ਟਾਈਗਰ ਸ਼ਰੌਫ਼ ਨਾਲ ਫ਼ਿਲਮ ‘ਮੁੰਨਾ ਮਾਈਕਲ’ ਨਾਲ ਬੌਲੀਵੁਡ ਵਿੱਚ ਕਦਮ ਰੱਖ ਰਹੀ ਅਦਾਕਾਰਾ ਨਿਧੀ ਅਗਰਵਾਲ ਉੱਤਰ ਭਾਰਤ ਤੋਂ ਹੈ, ਪਰ ਉਸ ਦਾ ਪਾਲਣ ਪੋਸ਼ਣ ਬੰਗਲੁਰੂ ਵਿੱਚ ਹੋਇਆ। ਉਹ ਬਚਪਨ ਤੋਂ ਹੀ ਅਭਿਨੇਤਰੀ ਬਣਨ ਦਾ ਸੁਪਨਾ ਦੇਖ ਰਹੀ ਸੀ। ਇਸ ਲਈ ਉਸ ਨੇ ਮਾਡਲ ਅਤੇ ਡਾਂਸਰ ਦੇ ਰੂਪ ਵਿੱਚ ਪਹਿਲਾਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਸੀ। 2014 ਵਿੱਚ ‘ਮਿਸ ਦੀਵਾ’ ਚੁਣੀ ਜਾਣ ‘ਤੇ ਉਸ ਨੇ ਤੁਰੰਤ ਮੁੰਬਈ ਦਾ ਰੁਖ਼ ਕਰ ਲਿਆ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਸੀਂ ਮਾਡਲ ਰਹੇ ਹੋ ਤਾਂ ਫ਼ਿਰ ਅਭਿਨੈ ਦੀ ਤਰਫ਼ ਕਿਵੇਂ ਆਏ?
-ਮੈਂ ਮਾਰਕੀਟਿੰਗ ਵਿੱਚ ਬੀਬੀਐੱਮ ਕੀਤੀ ਹੈ। ਇਸ ਤੋਂ ਇਲਾਵਾ ਫ਼ੈਸ਼ਨ ਦਾ ਕੋਰਸ ਕੀਤਾ ਹੈ। ਮੈਂ ਫ਼ਿਰ ਇਹ ਛੱਡਕੇ ਮਾਡਲਿੰਗ ਅਤੇ ਰੈਂਪ ਵਾਕ ਕਰਨ ਲੱਗ ਪਈ ਸੀ। ਬਚਪਨ ਤੋਂ ਹੀ ਮੈਂ ਠਾਣ ਲਿਆ ਸੀ ਕਿ ਮੈਂ ਅਭਿਨੇਤਰੀ ਬਣਨਾ ਹੈ, ਜਦੋਂ ਕਿ ਘਰ ਦਾ ਮਾਹੌਲ ਵਪਾਰ ਦਾ ਰਿਹਾ ਹੈ। ਇਸ ਲਈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਮੈਂ ਪਰਿਵਾਰ ਦੇ ਵਪਾਰ ਵਿੱਚ ਵੀ ਹੱਥ ਵਟਾਇਆ, ਪਰ ਮੈਨੂੰ ਲੱਗਾ ਕਿ ਮੈਂ ਇਹ ਸਭ ਕਿਉਂ ਕਰ ਰਹੀ ਹਾਂ? ਅਸਲ ਵਿੱਚ ਮੈਂ ਮੱਧ ਵਰਗੀ ਅਤੇ ਸਾਧਾਰਨ ਪਰਿਵਾਰ ਤੋਂ ਹਾਂ। ਮੇਰੇ ਆਪਣੇ ਸੁਪਨੇ ਹਨ, ਮੈਨੂੰ ਪਤਾ ਹੈ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਮੈਂ ਅਭਿਨੇਤਰੀ ਬਣਨਾ ਸੀ, ਪਰ ਇਹ ਪਤਾ ਨਹੀਂ ਸੀ ਕਿ ਮੈਂ ਕਿਸ ਤਰ੍ਹਾਂ ਅੱਗੇ ਵਧਾਂ? ਕਿਵੇਂ ਇਸ ਖੇਤਰ ਵਿੱਚ ਆਵਾਂ? ਕਈ ਵਾਰ ਮੈਨੂੰ ਲੱਗਦਾ ਸੀ ਕਿ ਮੁੰਬਈ ਬਹੁਤ ਦੂਰ ਹੈ। ਉੱਥੇ ਮੇਰਾ ਕੋਈ ਜਾਣਕਾਰ ਵੀ ਨਹੀਂ ਹੈ। ਕਈ ਵਾਰ ਮੈਨੂੰ ਲੱਗਦਾ ਸੀ ਕਿ ਮੈਂ ਅਭਿਨੇਤਰੀ ਨਹੀਂ ਬਣ ਸਕਾਂਗੀ, ਪਰ ਮੇਰਾ ਆਤਮ ਵਿਸ਼ਵਾਸ ਮੈਨੂੰ ਹੱਲਾਸ਼ੇਰੀ ਦਿੰਦਾ ਰਿਹਾ। ਮੈਂ ਬੰਗਲੁਰੂ ਵਿੱਚ ਗੱਡੀ ਵਿੱਚ ਆਉਂਦੇ ਜਾਂਦੇ ਸੜਕ ਦੇ ਕਿਨਾਰੇ ‘ਤੇ ਲਗਾਏ ਹੋਰਡਿੰਗਜ਼ ਵਿੱਚ ਦੀਪਿਕਾ ਪਾਦੂਕੋਣ ਦਾ ਚਿਹਰਾ ਵੇਖਦੀ ਸੀ ਅਤੇ ਸੋਚਦੀ ਸੀ ਕਿ ਕਾਸ਼ ਮੇਰੇ ਵੀ ਇਸੇ ਤਰ੍ਹਾਂ ਦੇ ਪੋਸਟਰ ਲੱਗਣ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਮੈਨੂੰ ਮਾਡਲਿੰਗ ਦੀਆਂ ਕੁਝ ਚੰਗੀਆਂ ਪੇਸ਼ਕਸ਼ਾਂ ਆਈਆਂ ਤਾਂ ਉਨ੍ਹਾਂ ਨੂੰ ਵੇਖਕੇ ਮੇਰੇ ਕੋਲ ਕੰਨੜ ਫ਼ਿਲਮਾਂ ਦੇ ਪ੍ਰਸਤਾਵ ਆਉਣ ਲੱਗੇ। ਪਰ ਮੈਂ ਉਹ ਫ਼ਿਲਮਾਂ ਨਹੀਂ ਕੀਤੀਆਂ। ਇਸ ਦੌਰਾਨ ਹੀ ਮੈਂ ਮਿਸ ਦੀਵਾ 2014 ਚੁਣੀ ਗਈ। ਉੱਥੇ ਹੀ ਮੇਰੀ ਇੱਕ ਕਾਸਟਿੰਗ ਡਾਇਰੈਕਟਰ ਨਾਲ ਮੁਲਾਕਾਤ ਹੋਈ। ਉਸਨੇ ਕਿਹਾ ਕਿ ਮੈਨੂੰ ਮੁੰਬਈ ਹੀ ਆਉਣਾ ਪਏਗਾ ਤੇ ਮੈਂ ਇੱਥੇ ਆ ਗਈ। ਹੁਣ ਮੇਰੇ ਕਰੀਅਰ ਦੀ ਪਹਿਲੀ ਫ਼ਿਲਮ ‘ਮੁੰਨਾ ਮਾਈਕਲ’ ਪ੍ਰਦਰਸ਼ਿਤ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।
-ਮੁੰਬਈ ਪੁੱਜਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਖਲਾਈ ਲਈ?
-ਮੇਰੇ ਪਿਤਾ ਪੇਸ਼ੇਵਰ ਜ਼ਰੂਰ ਹਨ, ਪਰ ਉਨ੍ਹਾਂ ਦੇ ਅੰਦਰ ਕਿਧਰੇ ਨਾ ਕਿਧਰੇ ਕਲਾ ਪ੍ਰਤੀ ਪ੍ਰੇਮ ਵੀ ਹੈ। ਇਸ ਲਈ ਮੈਨੂੰ ਬਚਪਨ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਸੱਤ ਸਾਲ ਤਕ ਬੈਲੇ ਡਾਂਸ ਸਿੱਖਿਆ। ਫ਼ਿਰ ਮੈਂ ਕੱਥਕ, ਜੈਜ਼ ਤੇ ਭਰਤਨਾਟਿਅਮ ਵੀ ਸਿੱਖਿਆ। ਮੁੰਬਈ ਆਉਣ ਤੋਂ ਬਾਅਦ ਮੈਂ ਅਭਿਸ਼ੇਕ ਪੰਡਿਤ ਤੋਂ ਅਭਿਨੈ ਦੀ ਸਿਖਲਾਈ ਲਈ।
-ਫ਼ਿਲਮ ‘ਮੁੰਨਾ ਮਾਈਕਲ’ ਨਾਲ ਹੀ ਕਰੀਅਰ ਦੀ ਸ਼ੁਰੂਆਤ ਕਿਉਂ ?
– ਫ਼ਿਲਮ ਸਾਇਨ ਕਰਨ ਤੋਂ ਪਹਿਲਾਂ ਮੈਂ ਪਟਕਥਾ ਸੁਣੀ ਸੀ ਅਤੇ ਉਹ ਮੈਨੂੰ ਬਹੁਤ ਚੰਗੀ ਲੱਗੀ। ਜਦੋਂ ਨਵਾਜ਼ੂਦੀਨ ਸਿੱਦੀਕੀ ਨੇ ‘ਮੁੰਨਾ ਮਾਈਕਲ’ ਲਈ ਹਾਮੀ ਭਰ ਦਿੱਤੀ ਤਾਂ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਰਿਹਾ। ਫ਼ਿਰ ਟਾਈਗਰ ਸ਼ਰੌਫ਼ ਵਰਗੇ ਸਫ਼ਲ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਸੀ। ਅਜਿਹੀ ਫ਼ਿਲਮ ਨੂੰ ਮੈਂ ਕਿਵੇਂ ਛੱਡ ਸਕਦੀ ਸੀ? ਇਹ ਤਾਂ ਚੰਗਾ ਹੋਇਆ ਕਿ ਨਿਰਮਾਤਾ ਨਵੀਂ ਅਦਾਕਾਰਾ ਚਾਹੁੰਦੇ ਸਨ, ਨਹੀਂ ਤਾਂ ਸਥਾਪਿਤ ਅਭਿਨੇਤਰੀਆਂ ਵੀ ਇਸ ਕਿਰਦਾਰ ਨੂੰ ਨਿਭਾਉਣ ਤੋਂ ਮਨ੍ਹਾਂ ਨਹੀਂ ਕਰ ਸਕਦੀਆਂ ਸਨ। ਉਂਜ ਵੀ ਮੈਨੂੰ ਕਮਰਸ਼ਲ ਸਿਨਮਾ ਬਹੁਤ ਪਸੰਦ ਹੈ।
-ਫ਼ਿਲਮ ‘ਮੁੰਨਾ ਮਾਈਕਲ’ ਹੈ ਕੀ?
-ਇਹ ਇੱਕ ਰੁਮਾਂਟਿਕ ਸੰਗੀਤਮਈ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ। ਇਸਦੀ ਕਹਾਣੀ ਮੁੰਬਈ ਦੇ ਤੀਨ ਬੱਤੀ ਇਲਾਕੇ ਵਿੱਚ ਰਹਿਣ ਵਾਲੇ ਜਵਾਨ ਮੁੰਨਾ ਦੀ ਹੈ ਜੋ ਡਾਂਸ ਵਿੱਚ ਮਾਹਿਰ ਹੈ। ਉਹ ਮਸ਼ਹੂਰ ਡਾਂਸਰ ਮਾਈਕਲ ਜੈਕਸਨ ਨੂੰ ਆਪਣੀ ਪ੍ਰੇਰਨਾ ਅਤੇ ਆਪਣਾ ਆਦਰਸ਼ ਮੰਨਦਾ ਹੈ। ਇਸ ਕਾਰਨ ਉਸਨੇ ਆਪਣਾ ਨਾਮ ਮੁੰਨਾ ਮਾਈਕਲ ਰੱਖਿਆ ਹੋਇਆ ਹੈ।
– ਇਸ ਵਿੱਚ ਤੁਹਾਡਾ ਆਪਣਾ ਕਿਰਦਾਰ ਕੀ ਹੈ ?
– ਮੈਂ ਇਸ ਵਿੱਚ ਡਾਂਸਰ ਡੌਲੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਮੇਰੇ, ਟਾਈਗਰ ਅਤੇ ਨਵਾਜ਼ੂਦੀਨ ਸਿੱਦੀਕੀ ਵਿੱਚਕਾਰ ਇੱਕ ਤ੍ਰਿਕੋਣ ਵੀ ਹੈ। ਇਸ ਵਿੱਚ ਕਾਫ਼ੀ ਰੌਚਕਤਾ ਹੈ। ਇਸ ਤ੍ਰਿਕੋਣ ਵਿੱਚ ਪਿਆਰ, ਦੋਸਤੀ ਅਤੇ ਖਿੱਚ ਵੀ ਹੈ। ਮੇਰੇ ਕਿਰਦਾਰ ਨੂੰ ਡਾਂਸ ਦੇ ਟੀਵੀ ਰਿਐਲਿਟੀ ਸ਼ੋਅ ਨੂੰ ਜਿੱਤਣਾ ਹੈ, ਉਸ ਤੋਂ ਬਾਅਦ ਅਭਿਨੇਤਰੀ ਬਣਨਾ ਹੈ। ਉਹ ਛੋਟੇ ਸ਼ਹਿਰ ਤੋਂ ਹੈ, ਪਰ ਉਸਦੇ ਸੁਪਨੇ ਬਹੁਤ ਵੱਡੇ ਹਨ।
-ਇਸ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਤੁਸੀਂ ਟੀਵੀ ਦੇ ਡਾਂਸ ਰਿਐਲਿਟੀ ਸ਼ੋਅ ਕਾਫ਼ੀ ਵੇਖੇ ਹੋਣਗੇ ?
-ਮੈਂ ਤਾਂ ਟੀਵੀ ਬਚਪਨ ਤੋਂ ਵੇਖਦੀ ਆਈ ਹਾਂ। ਮੈਂ ਪਹਿਲਾਂ ਵੀ ਡਾਂਸ ਦੇ ਕਈ ਰਿਐਲਿਟੀ ਸ਼ੋਅ ਵੇਖੇ ਹਨ। ਅੱਜਕੱਲ੍ਹ ਡਾਂਸ ਦੇ ਰਿਐਲਿਟੀ ਸ਼ੋਅ ਵਿੱਚ ਜੋ ਬੱਚੇ ਆ ਰਹੇ ਹਨ, ਉਨ੍ਹਾਂ ਦਾ ਡਾਂਸ ਦਾ ਪੱਧਰ ਕਾਫ਼ੀ ਉੱਚਾ ਹੈ।
-ਨਵਾਜ਼ੂਦੀਨ ਅਤੇ ਤੁਹਾਡੇ ਵਿੱਚਕਾਰ ਉਮਰ ਅਤੇ ਅਨੁਭਵ ਦਾ ਬਹੁਤ ਅੰਤਰ ਹੈ। ਉਨ੍ਹਾਂ ਨਾਲ ਤਾਲਮੇਲ ਕਿਵੇਂ ਬੈਠਾਇਆ?
-ਉਹ ਜਿੰਨੇ ਚੰਗੇ ਕਲਾਕਾਰ ਹਨ , ਓਨੇ ਹੀ ਚੰਗੇ ਇਨਸਾਨ ਵੀ ਹਨ। ਉਨ੍ਹਾਂ ਦੇ ਅੰਦਰ ਕੋਈ ਗਰੂਰ ਨਹੀਂ ਹੈ। ਸੈੱਟ ਉੱਤੇ ਉਹ ਚੁੱਪਚਾਪ ਆ ਕੇ ਬੈਠ ਜਾਂਦੇ ਸਨ। ਉਹ ਸੈੱਟ ਉੱਤੇ ਗੰਭੀਰ ਰਹਿੰਦੇ ਹੋਣ, ਅਜਿਹਾ ਵੀ ਨਹੀਂ ਸੀ। ਹਾਸਾ ਮਜ਼ਾਕ ਵੀ ਕਰਦੇ ਸਨ। ਮੇਰਾ ਡਾਂਸ ਵੇਖਕੇ ਉਨ੍ਹਾਂ ਨੇ ਮੇਰੀ ਤਾਰੀਫ਼ ਵੀ ਕੀਤੀ ਸੀ।
-ਹਿੰਦੀ ਫ਼ਿਲਮਾਂ ਵਿੱਚ ਅੰਗ ਪ੍ਰਦਰਸ਼ਨ ਬਹੁਤ ਹੁੰਦਾ ਹੈ। ਉਸ ਸਬੰਧੀ ਤੁਹਾਡੀ ਕੀ ਸੋਚ ਹੈ?
– ਮੇਰੀਆਂ ਆਪਣੀਆਂ ਕੁਝ ਸੀਮਾਵਾਂ ਹਨ, ਪਰ ਇਸ ਫ਼ਿਲਮ ਵਿੱਚ ਬਹੁਤ ਜ਼ਿਆਦਾ ਅੰਗ ਪ੍ਰਦਰਸ਼ਨ ਨਹੀਂ ਹੈ। ਬਾਕੀ ਮੈਂ ਹੁਣ ਤੋਂ ਹੀ ਸਪੱਸ਼ਟ ਰੂਪ ਵਿੱਚ ਆਪਣੀਆਂ ਸੀਮਾਵਾਂ ਨੂੰ ਲੈ ਕੇ ਕੁਝ ਕਹਿ ਨਹੀਂ ਸਕਦੀ। ਮੇਰਾ ਮੰਨਣਾ ਹੈ ਕਿ ਕਲਾਕਾਰ ਦੇ ਤੌਰ ਉੱਤੇ ਸਾਨੂੰ ਉਸ ਕਿਰਦਾਰ ਨਾਲ ਨਿਆਂ ਕਰਨਾ ਚਾਹੀਦਾ ਹੈ। ਪਟਕਥਾ ਦੀ ਮੰਗ ਨੂੰ ਪੂਰਾ ਕਰਨ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਬਾਕੀ ਭਵਿੱਖ ਵਿੱਚ ਜਿਵੇਂ ਦੇ ਕਿਰਦਾਰ ਮਿਲਣਗੇ, ਉਸ ਅਨੁਸਾਰ ਹੀ ਕੰਮ ਕਰਾਂਗੀ। ਉਂਜ ਮੈਂ ਬਹੁਤ ਖੁੱਲ੍ਹੇ ਦਿਮਾਗ਼ ਦੀ ਹਾਂ, ਪਰ ਇਸ ਤਰ੍ਹਾਂ ਦਾ ਅੰਗ ਪ੍ਰਦਰਸ਼ਨ ਨਹੀਂ ਕਰਾਂਗੀ ਜੋ ਅਸ਼ਲੀਲ ਹੋਵੇ।
-ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਅਭਿਨੇਤਰੀ ਬਣਨ ਉੱਤੇ ਕੀ ਕਿਹਾ ?
-ਬਹੁਤ ਖ਼ੁਸ਼ ਹਨ। ਫ਼ਿਲਮ ਦੇ ਟਰੇਲਰ ਲਾਂਚ ਉੱਤੇ ਮੇਰੇ ਮਾਤਾ ਪਿਤਾ ਅਤੇ ਛੋਟੀ ਭੈਣ ਆਈ ਸੀ।
-ਤੁਹਾਡੇ ਸ਼ੂਟਿੰਗ ਦੇ ਅਨੁਭਵ ਕਿਵੇਂ ਦੇ ਰਹੇ?
-ਬਹੁਤ ਵਧੀਆ ਰਹੇ। ਬਹੁਤ ਹੀ ਖ਼ੂਬਸੂਰਤ ਕਿਰਦਾਰ ਹੈ। ਸੈੱਟ ਉੱਤੇ ਅਸੀਂ ਬਹੁਤ ਮਸਤੀ ਕੀਤੀ ਹੈ ਅਤੇ ਮੈਨੂੰ ਇਸ ਫ਼ਿਲਮ ਤੋਂ ਪੂਰੀਆਂ ਉਮੀਦਾਂ ਹਨ ਕਿ ਇਹ ਮੇਰੇ ਕਰੀਅਰ ਨੂੰ ਗਤੀ ਦੇਏਗੀ।
-ਤੁਹਾਡੇ ਪਸੰਦੀਦਾ ਕਲਾਕਾਰ ਕੌਣ ਹਨ?
-ਰਣਬੀਰ ਕਪੂਰ ਨਾਲ ਫ਼ਿਲਮ ਕਰਨ ਦੀ ਇੱਛਾ ਹੈ। ਉਹ ਬਹੁਤ ਵਧੀਆ ਕਲਾਕਾਰ ਹੈ, ਪਰ ਮੈਂ ਉਨ੍ਹਾਂ ਦੇ ਪੱਧਰ ਦੀ ਕਲਾਕਾਰ ਬਣਨ ਦੀ ਕੋਸ਼ਿਸ਼ ਕਰਾਂਗੀ। ਸ਼ਾਹਰੁਖ਼ ਖ਼ਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ।
– ਇਸ ਤੋਂ ਇਲਾਵਾ ਕੋਈ ਹੋਰ ਫ਼ਿਲਮ ਵੀ ਕਰ ਰਹੇ ਹੋ ?
– ਦੋ ਫ਼ਿਲਮਾਂ ਦੀ ਗੱਲ ਚਲ ਰਹੀ ਹੈ, ਪਰ ਅਜੇ ਉਨ੍ਹਾਂ ਸਬੰਧੀ ਗੱਲਬਾਤ ਸਿਰੇ ਨਹੀਂ ਚੜ੍ਹੀ।











