ਕੈਟਰੀਨਾ ਕੈਫ਼ ਰਣਬੀਰ ਕਪੂਰ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਸਕਰੀਨ ਸਾਂਝੀ ਕਰਦੀ ਨਜ਼ਰ ਆਏਗੀ। ਇਸ ਮਹੀਨੇ ਇਨ੍ਹਾਂ ਸਾਬਕਾ ਪ੍ਰੇਮੀਆਂ ਦੀ ਫ਼ਿਲਮ ‘ਜੱਗਾ ਜਾਸੂਸ’ ਰਿਲੀਜ਼ ਹੋ ਰਹੀ ਹੈ। ਇਸ ਨੂੰ ਰਿਲੀਜ਼ ਕਰਨ ਦਾ ਦਿਨ ਕਾਫ਼ੀ ਰੁਕਾਵਟਾਂ ਤੋਂ ਬਾਅਦ ਆਇਆ ਹੈ ਜਿਸ ਦਾ ਕੈਟਰੀਨਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਉਸਦਾ ਬੇੜਾ ਪਾਰ ਲਗਾ ਦੇਏਗੀ। ਜ਼ਿਕਰਯੋਗ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਵੱਡੀ ਹਿੱਟ ਫ਼ਿਲਮ ਲਈ ਸੰਘਰਸ਼ ਅਤੇ ਸਖ਼ਤ ਮਿਹਨਤ ਕਰ ਰਹੀ ਸੀ। ਪੇਸ਼ ਹੈ ਕੈਟਰੀਨਾ ਨਾਲ ਇਸ ਸਬੰਧੀ ਹੋਈ ਗੱਲਬਾਤ ਦੇ ਅੰਸ਼:
-ਤੁਹਾਨੂੰ ‘ਜੱਗਾ ਜਾਸੂਸ’ ਤੋਂ ਕਿੰਨੀਆਂ ਕੁ ਉਮੀਦਾਂ ਹਨ?
-ਹਰ ਕਲਾਕਾਰ ਨੂੰ ਆਪਣੀ ਹਰ ਫ਼ਿਲਮ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਕਿਉਂਕਿ ਉਸ ਨੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਮੁਕੰਮਲ ਕੀਤਾ ਹੁੰਦਾ ਹੈ। ਇਸ ਲਈ ਮੈਨੂੰ ਵੀ ਪੂਰੀ ਉਮੀਦ ਹੈ ਕਿ ‘ਜੱਗਾ ਜਾਸੂਸ’ ਮੇਰੇ ਕਰੀਅਰ ਨੂੰ ਨਵਾਂ ਮੋੜ ਦੇਏਗੀ। ਮੈਂ ਇਸ ਵਿੱਚ ਖ਼ੂਬ ਮਿਹਨਤ ਕੀਤੀ ਹੈ ਅਤੇ ਉਸ ਦਾ ਫ਼ਲ ਮੈਨੂੰ ਜ਼ਰੂਰ ਮਿਲੇਗਾ। ਦਰਸ਼ਕਾਂ ਦਾ ਇਹ ਫ਼ਿਲਮ ਖ਼ੂਬ ਮਨੋਰੰਜਨ ਕਰੇਗੀ।
-ਫ਼ਿਲਮ ਵਿੱਚ ਤੁਹਾਡਾ ਕੀ ਕਿਰਦਾਰ ਹੈ?
-‘ਜੱਗਾ ਜਾਸੂਸ’ ਇੱਕ ਸਾਹਸੀ ਅਤੇ ਸੰਗੀਤਮਈ ਫ਼ਿਲਮ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਨਗੇ। ਅਸਲ ਵਿੱਚ ਇਸ ਦੀ ਕਹਾਣੀ ਇੱਕ ਲਾਪਤਾ ਪਿਤਾ ਨੂੰ ਤਲਾਸ਼ ਕਰਨ ਦੇ ਦੁਆਲੇ ਘੁੰਮਦੀ ਹੈ ਜੋ ਕਾਫ਼ੀ ਰੌਚਕ ਹੈ। ਇਸ ਤੋਂ ਅੱਗੇ ਜਾਣਨ ਲਈ ਤੁਹਾਨੂੰ ਫ਼ਿਲਮ ਦੇਖਣੀ ਪਏਗੀ।
-ਫ਼ਿਲਮ ਕਾਫ਼ੀ ਦੇਰੀ ਨਾਲ ਰਿਲੀਜ਼ ਹੋ ਰਹੀ ਹੈ। ਇਸ ਦਾ ਕਾਰਨ ਤੁਹਾਡਾ ਰਣਬੀਰ ਕਪੂਰ ਨਾਲ ਰਿਸ਼ਤਾ ਟੁੱਟਣਾ ਕਿਹਾ ਜਾ ਰਿਹਾ ਹੈ?
-ਅਜਿਹੀ ਕੋਈ ਗੱਲ ਨਹੀਂ ਹੈ। ਮੀਡੀਆ ਇਸ ਨੂੰ ਗ਼ੈਰ ਜ਼ਰੂਰੀ ਤੂਲ ਦੇ ਰਿਹਾ ਹੈ। ਫ਼ਿਲਮ ਦੇ ਰਿਲੀਜ਼ ਹੋਣ ਵਿੱਚ ਦੇਰੀ ਦਾ ਕਾਰਨ ਇਸ ਵਿੱਚ ਆਈਆਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਹਨ। ਇਨ੍ਹਾਂ ਬਾਰੇ ਸਹੀ ਤਾਂ ਨਿਰਮਾਤਾ ਅਨੁਰਾਗ ਬਸੂ ਦੀ ਦੱਸ ਸਕਦੇ ਹਨ।
-ਕੀ ਤੁਸੀਂ ਇਸ ਤੋਂ ਬਾਅਦ ਵੀ ਰਣਬੀਰ ਕਪੂਰ ਨਾਲ ਕੋਈ ਫ਼ਿਲਮ ਕਰ ਰਹੇ ਹੋ?
– ਇਸ ਸਮੇਂ ਮੈਂ ਬੌਲੀਵੁੱਡ ਦੇ ਤਿੰਨੋਂ ਖ਼ਾਨਾਂ ਨਾਲ ਕੰਮ ਕਰ ਰਹੀ ਹਾਂ। ਮੈਂ ਉਨ੍ਹਾਂ ਦੀ ਸ਼ੂਟਿੰਗ ਵਿੱਚ ਬਹੁਤ ਰੁੱਝੀ ਹੋਈ ਹਾਂ। ਰਣਬੀਰ ਕਪੂਰ ਨਾਲ ਅੱਗੇ ਕੰਮ ਕਰਨ ਦਾ ਮੇਰੇ ਕੋਲ ਕੋਈ ਪ੍ਰਸਤਾਵ ਨਹੀਂ ਆਇਆ।
-ਤਾਂ ਕੀ ਫ਼ਿਰ ਇਹ ਤੁਹਾਡੀ ਰਣਬੀਰ ਕਪੂਰ ਨਾਲ ਆਖਰੀ ਫ਼ਿਲਮ ਹੈ?
-ਮੈਂ ਅਜਿਹਾ ਤਾਂ ਨਹੀਂ ਕਿਹਾ, ਪਰ ਮੈਨੂੰ ਲੱਗਦਾ ਹੈ ਕਿਉਂਕਿ ਰਣਬੀਰ ਕਪੂਰ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਮੇਰੇ ਨਾਲ ਭਵਿੱਖ ਵਿੱਚ ਕੰਮ ਨਹੀਂ ਕਰਨਗੇ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਡਾ ਇੱਕਠੇ ਕੰਮ ਕਰਨਾ ਮੁਸ਼ਕਿਲ ਹੈ ਜਿਸ ਕਾਰਨ ਭਵਿੱਖ ਵਿੱਚ ਸਾਡੀ ਜੋੜੀ ਨਜ਼ਰ ਨਹੀਂ ਆਏਗੀ।
-ਫ਼ਿਲਮ ਦੇ ਪ੍ਰਚਾਰ ਦੌਰਾਨ ਤੁਸੀਂ ਰਣਬੀਰ ਕਪੂਰ ਤੋਂ ਦੂਰੀ ਬਣਾਈ ਰੱਖੀ?
-ਇਸ ਵਿੱਚ ਕੋਈ ਸੱਚਾਈ ਨਹੀਂ। ਮੀਡੀਆ ਵੱਲੋਂ ਸੁਰਖੀਆਂ ਬਟੋਰਨ ਲਈ ਅਜਿਹੀਆਂ ਅਫ਼ਵਾਹਾਂ ਅਕਸਰ ਫ਼ੈਲਾਈਆਂ ਜਾਂਦੀਆਂ ਹਨ। ਅਸੀਂ ਪ੍ਰੋਫ਼ੈਸ਼ਨਲਜ਼ ਹਾਂ ਅਤੇ ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਾਂ। ਸਾਡੀ ਪੂਰੀ ਟੀਮ ਨਿੱਠ ਕੇ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਏਗੀ।
-ਤੁਹਾਡੀ ਨਿੱਜੀ ਜ਼ਿੰਦਗੀ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ, ਪਰ ਤੁਸੀਂ ਇਸ ਸਬੰਧੀ ਕਦੇ ਕੋਈ ਟਿੱਪਣੀ ਨਹੀਂ ਕੀਤੀ?
-ਮੈਨੂੰ ਬਿਨਾਂ ਕਾਰਨ ਲੋਕਾਂ ਨੂੰ ਸਫ਼ਾਈ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਸਿਰਫ਼ ਉਸ ਗੱਲ ਦਾ ਹੀ ਜਵਾਬ ਦਿੰਦੀ ਹਾਂ ਜਿਹੜੀ ਮੈਂ ਕਿਸੇ ਨੂੰ ਕਹੀ ਹੋਵੇ। ਮੀਡੀਆ ਵਿੱਚ ਕੀ ਕੁਝ ਆ ਰਿਹਾ ਹੈ ਮੈਂ ਉਸ ਲਈ ਜਵਾਬਦੇਹ ਨਹੀਂ ਹਾਂ ਕਿਉਂਕਿ ਮੇਰੀ ਜਾਂ ਕਿਸੇ ਵੀ ਹੋਰ ਕਲਾਕਾਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਣੀ ਟੀਆਰਪੀ ਵਧਾਉਣ ਲਈ ਬੇਸਿਰ ਪੈਰ ਦੀਆਂ ਖ਼ਬਰਾਂ ਛਾਪੀਆਂ ਜਾ ਰਹੀਆਂ ਹਨ। ਇਸ ਲਈ ਜਿਸ ਵੀ ਗੱਲ ਦਾ ਕੋਈ ਆਧਾਰ ਨਹੀਂ, ਮੈਂ ਉਨ੍ਹਾਂ ਬਾਰੇ ਟਿੱਪਣੀ ਕਾਰਨ ਵਾਜਬ ਨਹੀਂ ਸਮਝਦੀ।
-ਤੁਹਾਡੀ ਸਲਮਾਨ ਖ਼ਾਨ ਨਾਲ ਆ ਰਹੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਨੂੰ ਲੈ ਕੇ ਕੀ ਉਮੀਦਾਂ ਹਨ?
-‘ਟਾਈਗਰ ਜ਼ਿੰਦਾ ਹੈ’ ਬਾਰੇ ਅਜੇ ਕੁਝ ਵੀ ਕਹਿਣਾ ਬਹੁਤ ਜਲਦੀ ਹੋਏਗੀ ਕਿਉਂਕਿ ਅਜੇ ਇਸ ਦੀ ਸ਼ੂਟਿੰਗ ਚਲ ਰਹੀ ਹੈ। ਬਾਕੀ ਰਹੀ ਗੱਲ ਉਮੀਦ ਦੀ ਤਾਂ ਅਸੀਂ ਜਦੋਂ ਵੀ ਕੋਈ ਫ਼ਿਲਮ ਸਾਈਨ ਕਰਦੇ ਹਾਂ ਤਾਂ ਇਹ ਸੋਚ ਕੇ ਹੀ ਕਰਦੇ ਹਾਂ ਕਿ ਇਹ ਵੱਡੀ ਹਿੱਟ ਹੋਏਗੀ ਅਤੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰੇਗੀ। ਮੈਨੂੰ ਇਸ ਤੋਂ ਚੰਗਾ ਹੋਣ ਦੀਆਂ ਹੀ ਉਮੀਦਾਂ ਹਨ ਕਿਉਂਕਿ ਨਿਰਮਾਤਾ ਆਦਿੱਤਿਆ ਚੋਪੜਾ ਦੀ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਵਿੱਚ ਇਹ ਫ਼ਿਲਮ ਵਧੀਆ ਢੰਗ ਨਾਲ ਫ਼ਿਲਮਾਈ ਜਾ ਰਹੀ ਹੈ।
-ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਬੌਲੀਵੁੱਡ ਦੇ ਤਿੰਨੋਂ ਖ਼ਾਨਾਂ ਨਾਲ ਫ਼ਿਲਮਾਂ ਆ ਰਹੀਆਂ ਹਨ?
-ਹਾਂ ਇਹ ਸੱਚ ਹੈ ਕਿ ਮੇਰੀਆਂ ਅਗਲੀਆਂ ਫ਼ਿਲਮਾਂ ਬੌਲੀਵੁੱਡ ਦੇ ਮਸ਼ਹੂਰ ਤਿੰਨੋਂ ਖ਼ਾਨਾਂ ਨਾਲ ਹਨ। ਪਹਿਲਾਂ ਤਾਂ ਸਲਮਾਨ ਖ਼ਾਨ ਨਾਲ ‘ਟਾਈਗਰ ਜ਼ਿੰਦਾ ਹੈ’ ਆਏਗੀ ਜੋ ਇਸ ਸਾਲ ਹੀ ਰਿਲੀਜ਼ ਹੋ ਰਹੀ ਹੈ। ਉਸ ਤੋਂ ਬਾਅਦ ਆਮਿਰ ਖ਼ਾਨ ਨਾਲ ‘ਠੱਗਜ਼ ਆਫ਼ ਹਿੰਦੁਸਤਾਨ’ ਆਏਗੀ। ਇਹ 2018 ਵਿੱਚ ਦੀਵਾਲੀ ਮੌਕੇ ਰਿਲੀਜ਼ ਹੋਏਗੀ। ਸਾਹਰੁਖ਼ ਖ਼ਾਨ ਨਾਲ ਵੀ 2018 ਵਿੱਚ ਮੇਰੀ ਇੱਕ ਫ਼ਿਲਮ ਆ ਰਹੀ ਹੈ ਜਿਸ ਦਾ ਨਾਂ ਅਜੇ ਨਿਰਧਾਰਤ ਨਹੀਂ ਕੀਤਾ ਗਿਆ।
-ਬੌਲੀਵੁੱਡ ਵਿੱਚ ਅੱਜ ਤੁਸੀਂ ਜਿਸ ਮੁਕਾਮ ‘ਤੇ ਹੋ, ਇਸ ਦਾ ਸਿਹਰਾ ਕਿਸ ਨੂੰ ਦਿਓਗੇ?
-ਸਭ ਤੋਂ ਪਹਿਲਾਂ ਤਾਂ ਆਪਣੀ ਸਖਤ ਮਿਹਨਤ ਨੂੰ ਹੀ ਇਸ ਦਾ ਸਿਹਰਾ ਦਿਆਂਗੀ। ਬਾਕੀ ਬੌਲੀਵੁੱਡ ਵਿੱਚ ਸਿਰਫ਼ ਆਪਣੀ ਮਿਹਨਤ ਦੇ ਸਿਰ ‘ਤੇ ਮੁਕਾਮ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੈ। ਇਸ ਵਿੱਚ ਸਿਰਫ਼ ਇੱਕ ਨਾਂ ਹੀ ਨਹੀਂ ਬਲਕਿ ਕਈ ਅਜਿਹੇ ਨਾਂ ਹਨ ਜਿਨ੍ਹਾਂ ਦੀ ਮਦਦ ਨਾਲ ਮੈਂ ਇੱਥੇ ਪਹੁੰਚੀ। ਮੇਰੇ ਨਾਲ ਜੁੜੇ ਹਰ ਵਿਅਕਤੀ ਨੇ ਮੈਨੂੰ ਅੱਗੇ ਵਧਣ ਵਿੱਚ ਮਦਦ ਕੀਤੀ। ਚਾਹੇ ਉਹ ਵਿਪੁਲ ਸ਼ਾਹ ਹੋਣ ਜਾਂ ਡੇਵਿਡ ਧਵਨ ਹੋਣ ਜਾਂ ਫ਼ਿਰ ਅਨੀਸ ਬਜ਼ਮੀ ਹੋਣ। ਮੈਨੂੰ ਤਾਂ ਇਹ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਤੁਸੀਂ ਜਿਸ ਵੀ ਇਨਸਾਨ ਨੂੰ ਮਿਲਦੇ ਹੋ, ਉਹ ਤੁਹਾਡੀ ਕਾਮਯਾਬੀ ਵਿੱਚ ਜ਼ਰੂਰ ਕੁਝ ਨਾ ਕੁਝ ਹਿੱਸਾ ਜ਼ਰੂਰ ਪਾਉਂਦਾ ਹੈ। ਇਸ ਲਈ ਕਿਸੇ ਇੱਕ ਦਾ ਨਾਂ ਲੈਣਾ ਬਹੁਤ ਮੁਸ਼ਕਿਲ ਹੈ।
-ਬੌਲੀਵੁੱਡ ਤੋਂ ਬਾਹਰ ਦੇ ਹੋਣ ਦੇ ਬਾਵਜੂਦ ਤੁਹਾਨੂੰ ਸ਼ੁਰੂਆਤ ਵਿੱਚ ਹੀ ਚੰਗੀਆਂ ਭੂਮਿਕਾਵਾਂ ਮਿਲੀਆਂ? ਇਸ ਨੂੰ ਕਿਸਮਤ ਕਹੋਗੇ?
-ਬਿਲਕੁਲ ਇਹ ਮੇਰੀ ਖ਼ੁਸ਼ਕਿਸਮਤੀ ਹੀ ਹੈ ਕਿ ਮੈਨੂੰ ਸ਼ੁਰੂਆਤ ਵਿੱਚ ਹੀ ਚੰਗੀਆਂ ਫ਼ਿਲਮਾਂ ਅਤੇ ਚੰਗੀਆਂ ਭੂਮਿਕਾਵਾਂ ਮਿਲੀਆਂ। ਇਨ੍ਹਾਂ ਸ਼ੁਰੂਆਤੀ ਫ਼ਿਲਮਾਂ ਦੀ ਬਦੌਲਤ ਹੀ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚੀ ਹਾਂ। ਇਨ੍ਹਾਂ ਫ਼ਿਲਮਾਂ ਵਿੱਚ ‘ਰਾਜਨੀਤੀ’, ‘ਨਮਸਤੇ ਲੰਦਨ’ ਅਤੇ ‘ਧੂਮ 3’ ਸ਼ਾਮਿਲ ਹਨ।
-ਤੁਸੀਂ ਕਿਹੜੇ ਸੀਨੀਅਰ ਕਲਾਕਾਰਾਂ ਤੋਂ ਪ੍ਰਭਾਵਿਤ ਹੋ?
-ਅਜਿਹਾ ਇੱਕ ਕਲਾਕਾਰ ਨਹੀਂ ਬਲਕਿ ਕਈ ਹਨ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਅਤੇ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੁੰਦੀ ਹਾਂ। ਆਮਿਰ ਖ਼ਾਨ ਆਪਣੇ ਕੰਮ ‘ਤੇ ਬਹੁਤ ਧਿਆਨ ਕੇਂਦਰਿਤ ਕਰਦੇ ਹਨ ਜੋ ਮੈਨੂੰ ਬਹੁਤ ਚੰਗਾ ਲੱਗਦਾ ਹੈ। ਅਕਸ਼ੈ ਕੁਮਾਰ ਕੰਮ ਕਰਦੇ ਹੋਏ ਕਦੇ ਵੀ ਬੋਰੀਅਤ ਮਹਿਸੂਸ ਨਹੀਂ ਕਰਦੇ, ਉਹ ਤਾਂ ਆਪਣੇ ਸਾਥੀ ਕਲਾਕਾਰਾਂ ਦਾ ਵੀ ਦਿਲ ਲਗਾ ਕੇ ਰੱਖਦੇ ਹਨ। ਸਲਮਾਨ ਖ਼ਾਨ ਬਹੁਤ ਮਦਦਗਾਰ ਹਨ। ਉਹ ਬਿਨਾਂ ਮੰਗੇ ਤੋਂ ਵੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਬੌਲੀਵੁੱਡ ਵਿੱਚ ਅਜਿਹੇ ਲੋਕ ਬਹੁਤ ਘੱਟ ਹਨ।











