ ਹੈ। ਦੋਨਾਂ ਵਿੱਚ ਕੀ ਫ਼ਰਕ ਮਹਿਸੂਸ ਕੀਤਾ?
– ਸੱਚ ਦੱਸਾਂ ਤਾਂ ਮੈਨੂੰ ਦੋਨਾਂ ਵਿੱਚ ਕੋਈ ਫ਼ਰਕ ਮਹਿਸੂਸ ਨਹੀਂ ਹੋਇਆ। ਇਹ ਲੋਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਮੈਨੂੰ ਕਿਵੇਂ ਵੇਖਦੇ ਹਨ। ਉਂਜ ਮੈਨੂੰ ਇਹ ਭੇਦਭਾਵ ਪਸੰਦ ਹੀ ਨਹੀਂ ਹੈ। ਅਸੀਂ ਕਲਾਕਾਰ ਜਦੋਂ ਬਾਹਰ ਜਾਂਦੇ ਹੈ ਤਾਂ ਕੋਈ ਇਹ ਨਹੀਂ ਪੁੱਛਦਾ ਕਿ ਇਹ ਦੱਖਣੀ ਫ਼ਿਲਮਾਂ ਦਾ ਕਲਾਕਾਰ ਹੈ ਜਾਂ ਬੌਲੀਵੁੱਡ ਫ਼ਿਲਮਾਂ ਦਾ। ਦਰਸ਼ਕ ਸਾਨੂੰ ਸਿਰਫ਼ ਭਾਰਤੀ ਅਦਾਕਾਰ ਦੇ ਤੌਰ ਉੱਤੇ ਹੀ ਜਾਣਦੇ ਅਤੇ ਪਛਾਣਦੇ ਹਨ। ਫ਼ਿਰ ਅਸੀਂ ਆਪਣੇ ਆਪ ਇਹ ਭੇਦਭਾਵ ਕਿਉਂ ਕਰਦੇ ਹਾਂ?
-ਤੁਸੀਂ ‘ਗੈਸਟ ਇਨ ਲੰਡਨ’ ਵਿੱਚ ਵੀ ਕੰਮ ਕੀਤਾ ਹੈ। ਇਹ ਫ਼ਿਲਮ ਤੁਹਾਨੂੰ ਕਿਵੇਂ ਮਿਲੀ?
– ‘ਗੇਸਟ ਇਨ ਲੰਡਨ’ ਵਿੱਚ ਕੰਮ ਕਰਨ ਦਾ ਮੌਕਾ ਕਿਸਮਤ ਤੋਂ ਮਿਲਿਆ। ਮੇਰੀ ਪਹਿਲੀ ਹਿੰਦੀ ਫ਼ਿਲਮ ‘ਰਾਜ਼ ਰਿਬੂਟ’ ਦੀ ਰਿਲੀਜ਼ ਦੇ ਹਫ਼ਤੇ ਬਾਅਦ ਹੀ ਫ਼ਿਲਮ ‘ਗੈਸਟ ਇਨ ਲੰਡਨ’ ਦੇ ਨਿਰਦੇਸ਼ਕ ਅਸ਼ਵਿਨੀ ਧੀਰ ਕਹਾਣੀ ਬਾਰੇ ਗੱਲ ਕਰਨ ਲਈ ਮੈਨੂੰ ਮਿਲਣ ਆਏ ਸਨ। ਉਸੀ ਦੌਰਾਨ ਉਨ੍ਹਾਂ ਨੇ ਮੈਨੂੰ ਮੇਰੇ ਰੁਝੇਵੀਆਂ ਸਬੰਧੀ ਪੁੱਛਿਆ। ਵਿਹਲੀ ਹੋਣ ਕਾਰਨ ਉਨ੍ਹਾਂ ਕਹਿ ਦਿੱਤਾ ਕਿ ‘ਇਹੀ ਮੇਰੀ ਫ਼ਿਲਮ ਦੀ ਹੀਰੋਇਨ ਹੈ।’
-ਫ਼ਿਲਮਾਂ ਵਿੱਚ ਅੰਗਪ੍ਰਦਰਸ਼ਨ ਨੂੰ ਲੈ ਕੇ ਤੁਹਾਡੀ ਕੀ ਰਾਇ ਹੈ?
-ਤੁਹਾਨੂੰ ਦੱਸ ਦੇਵਾਂ ਕਿ ਮੇਰੀ ਪਹਿਲੀ ਹੀ ਫ਼ਿਲਮ ਵਿੱਚ ਮੈਨੂੰ ਮੇਰੀ ਮਾਂ ਨੇ ਛੋਟੀ ਸਕਰਟ ਨਹੀਂ ਪਹਿਨਣ ਦਿੱਤੀ ਸੀ ਕਿਉਂਕਿ ਲੜਕੀਆਂ ਦੀ ਛੋਟੀ ਸਕਰਟ ਉੱਤੇ ਕਾਫ਼ੀ ਸਵਾਲ ਉੱਠਦੇ ਰਹਿੰਦੇ ਹਨ। ਪਰ, ਮੇਰਾ ਮੰਨਣਾ ਹੈ ਕਿ ਜੋ ਲੋਕ ਤੁਹਾਡੇ ਕੱਪੜਿਆਂ ਤੋਂ ਤੁਹਾਡਾ ਕਿਰਦਾਰ ਦੇਖਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
-ਤੁਹਾਨੂੰ ਅਸਲ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਲਿਬਾਸ ਪਸੰਦ ਹੈ?
– ਸੱਚ ਦੱਸਾਂ ਤਾਂ ਮੈਨੂੰ ਸਾੜ੍ਹੀ ਪਹਿਨਣਾ ਬਹੁਤ ਪਸੰਦ ਹੈ। ਹਾਲਾਂਕਿ, ਇਹ ਸੁਣਨ ਵਿੱਚ ਤੁਹਾਨੂੰ ਥੋੜ੍ਹਾ ਅਟਪਟਾ ਲੱਗ ਸਕਦਾ ਹੈ, ਪਰ ਇਹੀ ਸੱਚ ਹੈ ਕਿ ਮੈਨੂੰ ਸਾੜ੍ਹੀ ਪਹਿਨਣਾ ਬਹੁਤ ਪਸੰਦ ਹੈ। ਉਂਜ, ਘਰ ਵਿੱਚ ਮੈਂ ਸਿੰਪਲ ਹੀ ਰਹਿੰਦੀ ਹਾਂ, ਪਰ ਬਾਹਰ ਨਿਕਲਣ ਉੱਤੇ ਚੰਗਾ ਲਿਬਾਸ ਪਹਿਨਦੀ ਹਾਂ। ਮੈਨੂੰ ਮੇਕਅਪ ਜ਼ਿਆਦਾ ਪਸੰਦ ਨਹੀਂ, ਬਾਕੀ ਕਿਰਦਾਰ ਦੇ ਹਿਸਾਬ ਨਾਲ ਤਾਂ ਕਰਨਾ ਹੀ ਪੈਂਦਾ ਹੈ। ਮੈਨੂੰ ਡਾਈਟਿੰਗ ਵੀ ਪਸੰਦ ਨਹੀਂ। ਇਸ ਲਈ ਮੈਂ ਅੱਜ ਦੀਆਂ ਲੜਕੀਆਂ ਨੂੰ ਡਾਈਟਿੰਗ ਪ੍ਰਤੀ ਵਿਸ਼ੇਸ਼ ਤੌਰ ‘ਤੇ ਸੁਚੇਤ ਕਰਦੀ ਹਾਂ। ਮੇਰਾ ਫ਼ੰਡਾ ਹੈ ਕਿ ਜਿੰਨਾ ਹੋ ਸਕੇ ਘੀ ਅਤੇ ਮੱਖਣ ਖਾਵਾਂ। ਡਾਈਟਿੰਗ ਦੇ ਚੱਕਰ ਵਿੱਚ ਨਾ ਪਵਾਂ ਕਿਉਂਕਿ ਡਾਈਟਿੰਗ ਨਾਲ ਅੱਗੇ ਜਾ ਕੇ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਮੇਰੀ ਸਲਾਹ ਹੈ ਕਿ ਡਾਈਟਿੰਗ ਦਾ ਚੱਕਰ ਛੱਡੋ ਅਤੇ ਆਪਣੀ ਮਾਂ ਦੀ ਸੁਣੋ। ਚੰਗਾ ਖਾਣਾ ਖਾਓ ਅਤੇ ਖ਼ੁਸ਼ ਰਹੋ।
-ਤੁਹਾਡੀ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਕਿਰਦਾਰ ਕਰਨ ਦੀ ਇੱਛਾ ਹੈ?
-ਮੇਰੀ ਇਤਿਹਾਸਕ ਅਤੇ ਬਾਇਓਪਿਕ ਫ਼ਿਲਮਾਂ ਕਰਨ ਦੀ ਇੱਛਾ ਹੈ। ਮੈਂ ‘ਜੋਧਾ ਅਕਬਰ’ ਵਰਗੀ ਫ਼ਿਲਮ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਜੋਧਾ ਦਾ ਕਿਰਦਾਰ ਬਹੁਤ ਪਸੰਦ ਹੈ। ਇਸਦੇ ਨਾਲ ਹੀ ਮੈਂ ਟੈਨਿਸ ਖਿਡਾਰੀ ਸਟੈਫ਼ੀ ਗਰਾਫ਼ ਦੀ ਬਾਇਓਪਿਕ ਕਰਨਾ ਚਾਹੁੰਦੀ ਹਾਂ। ਉਸ ਦੀ ਵਜ੍ਹਾ ਤੋਂ ਹੀ ਮੈਂ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।
– ਤੁਹਾਡੇ ਲਈ ਵਿਆਹ ਜ਼ਿਆਦਾ ਮਹੱਤਵਪੂਰਨ ਹੈ ਜਾਂ ਰਿਲੇਸ਼ਨਸ਼ਿਪ?
– ਮੇਰਾ ਸ਼ੁਰੂ ਤੋਂ ਹੀ ਵਿਆਹ ਵਰਗੇ ਸਮਾਜਿਕ ਬੰਧਨ ਵਿੱਚ ਅਟੁੱਟ ਵਿਸ਼ਵਾਸ ਰਿਹਾ ਹੈ। ਦਰਅਸਲ, ਭਾਰਤੀ ਸਮਾਜ ਅਤੇ ਸੰਸਕ੍ਰਿਤੀ ਵਿੱਚ ਵਿਆਹ ਦਾ ਆਪਣਾ ਮਹੱਤਵ ਹੈ। ਮੇਰੇ ਹਿਸਾਬ ਨਾਲ ਮੇਰਾ ਸਾਥੀ ਇਮਾਨਦਾਰ ਹੋਵੇ ਅਤੇ ਪਰਿਵਾਰ ਪ੍ਰਤੀ ਸਮਰਪਿਤ ਹੋਵੇ।











