ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਅਤੇ ਸਕੂਲਾਂ ਦੇ ਹੋਰ ਨਿਰਮਾਣ ਕਾਰਜਾਂ ਲਈ 162 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਹ ਰਾਸ਼ੀ ਪੰਜਾਬ ਦੇ ਸਕੂਲਾਂ ਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ਦੀ ਕਵਾਇਦ ਤਹਿਤ ਜਾਰੀ ਕੀਤੀ ਗਈ ਹੈ। ਇਹ ਖੁਲਾਸਾ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਵਿਭਾਗ ਦੇ ਅਹਿਮ ਕੰਮਾਂ ਦਾ ਜਾਇਜ਼ਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕੀਤਾ।
ਡਾ.ਚੀਮਾ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਸਿਵਲ ਕੰਮਾਂ ਲਈ ਜਾਰੀ ਕੀਤੀ 162 ਕਰੋੜ ਰੁਪਏ ਦੀ ਰਾਸ਼ੀ ਨਾਲ 44 ਮਿਡਲ ਸਕੂਲਾਂ ਨੂੰ ਹਾਈ ਸਕੂਲ ਤੱਕ ਅਪ੍ਰਗ੍ਰੇਡ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਦੇ 132 ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਕੂਲਾਂ ਵਿੱਚ 2370 ਹੋਰ ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿੱਚ ਨਿਰਮਾਣ ਦੇ ਕੰਮ ਤੈਅ ਸਮੇਂ ਅੰਦਰ ਮੁਕੰਮਲ ਕਰ ਲੈਣੇ ਚਾਹੀਦੇ ਹਨ ਅਤੇ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰੀਨ ਬੁਨਿਆਦੀ ਢਾਂਚਾ ਸਿਰਜਣ ਲਈ ਵਚਨਬੱਧ ਹੈ।
ਮੀਟਿੰਗ ਦੇ ਵੇਰਵੇ ਦਿੰਦਿਆਂ ਡਾ.ਚੀਮਾ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨਾਲ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਪ੍ਰੀਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ 330 ਕੇਂਦਰਾਂ ‘ਤੇ ਲਈ ਜਾਣ ਵਾਲੀ ਟੀ.ਈ.ਟੀ.-1 ਅਤੇ ਟੀ.ਈ.ਟੀ.-2 ਪ੍ਰੀਖਿਆ ਵਿੱਚ ਕੁੱਲ 1 ਲੱਖ 76 ਹਜ਼ਾਰ ਪ੍ਰੀਖਿਆਰਥੀ ਬੈਠਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਆਉਂਦੇ ਦਿਨਾਂ ਵਿੱਚ ਸਮੂਹ ਜ਼ਿਲ੍ਹਿਆਂ ਦੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨਾਲ ਵੀਡਿਓ ਕਾਨਫਰੰਸਿਗ ਰਾਹੀਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ।
ਡਾ.ਚੀਮਾ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਪ੍ਰੀਖਿਆ ਲਈ ਜਾ ਰਹੀ ਹੈ ਜਿਸ ਦਾ ਪ੍ਰਬੰਧ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟੀਚਿੰਗ (ਐਸ.ਸੀ.ਈ.ਆਰ.ਟੀ.) ਹੈ। ਉਨ੍ਹਾਂ ਦੱਸਿਆ ਕਿ ਫਰਵਰੀ-ਮਾਰਚ ਵਿੱਚ ਐਸ.ਸੀ.ਈ.ਆਰ.ਟੀ.ਵੱਲੋਂ ਸਰਕਾਰੀ ਸਕੂਲਾਂ ਦੇ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਦੀ ਲਈ ਜਾਣ ਵਾਲੀ ਮੁਲਾਂਕਣ ਪ੍ਰੀਖਿਆ ਲਈ ਮੁੱਢਲੀ ਤਿਆਰੀ ਕਰ ਲਈ ਗਈ ਹੈ ਅਤੇ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਡੀ.ਪੀ.ਆਈ.(ਸੈਕੰਡਰੀ ਸਿੱਖਿਆ) ਨਾਲ ਤਾਲਮੇਲ ਬਿਠਾ ਕੇ ਪਹਿਲੀ ਵਾਰ ਕੀਤੀ ਜਾ ਰਹੀ ਇਸ ਸ਼ੁਰੂਆਤ ਨੂੰ ਸਫਲ ਬਣਾਇਆ ਜਾਵੇਗਾ।
ਡਾ.ਚੀਮਾ ਨੇ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਉਲੀਕਿਆ ਪ੍ਰੋਗਰਾਮ ਵੀ ਰੀਵਿਊ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 400 ਦੇ ਕਰੀਬ ਮਾਸਟਰ ਟਰਨੇਰਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਇਸ ਉਪਰੰਤ ਇਨ੍ਹਾਂ ਮਾਸਟਰ ਟਰੇਨਰਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਵਿੱਚ 3000 ਅਧਿਆਪਕਾਂ ਨੂੰ ਪੰਜ ਦਿਨ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੂਜਾ ਬੈਚ ਜਲਦ ਸ਼ੁਰੂ ਹੋਵੇਗਾ ਅਤੇ ਸਾਰੇ ਸਿਖਲਾਈ ਪ੍ਰੋਗਰਾਮ ਦੀ ਵੀਡਿਓਗ੍ਰਾਫੀ ਵੀ ਕੀਤੀ ਜਾਵੇਗੀ। ਉਨ੍ਹਾਂ ਅਧਿਆਪਕ ਸਿਖਲਾਈ ਪ੍ਰੋਗਰਾਮ ਦੇ ਸ਼ੁਰੂ ਹੋਣ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਅਧਿਆਪਨ ਦੀਆਂ ਨਵੀਆਂ ਵਿਧੀਆਂ ਤੋਂ ਜਾਣੂੰ ਕਰਵਾਉਣ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ, ਬੋਰਡ ਦੇ ਸਕੱਤਰ ਇੰਜਨੀਅਰ ਗੁਰਿੰਦਰਜੀਤ ਸਿੰਘ ਬਾਠ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ ਤੇ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ ਵੀ ਹਾਜ਼ਰ ਸਨ।















