ਅਜੇ ਵੀ 140 ਦੀ ਸਪੀਡ ਨਾਲ ਸੁੱਟ ਸਕਦਾਂ ਗੇਂਦ, ਫ਼ਿਰ ਵਰਲਡ ਕੱਪ ਖੇਡਣਾ ਹੈ ਸੁਪਨਾ: ਸ਼੍ਰੀਸੰਥ

ਨਵੀਂ ਦਿੱਲੀ: ਭਾਰਤ ਦੇ ਕ੍ਰਿਕਟਰ ਸ਼੍ਰੀਸੰਥ ਦੇ ਕੋਲ ਪ੍ਰਤਿਭਾ ਦੀ ਕਮੀ ਨਹੀਂ ਸੀ, ਪਰ ਸਾਲ 2013 ‘ਚ ਆਈ.ਪੀ.ਐੱਲ. ਦੇ ਦੌਰਾਨ ਸਪਾਟ ਫ਼ਿਕਸਿੰਗ ਦੇ ਦੋਸ਼ ਦੇ ਬਾਅਦ ਬੀ.ਸੀ.ਸੀ.ਆਈ. ਨੇ ਸ਼੍ਰੀਸੰਥ ‘ਤੇ ਉਮਰ ਭਰ ਦੇ ਲਈ ਪਾਬੰਦੀ ਲਗਾ ਦਿੱਤੀ ਸੀ। ਚਾਰ ਸਾਲਾਂ ਬਾਅਦ ਕੇਰਲ ਹਾਈ ਕੋਰਟ ਨੇ ਬੀ.ਸੀ.ਸੀ.ਆਈ. ਨੂੰ ਬੈਨ ਹਟਾਉਣ ਦਾ ਹੁਕਮ ਦਿੱਤਾ ਹੈ। ਕੋਰਟ ਦੇ ਹੁਕਮ ਦੇ ਬਾਅਦ ਸ਼੍ਰੀਸੰਥ ਨੇ ਕਿਹਾ ਕਿ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ ਅਤੇ ਇੰਗਲੈਂਡ ‘ਚ ਹੋਣ ਵਾਲੀ ਆਈ.ਸੀ.ਸੀ. ਵਰਲਡ ਕੱਪ 2019 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੋਣਾ ਚਾਹੁੰਦੇ ਹਨ।
ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਸ਼੍ਰੀਸੰਥ ਨੇ ਕਿਹਾ, ”ਇਹ ਹਮੇਸ਼ਾ ਮੁਸ਼ਕਲ ਹੋਵੇਗਾ। ਮੇਰਾ ਸੁਪਨਾ ਹੈ ਕਿ ਮੈਂ 2019 ਵਰਲਡ ਕੱਪ ‘ਚ ਭਾਰਤ ਦੇ ਲਈ ਖੇਡਾਂ। ਪਰ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਸੰਭਵ ਨਹੀ ਹੈ ਅਤੇ ਜੇਕਰ ਮੈਂ ਖੇਡ ਸਕਿਆ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ।” ਉਨ੍ਹਾਂ ਕਿਹਾ, ”ਪਰ ਮੈਨੂੰ ਵਿਸ਼ਵਾਸ ਹੈ ਕਿ ਚਮਤਕਾਰ ਹੁੰਦੇ ਹਨ। ਟੀਮ ‘ਚ ਅਜੇ ਤੇਜ਼ ਗੇਂਦਬਾਜ਼ਾਂ ਦੀ ਜਗ੍ਹਾ ਦੇ ਲਈ ਸਖਤ ਮੁਕਾਬਲਾ ਹੈ। ਪਰ ਅਜਿਹਾ ਉਦੋਂ ਵੀ ਸੀ ਜਦੋਂ ਮੈਂ ਪਹਿਲੀ ਵਾਰ ਭਾਰਤੀ ਟੀਮ ‘ਚ ਜਗ੍ਹਾ ਬਣਾਈ ਸੀ। ਮੈਂ ਹਮੇਸ਼ਾ ਮੰਨਿਆ ਹੈ ਕਿ ਸਖਤ ਮੁਕਾਬਲੇ ‘ਚ ਹੀ ਤੁਸੀਂ ਚੰਗਾ ਪ੍ਰਦਰਸ਼ਨ ਕਰਦੇ ਹੋ। ਮੈਂ ਸਿਰਫ਼ ਉਮੀਦ ਕਰਦਾ ਹਾਂ ਕਿ ਮੈਂ ਵਾਪਸੀ ਕਰ ਕੇ ਆਪਣੇ ਤਜਰਬੇ ਨਾਲ ਨਿਆਂ ਕਰ ਸਕਾਂ।
140 ਕਿਲੋਮੀਟਰ ਸਪੀਡ ਦੇ ਨਾਲ ਸੁੱਟ ਸਕਦਾ ਹਾਂ ਗੇਂਦ
ਉਨ੍ਹਾਂ ਕਿਹਾ, ”ਮੈਂ ਸਿਰਫ਼ ਇਹੋ ਕਹਿ ਸਕਦਾ ਹਾਂ ਕਿ ਮੈਂ ਹਮੇਸ਼ਾ ਫ਼ੋਕਸਡ ਸੀ। ਮੈਂ ਆਪਣੇ ਪਿਛਲੇ ਤਜਰਬਿਆਂ ਤੋਂ ਕਾਫ਼ੀ ਸਬਕ ਲਿਆ ਹੈ। ਮੈਂ ਦੁਆ ਅਤੇ ਆਸ ਕਰਦਾ ਹਾਂ ਕਿ ਮੈਨੂੰ ਫ਼ਿਰ ਇੱਕ ਮੌਕਾ ਮਿਲੇ ਤਾਂ ਜੋ ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਮੈਂ ਅਜੇ ਵੀ 140 ਦੇ ਨਾਲ ਚੰਗੀ ਗੇਂਦਬਾਜ਼ੀ ਕਰ ਸਕਦਾ ਹਾਂ।”
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੇਰਲ ਹਾਈ ਕੋਰਟ ਨੇ ਭਾਰਤੀ ਗੇਂਦਬਾਜ਼ ਐੱਸ. ਸ਼੍ਰੀਸੰਥ ‘ਤੇ ਲਗਾਈ ਗਈ ਉਮਰ ਭਰ ਦੀ ਪਾਬੰਦੀ ਨੂੰ ਹਟਾ ਦਿੱਤਾ। ਇਸ ਫ਼ੈਸਲੇ ਨਾਲ ਸ੍ਰੀਸੰਥ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਨੇ ਪਿਛਲੇ ਸਾਲ ਇਸ ਪਾਬੰਦੀ ਦੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।
ਜੇਲ ‘ਚ ਵੀ ਰਹਿ ਚੁੱਕੇ ਹਨ ਸ੍ਰੀਸੰਥ
ਸਪਾਟ ਫ਼ਿਕਸਿੰਗ ਮਾਮਲੇ ‘ਚ ਉਨ੍ਹਾਂ ਨੂੰ ਮਈ 2013 ‘ਚ ਦਿੱਲੀ ਦੀ ਤਿਹਾੜ ਜੇਲ ‘ਚ ਰਖਿਆ ਗਿਆ ਸੀ। ਦਿੱਲੀ ਪੁਲਿਸ ਨੇ ਮੈਚ ਫ਼ਿਕਸਿੰਗ ਦੇ ਦੋਸ਼ ‘ਚ 17 ਮਈ 2013 ਨੂੰ ਮੁੰਬਈ ‘ਚ ਸ਼੍ਰੀਸੰਥ ਨੂੰ ਉਸ ਦੇ ਸਾਥੀ ਖਿਡਾਰੀਆਂ ਅਜੀਤ ਚਾਂਡੀਲਾ ਅਤੇ ਅੰਕਿਤ ਚਵਹਾਣ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੀ ਪ੍ਰਧਾਨਗੀ ‘ਚ ਬੀ.ਸੀ.ਸੀ.ਆਈ. ਦੀ ਅਨੁਸ਼ਾਸਨ ਕਮੇਟੀ ਨੇ 13 ਸਤੰਬਰ, 2013 ਨੂੰ ਸਪਾਟ ਫ਼ਿਕਸਿੰਗ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ਦੇ ਬਾਅਦ ਸ਼੍ਰੀਸੰਥ ‘ਤੇ ਉਮਰ ਭਰ ਦੇ ਲਈ ਪਾਬੰਦੀ ਲਗਾ ਦਿੱਤੀ ਸੀ।