ਆਪਣੀ ਹੀ ਭੂਮਿਕਾ ‘ਚ ਬੱਝ ਗਈ ਹੈ ਕਲਕੀ

ਰੰਗ-ਰੂਪ ਤੋਂ ਵਿਦੇਸ਼ੀ ਪਰ ਖ਼ਾਲਸ ਹਿੰਦੁਸਤਾਨੀ ਕੁੜੀ ਜਦੋਂ ਆਪਣੀ ਪਹਿਲੀ ਫ਼ਿਲਮ ‘ਦੇਵ ਡੀ’ ਵਿੱਚ ਨਜ਼ਰ ਆਈ ਤਾਂ ਇੱਕ ਵਾਰ ਦਰਸ਼ਕਾਂ ਨੂੰ ਲੱਗਾ ਕਿ ਇਹ ਵਿਦੇਸ਼ੀ ਚਿਹਰਾ ਬਾਲੀਵੁੱਡ ਦੇ ਗਲੈਮਰ ਦੀ ਚਮਕ ‘ਚ ਕਿੱਥੇ ਟਿਕ ਪਾਵੇਗਾ। ਪਰ ‘ਸ਼ੈਤਾਨ, ‘ਸ਼ੰਘਾਈ’ ਅਤੇ ਰਾਸ਼ਟਰੀ ਐਵਾਰਡ ਲਈ ਚੁਣੀ ਗਈ ਫ਼ਿਲਮ ‘ਮਾਰਗਰੀਟਾ ਵਿਦ ਏ ਸਟ੍ਰਾ’ ਵਿੱਚ ਸੇਰੇਬ੍ਰਲ ਪਲਸੀ ਨਾਂ ਦੀ ਪੀੜਤ ਕੁੜੀ ਦਾ ਸ਼ਾਨਦਾਰ ਕਿਰਦਾਰ ਨਿਭਾ ਕੇ ਕਲਕੀ ਨੇ ਇਹ ਸਾਬਤ ਕੀਤਾ ਕਿ ਪ੍ਰਤਿਭਾ ਗਲੈਮਰ ਦੀ ਮੁਥਾਜ ਨਹੀਂ ਹੁੰਦੀ। ਅਦਾਕਾਰੀ ਦੇ ਨਾਲ-ਨਾਲ ਲੇਖਣੀ ਵਿੱਚ ਵੀ ਮਾਹਿਰ ਕਲਕੀ ਆਪਣੇ ਬੇਬਾਕ ਬਿਆਨਾਂ ਕਰਕੇ ਵੀ ਜਾਣੀ ਜਾਂਦੀ ਹੈ। ਉਹ ਬੀ ਟਾਊਨ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ ਜੋ ਬਿਨਾ ਕਿਸੇ ਮੁਲੰਮੇ ਦੇ ਆਪਣੇ ਵਿੱਚਾਰ ਪ੍ਰਗਟ ਕਰਦੀ ਹੈ। ਗੱਲ ਚਾਹੇ ਸੈਂਸਰ ਬੋਰਡ ਦੀ ਤਾਨਾਸ਼ਾਹੀ ਦੀ ਹੋਵੇ ਜਾਂ ਕਾਸਟਿੰਗ ਕਾਊਚ ਦੀ। ਸਕੂਲ ਸਮੇਂ ਤੋਂ ਹੀ ਟੌਮਬੁਆਏ ਸਟਾਈਲ ਲਾਈਫ਼ ਜੀਣ ਵਾਲੀ ਕਲਕੀ ਨੇ ਸਕੂਲੀ ਸਿੱਖਿਆ ਊਟੀ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਹ ਲੰਡਨ ‘ਚ ਐਕਟਿੰਗ ਦਾ ਕੋਰਸ ਕਰਨ ਗਈ ਤੇ ਮੁੰਬਈ ਪਰਤ ਕੇ ਥੀਏਟਰ ਕਰਨ ਲੱਗੀ ਪਰ ਉਸ ਦਾ ਦਿਲ ਤਾਂ ਫ਼ਿਲਮਾਂ ਵਿੱਚ ਵੱਸਿਆ ਹੋਇਆ ਸੀ। ਇਸ ਲਈ ਕਾਫ਼ੀ ਸੰਘਰਸ਼ ਕੀਤਾ। ਫ਼ਿਲਮ ‘ਦੇਵ ਡੀ’ ਵਿੱਚ ਪਹਿਲਾ ਮੌਕਾ ਮਿਲਿਆ। ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਵਿੱਚ ਜਾਨਦਾਰ ਅਭਿਨੈ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਕਮਰਸ਼ੀਅਲ ਫ਼ਿਲਮਾਂ ਤੋਂ ਦੂਰ ਕਲਕੀ ਤੋਂ ਇਸ ਦਾ ਕਾਰਨ ਪੁੱਛੇ ਜਾਣ ‘ਤੇ ਕਲਕੀ ਬੇਬਾਕ ਜਵਾਬ ਦਿੰਦੀ ਹੈ, ‘ਮੈਂ ਤਾਂ ਕਮਰਸ਼ੀਅਲ ਫ਼ਿਲਮਾਂ ਕਰਨਾ ਚਾਹੁੰਦੀ ਹਾਂ ਪਰ ਆਫ਼ਰ ਹੀ ਨਹੀਂ ਮਿਲ ਰਿਹਾ ਤਾਂ ਮੈਂ ਕੀ ਕਰਾਂ? ਜੋ ਫ਼ਿਲਮਾਂ ਮਿਲੀਆਂ ਹਨ, ਉਨ੍ਹਾਂ ‘ਚ ਮੈਂ ਆਪਣਾ ਸੌ ਫ਼ੀਸਦੀ ਦਿੱਤਾ ਹੈ। ਲਗਦਾ ਹੈ ਕਿ ਮੈਂ ਆਪਣੀ ਬਣਾਈ ਇਮੇਜ ਦਾ ਖ਼ੁਦ ਹੀ ਸ਼ਿਕਾਰ ਹੋ ਗਈ ਹਾਂ ਕਿਉਂਕਿ ਜਦੋਂ ਮੈਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਤਾਂ ‘ਦੇਵ ਡੀ’, ‘ਸ਼ੈਤਾਨ’ ਅਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ‘ਚ ਮੇਰਾ ਕਿਰਦਾਰ ਬਿਲਕੁਲ ਹੱਟ ਕੇ ਸੀ। ਇਸ ਤੋਂ ਬਾਅਦ ਮੈਨੂੰ ਅਜਿਹੇ ਹੀ ਕਿਰਦਾਰਾਂ ਦੇ ਆਫ਼ਰ ਮਿਲਣ ਲੱਗੇ। ਲਗਦਾ ਹੈ ਕਿ ਮੈਂ ਆਪਣੀ ਬਣਾਈ ਇਮੇਜ ‘ਚ ਬੱਝ ਗਈ ਹੈ। ਜੇ ਕੋਈ ਆਫ਼ਰ ਆਉਾਂਦਾਹੈ ਤਾਂ ਮੈਂ ਕਮਰਸ਼ੀਅਲ ਫ਼ਿਲਮ ਜ਼ਰੂਰ ਕਰਾਂਗੀ।’ ਕਮਰਸ਼ੀਅਲ ਤੋਂ ਇਲਾਵਾ ਕਲਕੀ ਇਤਿਹਾਸਕ ਕਿਰਦਾਰ ਨਿਭਾਉਣ ਦੀ ਇੱਛਾ ਵੀ ਰੱਖਦੀ ਹੈ ਕਿਉਂਕਿ ਬਚਪਨ ਤੋਂ ਹੀ ਉਸ ਦੀ ਰੁਚੀ ਇਤਿਹਾਸ ਵਿੱਚ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਪੁਰਾਣੀ ਫ਼ਿਲਮ ‘ਪਿਆਸਾ’ ਦਾ ਰੀਮੇਕ ਬਣਦਾ ਹੈ ਤਾਂ ਇਹ ਫ਼ਿਲਮ ਉਹ ਜ਼ਰੂਰ ਕਰਨਾ ਚਾਹੇਗੀ। ਇਸ ਸਮੇਂ ਕਲਕੀ ਕਈ ਫ਼ਿਲਮਾਂ ‘ਚ ਕੰਮ ਕਰ ਰਹੀ ਹੈ ਜਿਨ੍ਹਾਂ ਵਿੱਚ ‘ਏ ਡੈੱਥ ਔਫ਼ ਗੰਜ’ ਜਲਦੀ ਹੀ ਆਉਣ ਵਾਲੀ ਹੈ। ਇਸ ਫ਼ਿਲਮ ਵਿੱਚ 60 ਦੇ ਦਹਾਕੇ ਦੀ ਕਹਾਣੀ ਹੈ। ਇਸ ਤੋਂ ਇਲਾਵਾ ‘ਜੀਆ ਔਰ ਜੀਆ’, ‘ਰਿਬਨ’, ‘ਆਜ਼ਮਾਇਸ਼’, ‘ਕੈਂਡੀਫ਼ਲਿਪ’ ਫ਼ਿਲਮਾਂ ਵੀ ਉਸ ਦੀ ਸਾਈਨਿੰਗ ਲਿਸਟ ‘ਚ ਹਨ।