ਕੈਂਸਰ ਦੇ ਲੱਛਣ, ਕਾਰਨ ਤੇ ਸਾਵਧਾਨੀਆਂ

ਕੈਂਸਰ ਵੀ ਬਾਕੀ ਬਿਮਾਰੀਆਂ ਵਾਂਗ ਇੱਕ ਰੋਗ ਹੈ। ਪ੍ਰੀਭਾਸ਼ਾ ਅਨੁਸਾਰ ਇਹ ਕੋਸ਼ਿਕਾਵਾਂ (ਤੰਤੂਆਂ) ਦਾ ਅਸਾਧਾਰਨ ਵਾਧਾ ਹੁੰਦਾ ਹੈ, ਜੋ ਬਗੈਰ ਰੋਕ-ਟੋਕ, ਬਗੈਰ ਕੰਟਰੋਲ ਵਧਦਾ ਹੋਇਆ ਨਾਰਮਲ ਤੰਤੂਆਂ ਤੋਂ ਵੱਡਾ ਹੋ ਜਾਵੇ ਤੇ ਫ਼ਿਰ ਵੀ ਨਾ ਰੁਕੇ ਅਤੇ ਜਿਨ੍ਹਾਂ ਕਾਰਨਾਂ ਕਰਕੇ ਇਹ ਵਾਧਾ ਉਤਪੰਨ ਹੋਇਆ ਸੀ, ਉਹ ਕਾਰਨ ਹਟਾਉਣ ਤੋਂ ਬਾਅਦ ਵੀ ਉਸੇ ਗਤੀ ਨਾਲ ਵਧੀ ਜਾਵੇ, ਉਹ ਕੈਂਸਰ ਹੁੰਦਾ ਹੈ । ਤੰਤੂਆਂ ਦਾ ਇਹ ਅਸਾਧਾਰਨ ਵਾਧਾ ਇੱਕ ਗਿਲਟੀ ਬਣ ਜਾਂਦਾ ਹੈ ਜੋ ਨਾਰਮਲ ਤੰਤੂਆਂ ਦੇ ਸਿਰ ‘ਤੇ ਪਲਦੀ ਹੈ। ਇਹ ਤੰਤੂਆਂ ਵੱਲੋਂ ਵਰਤੇ ਜਾਣ ਵਾਲੇ ਤੱਤਾਂ ਨੂੰ ਵਰਤ ਲੈਂਦੀ ਹੈ ਜਿਸ ਕਰਕੇ ਨਾਰਮਲ ਤੰਤੂ ਕਮਜ਼ੋਰ ਹੋਈ ਜਾਂਦੇ ਹਨ । ਕੈਂਸਰ ਹੋਏ ਹੋਣ ਦਾ ਸ਼ੱਕ ਇਨ੍ਹਾਂ ਲੱਛਣਾਂ ਕਰਕੇ ਪੈਦਾ ਹੁੰਦਾ ਹੈ:-
ਭਾਰ ਤੇ ਭੁੱਖ ਘਟਣਾ, ਦਰਦ-ਰਹਿਤ ਕੋਈ ਜ਼ਖ਼ਮ / ਫ਼ੋੜਾ, ਕਬਜ਼, ਥੁੱਕ, ਪਿਸ਼ਾਬ ਜਾਂ ਪਖਾਨੇ ਨਾਲ ਖੂਨ ਆਉਣਾ, ਔਰਤਾਂ ਦੀ ਛਾਤੀ ਜਾਂ ਧੋਣ ਵਿੱਚ ਗਿਲਟੀਆਂ, ਮੂੰਹ ਵਿੱਚ ਪੁਰਾਣਾ ਛਾਲਾ, ਔਰਤਾਂ ਵਿੱਚ ਮਹਾਂਵਾਰੀ ਜ਼ਿਆਦਾ ਤੇ ਬੇਤਰਤੀਬੀ ਹੋਣਾ, ਆਦਿ । ਕੁਝ ਕੈਂਸਰ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਹੁੰਦੇ ਹਨ ਜਿਵੇਂ:- -ਛਾਤੀ ਦਾ ਕੈਂਸਰ (ਮਰਦਾਂ ਵਿੱਚ ਵੀ ਹੋ ਜਾਂਦਾ ਪਰ ਔਰਤਾਂ ਨਾਲੋਂ ਘੱਟ ਹੁੰਦਾ ਹੈ)
– ਬੱਚੇਦਾਨੀ ਦਾ ਕੈਂਸਰ (ਸਿਰਫ਼ ਔਰਤਾਂ ਵਿੱਚ)
-ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਾਂ ਕੈਂਸਰ ਸਰਵਿਕਸ (ਸਿਰਫ਼ ਔਰਤਾਂ ਵਿੱਚ)
– ਅੰਡ-ਕੋਸ਼ ਦਾ ਕੈਂਸਰ (ਸਿਰਫ਼ ਔਰਤਾਂ ਵਿੱਚ)
– ਗਿਲ੍ਹੜ ਦਾ ਕੈਂਸਰ (ਮਰਦਾਂ ਵਿੱਚ ਵੀ, ਪਰ ਔਰਤਾਂ ਨਾਲੋਂ ਘੱਟ ਹੁੰਦਾ ਹੈ) ।
-ਪਿੱਤੇ ਦਾ ਕੈਂਸਰ (ਮਰਦਾਂ ਵਿੱਚ ਵੀ, ਪਰ ਔਰਤਾਂ ਨਾਲੋਂ ਘੱਟ ਹੁੰਦਾ ਹੈ) ।
ਕੈਂਸਰ ਦੇ ਅੰਕੜਿਆਂ ਵਿੱਚ ਵਾਧਾ ਸ਼ਹਿਰੀਕਰਣ ਤੇ ਚੇਤੰਨਤਾ ਕਾਰਨ, ਕੇਸਾਂ ਦੀ ਵਧੀ ਹੋਈ ਰਿਪੋਰਟਿੰਗ, ਜੀਵਨ ਵਿਧੀ ਵਿੱਚ ਤਬਦੀਲੀਆਂ, ਜਨਸੰਖਿਆਂ ਵਿੱਚ ਵਾਧਾ ਤੇ ਜੀਵਨ ਕਾਲ ਦੇ ਸਾਲਾਂ ਵਿੱਚ ਵਾਧਾ (ਜਿਸ ਨਾਲ ਵੱਡੀ ਉਮਰ ਵਾਲੇ ਵਿਅਕਤੀਆਂ ਦੀ ਗਿਣਤੀ ਵਧੀ ਹੈ)। ਭਾਰਤ ਵਿੱਚ 1971 ਦੌਰਾਨ ਔਸਤ ਉਮਰ 45 ਸਾਲ ਸੀ ਜੋ 1991 ਵਿੱਚ 52 ਸਾਲ ਹੋ ਗਈ। ਉਮੀਦ ਹੈ ਕਿ 2021 ਤੱਕ ਉਮਰ ਔਸਤ70 ਸਾਲ ਹੋ ਜਾਵੇਗੀ।
ਪੰਜਾਬ ਵਿੱਚ ਨੈਸ਼ਨਲ ਕੈਂਸਰ ਰਜਿਸਟਰੀ ਦਾ ਪ੍ਰਿੰਸੀਪਲ ਇਨਵੈਸਟੀਗੇਟਰ ਹੋਣ ਕਰਕੇ ਮੈਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ । ਪਿਛਲੇ ਸਾਲ ਪੂਰਬੀ ਰਾਜਾਂ ਦੀਆਂ ਕੈਂਸਰ ਰਜਿਸਟਰੀਆਂ ਦੀ ਕੋਹੀਮਾ (ਨਾਗਾਲੈਂਡ) ਵਿਖੇ ਹੋਈ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਉਸ ਖੇਤਰ ਵਿੱਚ ਸਭ ਤੋਂ ਵੱਧ ਕੈਂਸਰ ਮਿਹਦੇ ਅਤੇ ਅੰਤੜੀਆਂ ਦੇ ਹਨ ਕਿਉਂਕਿ ਉਥੋਂ ਦੇ ਲੋਕ ਹਰ ਤਰ੍ਹਾਂ ਦੇ ਵੱਡੇ ਛੋਟੇ ਜੰਗਲੀ ਜਾਨਵਰ ਭੁੰਨ ਕੇ ਖਾਂਦੇ ਹਨ, ਕੁੱਤਿਆਂ ਨੂੰ ਵੀ ਨਹੀਂ ਛੱਡਦੇ। ਉਨ੍ਹਾਂ ਦੇ ਪਕਾਉਣ ਦਾ ਢੰਗ ਵੀ ਵਧੀਆ ਨਹੀਂ ਹੈ। ਇਸੇ ਤਰ੍ਹਾਂ ਕਸ਼ਮੀਰ ਵਿੱਚ ਵੀ ਮਿਹਦੇ ਦਾ ਕੈਂਸਰ, ਪੰਜਾਬ ਤੇ ਦਿੱਲੀ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ ਕਿਉਂਕਿ ਕਸ਼ਮੀਰੀ, ਤਿੰਨੇ ਵੇਲੇ ਮੀਟ (ਬੱਕਰਾ, ਭੇਡੂ, ਗਾਂ, ਮੱਝ) ਖਾਣ ਦੇ ਸ਼ੌਕੀਨ ਹਨ।
ਪੰਜਾਬ ਦੇ ਮਾਲਵਾ ਖੇਤਰ (ਬਠਿੰਡਾ, ਮਾਨਸਾ, ਸਰਦੂਲਗੜ੍ਹ, ਮੁਕਤਸਰ) ਵਿੱਚ ਕੈਂਸਰ ਵਧੇਰੇ ਹੋਣ ਦੀਆਂ ਕਾਫ਼ੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ । ਕਪਾਹ / ਨਰਮੇ ਦੀਆਂ ਫ਼ਸਲਾਂ ‘ਤੇ ਕੀਟਨਾਸ਼ਕ ਦਵਾਈਆਂ, ਪਾਣੀ ਦਾ ਪ੍ਰਦੂਸ਼ਣ, ਯੂਰੇਨੀਅਮ, ਥਰਮਲ ਪਲਾਂਟਾਂ ਦੀ ਸਵਾਹ, ਲੁਧਿਆਣੇ ਦੇ ਰੰਗਾਈ ਵਾਲੇ ਯੂਨਿਟਾਂ ਤੇ ਚਮੜੇ ਦੀ ਰੰਗਾਈ ਵਾਲੇ ਪਾਣੀ ਆਦਿ, ਵਧੇਰੇ ਕੈਂਸਰ ਕੇਸਾਂ ਵਾਸਤੇ ਜ਼ਿੰਮੇਵਾਰ ਦੱਸੇ ਜਾਂਦੇ ਹਨ । ਇਸ ਸਬੰਧੀ ਅਧਿਐਨ ਜਾਰੀ ਹਨ ਤੇ ਸਹੀ ਤੇ ਯਕੀਨੀ ਅੰਕੜੇ ਪ੍ਰਾਪਤ ਕਰਨ ਲਈ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅਧੀਨ ਕੰਮ ਸ਼ੁਰੂ ਕੀਤਾ ਗਿਆ ਹੈ।
ਲਖਨਊ, ਇਲਾਹਾਬਾਦ, ਕਾਨਪੁਰ, ਪਟਨਾ ਆਦਿ ਥਾਵਾਂ ਦੇ ਵਧੇਰੇ ਲੋਕ, ਪਾਨ, ਸੁਪਾਰੀ, ਬੀੜੀਆਂ, ਤੰਬਾਕੂ ਦੇ ਆਦੀ ਹਨ। ਇਸ ਲਈ ਇਨ੍ਹਾਂ ਸ਼ਹਿਰਾਂ ਅਤੇ ਖੇਤਰਾਂ ਵਿੱਚ ਮੂੰਹ ਦਾ ਕੈਂਸਰ, ਨੰਬਰ ਇੱਕ ‘ਤੇ ਹੈ। ਮੁਸਲਮਾਨਾਂ ਵਿੱਚ, ਬਚਪਨ ‘ਚ ਹੀ ਸੁੰਨਤ ਕਰਨ ਦੀ ਰੀਤ ਹੈ, ਇਸ ਲਈ ਉਨ੍ਹਾਂ ਵਿੱਚ ਮਰਦਾਂ ਦੇ ਲਿੰਗ ਦਾ ਕੈਂਸਰ ਘੱਟ ਹੁੰਦਾ ਹੈ । ਸੋ ਇਹ ਗੱਲ ਤਾਂ ਸਿੱਧ ਹੋ ਚੁੱਕੀ ਹੈ ਕਿ ਖਾਣ ਪੀਣ ਦੀਆਂ ਆਦਤਾਂ ਜਾਂ ਰਿਵਾਜ, ਉਸ ਖਿੱਤੇ ਵਿੱਚ ਕਿਸੇ ਖ਼ਾਸ ਕਿਸਮ ਦੇ ਕੈਂਸਰ ਦਾ ਕਾਰਨ ਬਣਦੇ ਹਨ ।
ਚੇਤੰਨਤਾ ਦੀ ਘਾਟ, ਆਵਾਜਾਈ ਸਾਧਨਾਂ ਲਈ ਕਿਰਾਏ ਤੋਂ ਵਿਹੂਣੇ ਗਰੀਬ ਲੋਕ, ਜਾਂ ਔਰਤਾਂ ਵਿੱਚ ਸੰਗ-ਸ਼ਰਮ ਕਾਰਨ, ਜਾਂਚ ਤੇ ਇਲਾਜ ਲਈ ਤਕਰੀਬਨ 70 ਫ਼ੀਸਦੀ ਤੋਂ ਵਧੇਰੇ ਰੋਗੀ, ਡਾਕਟਰੀ ਸਹਾਇਤਾ ਲਈ ਕਾਫ਼ੀ ਲੇਟ ਪੁੱਜਦੇ ਹਨ ਜਿਸ ਕਰਕੇ ਕੈਂਸਰ ਰੋਗੀਆਂ ਦੇ ਜੀਵਨ ਦੇ ਸਾਲ ਕਾਫ਼ੀ ਘਟ ਜਾਂਦੇ ਹਨ। ਕੈਂਸਰ ਕੇਵਲ ਰੋਗੀਆਂ ਦੀ ਗਿਣਤੀ ਨਾਲ ਹੀ ਨਹੀਂ ਹਨ, ਕਈ ਹੋਰ ਗੱਲਾਂ ਕਰਕੇ ਵੀ ਆਪਣੇ ਰੰਗ ਵਿਖਾਉਂਦਾ ਹੈ । ਇਸ ਦਾ ਪਤਾ ਲੱਗਣ ‘ਤੇ, ਰੋਗੀ ਤੇ ਉਹਦੇ ਸਕੇ-ਸਬੰਧੀਆਂ ਨੂੰ ਵੱਡਾ ਮਾਨਸਿਕ ਧੱਕਾ ਲਗਦਾ ਹੈ। ਗੁਰਬਤ ਦੇ ਮਾਰੇ ਲੋਕਾਂ ਨੂੰ ਇਲਾਜ ਲਈ ਪੈਸੇ ਜੁਟਾਉਣ ਦੀ ਚਿੰਤਾ ਹੋ ਜਾਂਦੀ ਹੈ । ਮੱਧ ਵਰਗ ਵਾਲੇ ਲੋਕ ਵੀ ਇਸ ਤੰਗੀ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਕਮਾਉਣ ਵਾਲਾ ਬੀਮਾਰ ਹੋਵੇ ਤਾਂ ਕਾਰੋਬਾਰ ਬੰਦ ਹੋ ਜਾਂਦਾ ਹੈ ਤੇ ਖ਼ਰਚਾ ਵੀ ਰੋਜ਼ਾਨਾ ਹੋਈ ਜਾਂਦਾ ਹੈ। ਇਸ ਨਾਲ ਸਾਰੇ ਪਰਿਵਾਰ ਦੇ ਰੋਜ਼ਾਨਾ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ ਜਿਸ ਨਾਲ ਮਾਇੱਕ ਸਥਿਤੀ ਉਪਰ ਹੋਰ ਵੀ ਮਾੜਾ ਅਸਰ ਪੈਂਦਾ ਹੈ ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ ਦੇ ਕੈਂਸਰ ਰਜਿਸਟਰੀ ਪ੍ਰੋਗਰਾਮ ਅਧੀਨ ਚੱਲ ਰਹੇ ਪਾਪੂਲੇਸ਼ਨ ਬੇਸਡ ਕੈਂਸਰ ਰਜਿਸਟਰੀ ਪ੍ਰੋਜੈਕਟਾਂ ਤੋਂ ਇੱਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ
ਕੈਂਸਰ ਤੋਂ ਬਚਾਅ ਲਈ ਸਿਗਰਟ, ਸ਼ਰਾਬ, ਆਦਿ ਤੋਂ ਪ੍ਰਹੇਜ਼ ਕਰੋ। ਨਿਯਮਿਤ ਵਰਜ਼ਿਸ਼ ਕਰੋ। ਸਲਾਦ ਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਵਧੇਰੇ ਖਾਓ। ਖਾਣ ਪੀਣ ਦੀਆਂ ਵਸਤਾਂ ਵਿੱਚ ਮਾਸਾਹਾਰੀ ਘੱਟ ਸੇਵਨ ਕਰੋ। ਅਲਟਰਾ ਵਾਇਲੈਟ ਕਿਰਨਾਂ (ਚਮੜੀ ਦੇ ਕੈਂਸਰ ਦਾ ਕਾਰਨ) ਤੋਂ ਬਚਣ ਲਈ ਬਹੁਤ ਜ਼ਿਆਦਾ ਧੁੱਪ ਨਾ ਸੇਕੋ। ਸਨ ਸਕਰੀਨ ਦੀ ਵਰਤੋਂ ਕਰੋ। ਚਮੜੀ ਦੀ ਸਾਫ਼ ਸਫ਼ਾਈ ਰੱਖੋ। ਘਰ ਤੇ ਦੁਆਲੇ ਸਾਫ਼ ਸਫ਼ਾਈ ਰੱਖੋ। ਸੰਤੁਲਿਤ ਅਤੇ ਸਾਫ਼ ਸੁਥਰਾ ਭੋਜਨ ਛਕੋ ।ਜਦੋਂ ਕੈਂਸਰ ਦਾ ਸ਼ੱਕ ਪਵੇ ਤਾਂ ਸਿਰਫ਼ ਮਾਹਿਰ ਡਾਕਟਰ ਕੋਲੋਂ ਸਲਾਹ ਲਵੋ।
ਡਾ. ਮਨਜੀਤ ਸਿੰਘ ਬੱਲ
83508-00237