ਘੱਟ ਉਮਰ ‘ਚ ਇੱਕ ਤੋਂ ਬਾਅਦ ਇੱਕ ਸਫ਼ਲ ਫ਼ਿਲਮਾਂ ਅਤੇ ਉਨ੍ਹਾਂ ‘ਚ ਬਹੁਤ ਦਮਦਾਰ ਅਭਿਨੈ ਦੀ ਬਦੌਲਤ ਆਲੀਆ ਭੱਟ ਨੂੰ ਹੁਣ ਟੈਲੈਂਟ ਦੀ ਪੰਡ ਕਿਹਾ ਜਾਣ ਲੱਗਾ ਹੈ। ਤਿੰਨ ਮਹੀਨੇ ਦੇ ਬ੍ਰੇਕ ਤੋਂ ਬਾਅਦ ਆਲੀਆ ਨੇ ਹੁਣੇ ਜਿਹੇ ਤਿੰਨ ਫ਼ਿਲਮਾਂ ਨਾਲ ਵਾਪਸੀ ਕੀਤੀ ਹੈ।ਉਹ ਮਾਰਚ ‘ਚ ਰਿਲੀਜ਼ ਹੋਈ ਆਪਣੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆਂ’ ਤੋਂ ਬਾਅਦ ਤਿੰਨ ਮਹੀਨੇ ਦੇ ਬ੍ਰੇਕ ‘ਤੇ ਸੀ। ਇਸ ਦੌਰਾਨ ਉਸ ਨੇ ਵੱਖ-ਵੱਖ ਤਰ੍ਹਾਂ ਦੇ ਡਾਂਸ ਸਿੱਖੇ ਅਤੇ ਵਿੱਚ-ਵਿੱਚ ਸਫ਼ਰ ਕੀਤਾ। ਹੁਣ ਉਹ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਰਾਜੀ’ ਵਿੱਚ ਵਿੱਕੀ ਕੌਸ਼ਲ ਨਾਲ, ਜ਼ੋਇਆ ਅਖਤਰ ਦੀ ਫ਼ਿਲਮ ‘ਗਲੀ ਬੁਆਏ’ ‘ਚ ਰਣਵੀਰ ਸਿੰਘ ਨਾਲ ਅਤੇ ਅਯਾਨ ਮੁਖਰਜੀ ਦੀ ਫ਼ਿਲਮ ‘ਡ੍ਰੈਗਨ’ ਵਿੱਚ ਰਣਬੀਰ ਕਪੂਰ ਨਾਲ ਲਗਾਤਾਰ ਤਿੰਨ ਫ਼ਿਲਮਾਂ ਲਈ ਕੰਮ ਕਰ ਰਹੀ ਹੈ। ਫ਼ਿਲਮਾਂ ‘ਚ ਹੁਣ ਤੱਕ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਚੁੱਕੀ ਆਲੀਆ ਕਹਿੰਦੀ ਹੈ, ”ਮੈਂ ਅਜੇ ਵੀ ਉਹੀ ਇਨਸਾਨ ਹਾਂ। ਮੇਰਾ ਜਨਮ ਹੋਣ ਵੇਲੇ ਤੋਂ ਅਤੇ ਹੁਣ ਜਦੋਂ ਮੈਂ ਕੰਮ ਕਰ ਰਹੀ ਹਾਂ, ਮੈਂ ਅਜੇ ਵੀ ਉਹੀ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਕੀਤਾ ਹੈ। ਮੈਂ ਮੰਨਦੀ ਹਾਂ ਕਿ ਮੈਂ ਕੰਮ ਕਰ ਰਹੀ ਹਾਂ ਅਤੇ ਪ੍ਰਾਪਤੀਆਂ ਇਸ ਦਾ ਹੀ ਇੱਕ ਫ਼ਲ ਹਨ।” ਆਲੀਆ ਦਾ ਕਹਿਣਾ ਹੈ ਕਿ ਕਿਸੇ ਤੀਸਰੇ ਵਿਅਕਤੀ ਦੇ ਨਜ਼ਰੀਏ ਤੋਂ ਉਸ ਨੇ ਕਦੇ ਆਪਣੇ ਅਤੇ ਆਪਣੇ ਕਰੀਅਰ ‘ਤੇ ਕੋਈ ਦਬਾਅ ਨਹੀਂ ਪਾਇਆ। ਉਸ ਮੁਤਾਬਕ, ”ਮੈਂ ਆਪਣੇ ਨਜ਼ਰੀਏ ਤੋਂ ਆਪਣੇ ‘ਤੇ ਦਬਾਅ ਪਾਉਂਦੀ ਹਾਂ। ਮੈਂ ਖੁਦ ਨੂੰ ਚੁਣੌਤੀ ਦੇਣਾ ਚਾਹੁੰਦੀ ਹਾਂ। ਮੈਂ ਗੰਭੀਰ ਭੂਮਿਕਾਵਾਂ ਕਰਨੀਆਂ ਚਾਹੁੰਦੀ ਹਾਂ ਅਤੇ ਨਾਲ ਹੀ ਮੈਂ ਕਾਮੇਡੀ ਵੀ ਕਰਨੀ ਚਾਹੁੰਦੀ ਹਾਂ।”











