ਇੱਕ ਅਭਿਨੇਤਾ ਦੇ ਰੂਪ ‘ਚ ਆਪਣੇ ਆਪ ਨੂੰ

ਮੁੜ ਢਾਲਣਾ ਇੱਕ ਚੁਣੌਤੀ ਹੈ: ਅਨੁਪਮ ਖੇਰ
ਬਾਲੀਵੁੱਡ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਇਨੀ ਦਿਨੀਂ ਬਾਰੂ ਦੀ ਵਿਵਾਦਿਤ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ : ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ’ ‘ਤੇ ਆਧਾਰਿਤ ਫ਼ਿਲਮ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੌਰ ਰਿਹਾ ਹੈ। ਹਾਲ ਹੀ ‘ਚ ਇਸ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਉਹ ਪੂਰੀ ਤਰ੍ਹਾਂ ਮਨਮੋਹਨ ਸਿੰਘ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਹਨ। ਬੀਤੇ ਬੁੱਧਵਾਰ ਨੂੰ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ। ਅਨੁਪਮ ਖੇਰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਅਨੁਪਮ ਨੇ ਟਵੀਟ ਕਰਦੇ ਹੋਏ ਕਿਹਾ, ”ਆਪਣੇ ਆਪ ਨੂੰ ਇੱਕ ਅਭਿਨੇਤਾ ਦੇ ਰੂਪ ‘ਚ ਫ਼ਿਰ ਤੋਂ ਢਾਲਣਾ ਆਪਣੇ ਆਪ ‘ਚ ਚੁਣੌਤੀ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਚ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ।” ਇਹ ਫ਼ਿਲਮ 2018 ‘ਚ ਰਿਲੀਜ਼ ਹੋਵੇਗੀ।ਇਸ ਫ਼ਿਲਮ ਦਾ ਨਿਰਦੇਸ਼ਨ ਰਤਨਾਕਰ ਗੁੱਟੇ ਕਰ ਰਹੇ ਹਨ ਤੇ ਸੁਨੀਲ ਬੋਹਰਾ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।ਦੱਸਣਯੋਗ ਹੈ ਕਿ ਸੰਜੇ ਬਾਰੂ 2004 ਤੋਂ 2008 ਤਕ ਪ੍ਰਧਾਨ ਮੰਤਰੀ ਦਫ਼ਤਰ ‘ਚ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ। ਬਾਰੂ ਨੇ ਆਪਣੀ ਕਿਤਾਬ ‘ਚ ਦਾਅਵਾ ਕੀਤਾ ਹੈ ਕਿ ਮਨਮੋਹਨ ਸਿੰਘ ਦੇ ਕੰਮਕਾਜ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਵਾਰ-ਵਾਰ ਦਖਲ ਰਿਹਾ ਸੀ। ਹਾਲਾਂਕਿ ਇਸ ਕਿਤਾਬ ਨੂੰ ਕਾਂਗਰਸ ਪਾਰਟੀ ਨੇ ਖਾਰਜ ਕਰ ਦਿੱਤਾ ਸੀ ਪਰ ਇਸ ਕਿਤਾਬ ਨਾਲ ਉਸ ਧਾਰਨਾ ਨੂੰ ਜ਼ੋਰ ਮਿਲਿਆ ਕਿ ਮਨਮੋਹਨ ਸਿੰਘ ਇੱਕ ‘ਖਾਮੋਸ਼’ ਪੀ. ਐੱਮ. ਸਨ ਤੇ ਉਨ੍ਹਾਂ ਨੂੰ ਆਪਣੇ ਦਮ ‘ਤੇ ਫ਼ੈਸਲੇ ਲੈਣ ਦੀ ਆਜ਼ਾਦੀ ਨਹੀਂ ਸੀ।