ਅਦਿਤੀ ਰਾਓ ਹੈਦਰੀ ਦੀ ਬੌਲੀਵੁੱਡ ਵਿੱਚ ਸ਼ੁਰੂਆਤ ਬੇਸ਼ੱਕ ਨਿਰਦੇਸ਼ਕ ਸੁਧੀਰ ਮਿਸ਼ਰਾ ਦੀ ਫ਼ਿਲਮ ‘ਯੇਹ ਸਾਲੀ ਜ਼ਿੰਦਗੀ’ ਨਾਲ ਹੋਈ ਸੀ, ਪਰ ਉਸਤੋਂ ਪਹਿਲਾਂ ਉਹ ਦੱਖਣ ਦੀਆਂ ਕਈ ਫ਼ਿਲਮਾਂ ਵਿੱਚ ਆਪਣਾ ਜਲਵਾ ਬਿਖੇਰ ਚੁੱਕੀ ਸੀ। ‘ਯੇਹ ਸਾਲੀ ਜ਼ਿੰਦਗੀ’ ਤੋਂ ਬਾਅਦ ਅਦਿਤੀ ਨੇ ‘ਲੰਦਨ, ਪੈਰਿਸ, ਨਿਊਯਾਰਕ’, ‘ਦਿੱਲੀ -6’, ‘ਰੌਕਸਟਾਰ’, ‘ਮਰਡਰ- 3’, ‘ਬਸ’, ‘ਖ਼ੂਬਸੂਰਤ’, ‘ਗੁੱਡੂ ਰੰਗੀਲਾ’, ‘ਵਜ਼ੀਰ’ ਅਤੇ ‘ਫ਼ਿਤੂਰ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਪਰ ਹੁਣ ਤਕ ਪਹਿਲੀ ਕਤਾਰ ਦੀਆਂ ਅਭਿਨੇਤਰੀ ਵਿੱਚ ਉਸ ਦਾ ਨਾਮ ਸ਼ਾਮਿਲ ਨਹੀਂ ਹੋ ਸਕਿਆ। ਇਸਦੇ ਬਾਵਜੂਦ ਉਹ ਕਈ ਅਹਿਮ ਫ਼ਿਲਮਾਂ ਦਾ ਵੀ ਅਹਿਮ ਹਿੱਸਾ ਹੈ। ਪੇਸ਼ ਹੈ ਅਦਿਤੀ ਰਾਵ ਹੈਦਰੀ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
– ਤੁਹਾਡੇ ਹਿੱਸੇ ਕਈ ਚੰਗੀਆਂ ਫ਼ਿਲਮਾਂ ਆਈਆਂ, ਪਰ ਫ਼ਿਰ ਵੀ ਤੁਹਾਡਾ ਫ਼ਿਲਮੀ ਸਫ਼ਰ ਕਾਫ਼ੀ ਢਿੱਲਾ ਰਿਹਾ ਹੈ। ਇਸ ਦਾ ਕੀ ਕਾਰਨ ਮੰਨਦੇ ਹੋ?
– ਮੇਰੇ ਹਿਸਾਬ ਨਾਲ ਇਸਦਾ ਕਾਰਨ ਹੈ ਕਿ ਬੌਲੀਵੁੱਡ ਵਿੱਚ ਮੇਰਾ ਕੋਈ ਵਾਕਿਫ਼, ਮਤਲਬ ਗੌਡਫ਼ਾਦਰ ਦਾ ਨਾ ਹੋਣਾ ਹੈ। ਇਹੀ ਵਜ੍ਹਾ ਹੈ ਕਿ ਮੇਰੀ ਫ਼ਿਲਮੀ ਰਫ਼ਤਾਰ ਥੋੜ੍ਹੀ ਹੌਲੀ ਨਜ਼ਰ ਆ ਰਹੀ ਹੈ, ਪਰ ਇਸਦੇ ਬਾਵਜੂਦ ਮੈਨੂੰ ਆਪਣੀ ਕਾਬਲੀਅਤ ਉੱਤੇ ਪੂਰਾ ਭਰੋਸਾ ਹੈ ਜਿਸਦੇ ਦਮ ਉੱਤੇ ਮੈਂ ਬੌਲੀਵੁੱਡ ਵਿੱਚ ਆਪਣੀ ਜਗ੍ਹਾ ਤਾਂ ਬਣਾ ਹੀ ਲਵਾਂਗੀ। ਦਰਅਸਲ, ਸਾਡੀ ਇੰਡਸਟਰੀ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਬਰਾਬਰ ਦੇ ਮੌਕੇ ਨਹੀਂ ਮਿਲਦੇ, ਜਦੋਂ ਕਿ ਉਨ੍ਹਾਂ ਨੂੰ ਵੀ ਅਜਿਹੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਮੈਂ ਨਹੀਂ ਕਹਿੰਦੀ ਕਿ ਬਾਹਰ ਤੋਂ ਆਏ ਲੋਕਾਂ ਨੂੰ ਮੌਕੇ ਨਹੀਂ ਮਿਲਦੇ, ਮੌਕੇ ਮਿਲਦੇ ਤਾਂ ਜ਼ਰੂਰ ਹਨ, ਪਰ ਘੱਟ ਮਿਲਦੇ ਹਨ।
-ਕਿਧਰੇ ਅਜਿਹਾ ਤਾਂ ਨਹੀਂ ਕਿ ਮਸਾਲਾ ਫ਼ਿਲਮਾਂ ਤੋਂ ਪਰਹੇਜ਼ ਕਾਰਨ ਤੁਹਾਨੂੰ ਘੱਟ ਮੌਕੇ ਮਿਲ ਰਹੇ ਹੋਣ?
– ਅਜਿਹੀ ਗੱਲ ਨਹੀਂ ਹੈ ਕਿਉਂਕਿ ਮੈਂ ਵੀ ਤਾਂ ਮਸਾਲਾ ਫ਼ਿਲਮਾਂ ਕੀਤੀਆਂ ਹਨ। ਮੈਨੂੰ ਮਸਾਲਾ ਫ਼ਿਲਮਾਂ ਤੋਂ ਕੋਈ ਪਰਹੇਜ਼ ਨਹੀਂ ਹੈ ਕਿਉਂਕਿ ਬੌਲੀਵੁੱਡ ਦਾ ਪੂਰਾ ਕੰਮਕਾਜ ਹੀ ਮਸਾਲਾ ਫ਼ਿਲਮਾਂ ਉੱਤੇ ਆਧਾਰਿਤ ਹੈ। ਹਾਂ, ਫ਼ਿਲਮਾਂ ਚਾਹੇ ਕਿਵੇਂ ਦੀਆਂ ਵੀ ਹੋਣ, ਪਰ ਉਨ੍ਹਾਂ ਦੀ ਕਹਾਣੀ ਦਮਦਾਰ ਜ਼ਰੂਰ ਹੋਣੀ ਚਾਹੀਦੀ ਹੈ। ‘ਬਜਰੰਗੀ ਭਾਈਜਾਨ’ ਚੰਗੇ ਕਮਰਸ਼ਲ ਸਿਨਮਾ ਦਾ ਉਦਾਹਰਣ ਹੈ। ਅਸੀਂ ਵੀ ਅਜਿਹੀਆਂ ਚੰਗੀਆਂ ਮਸਾਲਾ ਫ਼ਿਲਮਾਂ ਬਣਾ ਸਕਦੇ ਹਾਂ, ਪਰ ਪਤਾ ਨਹੀਂ ਸਾਨੂੰ ਆਪਣੇ ਆਪ ਉੱਤੇ ਭਰੋਸਾ ਨਹੀਂ ਹੈ, ਉਦੋਂ ਅਸੀਂ ਸਟਾਰ ਐਕਟਰ, ਸਟਾਰ ਨਿਰਦੇਸ਼ਕ ਜਾਂ ਸਟਾਰ ਨਿਰਮਾਤਾ ਲੈਣ ਦੀ ਗੱਲ ਸੋਚਦੇ ਹਾਂ।
-ਤਾਂ ਕੀ ਹੁਣ ਤਕ ਦੇ ਫ਼ਿਲਮੀ ਸਫ਼ਰ ਤੋਂ ਤੁਸੀਂ ਸੰਤੁਸ਼ਟ ਹੋ?
– ਅਸੰਤੁਸ਼ਟ ਹੋਣ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਮੈਂ ਹਮੇਸ਼ਾਂ ਤੋਂ ਹੀ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਇਸ ਲਈ ਆਪਣੇ ਫ਼ਿਲਮੀ ਸਫ਼ਰ ਤੋਂ ਕੇਵਲ ਸੰਤੁਸ਼ਟ ਹੀ ਨਹੀਂ ਬਲਕਿ ਖ਼ੁਸ਼ ਵੀ ਹਾਂ। ਮੇਰੀ ਪਿਛਲੀ ਫ਼ਿਲਮ ‘ਵਜ਼ੀਰ’ ਨੇ ਟਿਕਟ ਖਿੜਕੀ ਉੱਤੇ ਕੁਝ ਖ਼ਾਸ ਜਲਵਾ ਨਹੀਂ ਵਿਖਾਇਆ ਸੀ। ਨਾਲ ਹੀ ਮੇਰੀ ਫ਼ਿਲਮ ‘ਫ਼ਿਤੂਰ’ ਵੀ ਟਿਕਟ ਖਿੜਕੀ ਉੱਤੇ ਕੁਝ ਕਮਾਲ ਨਹੀਂ ਦਿਖਾ ਸਕੀ। ਪਰ ਮੈਂ ਜੇਕਰ ਪਿੱਛੇ ਮੁੜ ਕੇ ਆਪਣਾ ਕਿਰਦਾਰ 20 ਸਾਲ ਬਾਅਦ ਵੀ ਦੇਖਾਂ ਤਾਂ ਮੈਨੂੰ ਆਪਣੇ ਉੱਤੇ ਮਾਣ ਹੋਏਗਾ। ਇਹ 15 ਮਿੰਟ ਦਾ ਕਿਰਦਾਰ ਹੀ ਸਹੀ, ਪਰ ਕਿਰਦਾਰ ਵਿੱਚ ਦਮ ਸੀ। ਹੋ ਸਕਦਾ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਬਹੁਤ ਪਸੰਦ ਨਹੀਂ ਆਈ ਹੋਵੇ, ਪਰ ਸੱਚ ਕਹਾਂ ਤਾਂ ਮੈਂ ਕੇਵਲ ਅਜਿਹੀਆਂ ਫ਼ਿਲਮਾਂ ਹੀ ਕਰਨਾ ਪਸੰਦ ਕਰਦੀ ਹਾਂ ਜਿਨ੍ਹਾਂ ਦੀ ਕਹਾਣੀ, ਨਿਰਦੇਸ਼ਕ ਅਤੇ ਮੇਰਾ ਕਿਰਦਾਰ ਵੀ ਮੈਨੂੰ ਚੰਗਾ ਲੱਗੇ।
-ਆਪਣੀਆਂ ਸਾਥੀ ਅਭਿਨੇਤਰਿਆਂ ਹੁਮਾ ਕੁਰੈਸ਼ੀ, ਰਾਧਿਕਾ ਆਪਟੇ ਆਦਿ ਨੂੰ ਕੀ ਤੁਸੀਂ ਆਪਣੀਆਂ ਪ੍ਰਤੀਯੋਗੀ ਅਭਿਨੇਤਰੀਆਂ ਦੇ ਰੂਪ ਵਿੱਚ ਦੇਖਦੇ ਹੋ ?
-ਵੇਖੋ, ਸਾਨੂੰ ਨਾ ਹੀ ਕਿਸੇ ਫ਼ਿਲਮ ਅਤੇ ਨਾ ਹੀ ਉਸ ਵਿੱਚ ਭਾਗ ਲੈਣ ਵਾਲੇ ਨੂੰ ਪ੍ਰਤੀਯੋਗੀ ਦੀ ਸ਼੍ਰੇਣੀ ਵਿੱਚ ਵੇਖਣਾ ਚਾਹੀਦਾ ਹੈ। ਜੋ ਪ੍ਰਤੀਯੋਗਿਤਾ ਦੀ ਭਾਵਨਾ ਨੂੰ ਲੈ ਕੇ ਅੱਗੇ ਵੱਧਦੇ ਹਨ ਉਨ੍ਹਾਂ ਦੀ ਸੋਚ ਮੇਰੇ ਹਿਸਾਬ ਤੋਂ ਬਹੁਤ ਹੀ ਛੋਟੀ ਹੁੰਦੀ ਹੈ। ਮੈਂ ਆਪਣੇ ਆਪ ਨੂੰ ਹੀ ਆਪਣਾ ਪ੍ਰਤੀਯੋਗੀ ਮੰਨਦੀ ਹਾਂ। ਕੋਈ ਵੀ ਕਿਰਦਾਰ ਕਰਨ ਤੋਂ ਪਹਿਲਾਂ ਉਸਦੀ ਤਿਆਰੀ ਪਿਛਲੇ ਕਿਰਦਾਰ ਤੋਂ ਵੀ ਬਿਹਤਰ ਕਰਨ ਦੀ ਭਾਵਨਾ ਰੱਖਦੀ ਹਾਂ। ਸਿੱਧੀ ਜਿਹੀ ਗੱਲ ਹੈ ਕਿ ਸਾਰੀਆਂ ਅਭਿਨੇਤਰੀਆਂ ਆਪਣਾ ਸਭ ਤੋਂ ਬਿਹਤਰੀਨ ਦਿੰਦੀਆਂ ਹਨ। ਆਪਣੇ ਹਰ ਇੱਕ ਚਰਿੱਤਰ ਨੂੰ ਨਿਭਾਉਣ ਲਈ ਮੈਂ ਹਮੇਸ਼ਾਂ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਆਪਣੇ ਪਿਛਲੇ ਪ੍ਰਦਰਸ਼ਨ ਤੋਂ ਬਿਹਤਰ ਕਰਨਾ ਹੈ।
– ਤੁਸੀਂ ਫ਼ਿਲਮਾਂ ਦੀ ਚੋਣ ਕਿਵੇਂ ਕਰਦੇ ਹੋ ? ਤੁਹਾਨੂੰ ਕਾਮੇਡੀ, ਡਰਾਮਾ, ਰੋਮਾਂਟਿਕ ਜਾਂ ਫ਼ਿਰ ਰੋਮਾਂਚਕ ਕਹਾਣੀਆਂ ਪਸੰਦ ਹਨ?
– ਮੈਨੂੰ ਹਮੇਸ਼ਾਂ ਚੰਗੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਪਸੰਦ ਹੈ ਅਤੇ ਉਸਦੇ ਬਾਅਦ ਫ਼ਿਲਮ ਦੀ ਕਹਾਣੀ ਅਤੇ ਸਾਫ਼ ਜਿਹੀ ਗੱਲ ਹੈ ਮੇਰਾ ਕਿਰਦਾਰ ਕਿਵੇਂ ਹੈ? ਇਸ ਸਭ ਨੂੰ ਜ਼ਹਿਨ ਵਿੱਚ ਰੱਖਕੇ ਹੀ ਮੈਂ ਫ਼ਿਲਮ ਸਾਈਨ ਕਰਦੀ ਹਾਂ। ਮੈਂ ਇਨ੍ਹਾਂ ਸਭ ਦਾ ਧਿਆਨ ਰੱਖਦੀ ਹਾਂ। ਫ਼ਿਰ ਕਿਸੇ ਵੀ ਵਿਸ਼ੇ ਦੀ ਫ਼ਿਲਮ ਕਿਉਂ ਨਾ ਹੋਵੇ, ਮੈਂ ਉਸਦਾ ਹਿੱਸਾ ਬਣਨ ਲਈ ਤਿਆਰ ਹੁੰਦੀ ਹਾਂ। ਪਰ ਮੈਨੂੰ ਇਹ ਫ਼ਾਹਸ਼ ਕਾਮੇਡੀ ਪਸੰਦ ਨਹੀਂ ਹੈ। ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਵਿੱਚ ਅਜਿਹੀਆਂ ਫ਼ਿਲਮਾਂ ਬਣਨੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਉਸਨੂੰ ਠੀਕ ਮਾਅਨੇ ਵਿੱਚ ਪੇਸ਼ ਨਹੀਂ ਕੀਤਾ ਜਾਂਦਾ।
– ਆਪਣੇ ਫ਼ਿਲਮੀ ਸਫ਼ਰ ਤੋਂ ਤੁਸੀਂ ਕੀ ਕੁਝ ਪਾਇਆ?
– ਵੇਖੋ, ਜਦੋਂ ਮੈਂ ਫ਼ਿਲਮ ‘ਦਿੱਲੀ-6’ ਕੀਤੀ ਸੀ ਤਾਂ ਮੈਂ ਬਹੁਤ ਛੋਟੀ ਸੀ। ਕਾਲਜ ਵਿੱਚ ਪੜ੍ਹ ਰਹੀ ਸੀ। ਮੈਨੂੰ ਕੁਝ ਗਿਆਨ ਵੀ ਨਹੀਂ ਸੀ। ਦਰਅਸਲ, ਮੈਨੂੰ ਮਨੋਰੰਜਨ ਬਹੁਤ ਪਸੰਦ ਹੈ। ਮੈਂ ਇੱਕ ਸੱਭਿਆਚਾਰਕ ਪਿਛੋਕੜ ਨਾਲ ਸਬੰਧ ਰੱਖਦੀ ਹਾਂ। ਅੱਜ ਜਿਸ ਮੁਕਾਮ ਉੱਤੇ ਮੈਂ ਹਾਂ, ਉਸ ਤੋਂ ਮੈਂ ਕਾਫ਼ੀ ਸੰਤੁਸ਼ਟ ਹਾਂ। ਮੈਂ ਆਪਣੀ ਮਿਹਨਤ ਲਈ ਜਾਣੀ ਜਾਵਾਂ, ਇਹ ਮੇਰੀ ਇੱਛਾ ਵੀ ਹੈ। ਲੋਕ ਕੁਝ ਸਾਲਾਂ ਬਾਅਦ ਮੈਨੂੰ ਹਜਰਾਤ (ਫ਼ਿਲਮ ‘ਫ਼ਿਤੂਰ’ ਦੇ ਕਿਰਦਾਰ ਦਾ ਨਾਮ) ਦੇ ਨਾਮ ਤੋਂ ਜਾਣਨਗੇ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ। ਅਜੇ ਤਾਂ ਮੈਂ ਹੋਰ ਮਿਹਨਤ ਕਰਨੀ ਹੈ ਅਤੇ ਮੈਂ ਉਸਦੇ ਲਈ ਤਿਆਰ ਵੀ ਹਾਂ।
-ਤੁਹਾਡੀ ਫ਼ਿਲਮ ‘ਔਰ ਦੇਵਦਾਸ’ ਲੰਬੇ ਅਰਸੇ ਤੋਂ ਅਟਕੀ ਹੋਈ ਹੈ। ਫ਼ਿਲਮ ਦੀ ਕੀ ਪ੍ਰਗਤੀ ਹੈ?
– ਚੰਗੀ ਪ੍ਰਗਤੀ ਹੈ ਅਤੇ ਇਹ ਫ਼ਿਲਮ ਛੇਤੀ ਹੀ ਰਿਲੀਜ਼ ਹੋਵੇਗੀ। ਦਰਅਸਲ, ਸੁਧੀਰ ਮਿਸ਼ਰਾ ਵਰਗੇ ਨਿਰਦੇਸ਼ਕ ਕੋਈ ਫ਼ਿਲਮ ਜਲਦਬਾਜ਼ੀ ਵਿੱਚ ਨਹੀਂ ਬਣਾਉਂਦੇ, ਸਗੋਂ ਫ਼ਿਲਮ ਦੇ ਹਰ ਫ਼ਰੇਮ ਉੱਤੇ ਗੰਭੀਰਤਾ ਨਾਲ ਮਿਹਨਤ ਕਰਦੇ ਹਨ ਅਤੇ ਬਿਨਾਂ ਸੰਤੁਸ਼ਟ ਹੋਏ ਉਸਨੂੰ ਖ਼ਤਮ ਨਹੀਂ ਕਰਦੇ। ਉਂਜ, ਇਸ ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਰਿਚਾ ਚੱਢਾ, ਅਨੁਰਾਗ ਕਸ਼ਯਪ, ਸੌਰਭ ਸ਼ੁਕਲਾ, ਦਲੀਪ ਤਾਹਿਲ, ਰਾਹੁਲ ਭੱਟ ਅਤੇ ਜੈਦੀਪ ਰਾਣਾ ਵਰਗੇ ਕਲਾਕਾਰ ਵੀ ਹਨ। ਇਸ ਫ਼ਿਲਮ ਵਿੱਚ ਮੈਂ ਪਾਰੋ, ਜਦੋਂ ਕਿ ਰਿਚਾ ਚੱਢਾ ਚੰਦਰਮੁਖੀ ਦਾ ਕਿਰਦਾਰ ਨਿਭਾ ਰਹੀ ਹੈ।
– ਫ਼ਿਲਮ ‘ਔਰ ਦੇਵਦਾਸ’ ਦੀ ਤੁਲਨਾ ਜਿੰਨੀਆਂ ਵੀ ‘ਦੇਵਦਾਸ’ ਫ਼ਿਲਮਾਂ ਬਣੀਆਂ ਹਨ ਉਨ੍ਹਾਂ ਨਾਲ ਕੀਤੀ ਜਾ ਸਕਦੀ ਹੈ? ਤੁਸੀਂ ਕੀ ਸੋਚਦੇ ਹੋ ?
– ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਕਿਸੇ ਵੀ ਫ਼ਿਲਮ ਦੀ ਕਿਸੇ ਦੂਜੀ ਫ਼ਿਲਮ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਫ਼ਿਲਮਕਾਰ ਦਾ ਅੰਦਾਜ਼ – ਏ – ਬਿਆਨ ਵੱਖ ਹੁੰਦਾ ਹੈ ਅਤੇ ਸੁਧੀਰ ਮਿਸ਼ਰਾ ਆਪਣੇ ਵੱਖ ਅੰਦਾਜ਼ ਲਈ ਹੀ ਜਾਣੇ ਜਾਂਦੇ ਹਨ। ਦਰਅਸਲ, ਫ਼ਿਲਮ ਦਾ ਕਿਰਦਾਰ ਦੇਵਦਾਸ ਦੇ ਕਿਰਦਾਰਾਂ ਦੇ ਬੁਨਿਆਦੀ ਸਾਰ ਤੋਂ ਜ਼ਰੂਰ ਪ੍ਰਭਾਵਿਤ ਹੈ, ਪਰ ਕਹਾਣੀ ਬਹੁਤ ਵੱਖ ਹੈ। ਮੇਰਾ ਕਿਰਦਾਰ ਕਾਲਜ ਦੀ ਪੜ੍ਹਾਈ ਵਿਚਕਾਰ ਛੱਡਣ ਵਾਲੀ ਲੜਕੀ ਦਾ ਹੈ ਅਤੇ ਕਿਸੇ ਤਰ੍ਹਾਂ ਮੈਂ ਰਾਜਨੀਤੀ ਤੋਂ ਪ੍ਰਭਾਵਿਤ ਹੋ ਜਾਂਦੀ ਹਾਂ, ਇਹ ਗੱਲ ਤੁਹਾਨੂੰ ਇਸ ਵਿੱਚ ਦੇਖਣ ਨੂੰ ਮਿਲੇਗੀ। ਇਹ ਤਾਂ ਸਪੱਸ਼ਟ ਹੀ ਸੀ ਕਿ ਸੁਧੀਰ ਮਿਸ਼ਰਾ ਦੀ ਫ਼ਿਲਮ ਹੈ ਤਾਂ ਇਹ ਵੱਖ ਢੰਗ ਦੀ ਹੀ ਬਣ ਰਹੀ ਹੋਏਗੀ ਅਤੇ ਮੈਂ ਇਸਦਾ ਹਿੱਸਾ ਵੀ ਇਸ ਲਈ ਹੀ ਬਣੀ ਹਾਂ।
-ਤੁਸੀਂ ਹੋਰ ਕਿਹੜੀਆਂ ਫ਼ਿਲਮਾਂ ਵਿੱਚ ਕੰਮ ਕਰ ਰਹੇ ਹੋ?
– ਕਈ ਫ਼ਿਲਮਾਂ ਵਿੱਚ ਕੰਮ ਕਰ ਰਹੀ ਹਾਂ ਅਤੇ ਇਨ੍ਹਾਂ ਫ਼ਿਲਮਾਂ ਤੋਂ ਕਾਫ਼ੀ ਸੰਤੁਸ਼ਟ ਵੀ ਹਾਂ। ਮੇਰੇ ਹਿੱਸੇ ਵਿੱਚ ‘ਭੂਮੀ’, ‘ਗੋਲਮਾਲ ਅਗੇਨ’, ‘ਪਦਮਾਵਤੀ’, ‘ਪਸ਼ਮੀਨਾ’ ਵਰਗੀਆਂ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਮੈਨੂੰ ਦਿੱਗਜ ਨਿਰਦੇਸ਼ਕਾਂ ਅਤੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ‘ਪਦਮਾਵਤੀ’ ਵਿੱਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਰਗੇ ਕਲਾਕਾਰ ਹਨ ਤਾਂ ‘ਗੋਲਮਾਲ ਅਗੇਨ’ ਮਲਟੀਸਟਾਰਰ ਫ਼ਿਲਮ ਹੈ। ਇਸੇ ਤਰ੍ਹਾਂ ‘ਭੂਮੀ’ ਵਿੱਚ ਸੰਜੈ ਦੱਤ ਵਰਗੇ ਕਲਾਕਾਰ ਹਨ। ‘ਪਸ਼ਮੀਨਾ’ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਉੱਤੇ ਆਧਾਰਿਤ ਹੈ ਜਿਸਦਾ ਨਿਰਦੇਸ਼ਨ ਦਾਨਿਸ਼ ਰੇਂਜੂ ਕਰ ਰਹੇ ਹਨ। ਇਸ ਵਿੱਚ ਕੇਕੇ ਮੈਨਨ, ਰੋਨਿਤ ਰਾਏ, ਮਿਹਰ ਵਿਜ, ਫ਼ਰੀਦਾ ਜਲਾਲ, ਸੁਨਾਰ ਰਾਜ਼ਦਾਨ ਵਰਗੇ ਕਲਾਕਾਰ ਹਨ।
– ਦੀਪਿਕਾ ਪਾਦੂਕੋਣ ਅਤੇ ਪ੍ਰਿਯੰਕਾ ਚੋਪੜਾ ਨੇ ਹੌਲੀਵੁੱਡ ਵਿੱਚ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੀ ਉਨ੍ਹਾਂ ਦੇ ਪਦਚਿਨ੍ਹਾਂ ਉੱਤੇ ਚੱਲਣਾ ਪਸੰਦ ਕਰੋਗੇ?
-ਦੀਪਿਕਾ ਅਤੇ ਪ੍ਰਿਯੰਕਾ ਨੇ ਹੌਲੀਵੁਡ ਵਿੱਚ ਵੀ ਬੌਲੀਵੁਡ ਦਾ ਝੰਡਾ ਫ਼ਹਰਾਇਆ ਹੈ, ਸੋ ਮੈਂ ਇਸ ਗੱਲ ਲਈ ਉਨ੍ਹਾਂ ਦੀ ਇੱਜ਼ਤ ਕਰਦੀ ਹਾਂ। ਉਨ੍ਹਾਂ ਦੀ ਮਿਹਨਤ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਬੌਲੀਵੁਡ ਹੋਵੇ ਜਾਂ ਹੌਲੀਵੁਡ, ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਜਿੱਥੇ ਤਕ ਮੇਰੀ ਗੱਲ ਹੈ ਤਾਂ ਪਹਿਲਾਂ ਮੈਂ ਆਪਣਾ ਪੈਰ ਬੌਲੀਵੁਡ ਵਿੱਚ ਠੀਕ ਤਰ੍ਹਾਂ ਨਾਲ ਜਮਾਂ ਲਵਾਂ, ਇਹੀ ਮੇਰੇ ਲਈ ਵੱਡੀ ਗੱਲ ਹੋਵੇਗੀ।
– ਤੁਸੀਂ ਫ਼ਿਟਨੈੱਸ ਲਈ ਕੀ ਉਪਾਅ ਅਪਣਾਉਂਦੇ ਹੋ?
– ਫ਼ਿਟਨੈੱਸ ਲਈ ਕੁਝ ਖ਼ਾਸ ਉਪਾਅ ਨਹੀਂ ਕਰਦੀ। ਮੈਂ ਜਿਮ ਨਹੀਂ ਜਾਂਦੀ। ਕੇਵਲ ਯੋਗ, ਇੰਟਰਵਲ ਟ੍ਰੇਨਿੰਗ ਅਤੇ ਡਾਂਸ ਕਰਦੀ ਹਾਂ। ਮੇਰੇ ਹਿਸਾਬ ਨਾਲ ਫ਼ਿੱਟ ਰਹਿਣ ਦਾ ਤਰੀਕਾ ਜਿੰਨਾ ਕੁਦਰਤੀ ਹੋਵੇ, ਉੱਨਾ ਚੰਗਾ ਹੁੰਦਾ ਹੈ। .











