ਅਜੇ ਜਗਦੀਸ਼ ਦੇ ਰਿਟਾਇਰਮੈਂਟ ਵਿੱਚ ਦੋ ਮਹੀਨੇ ਬਾਕੀ ਸਨ ਤੇ ਸਟਾਫ਼ ਦੇ ਲੋਕ ਸਨ ਕਿ ਪਹਿਲਾਂ ਤੋਂ ਹੀ ਉਨ੍ਹਾਂ ਨਾਲ ਵਿਦਾਇਗੀ ਸੁਰ ਵਿੱਚ ਗੱਲ ਕਰਨ ਲੱਗੇ ਸਨ। ‘ਹਾਂ ਫ਼ਿਰ ਜਗਦੀਸ਼ ਭਰਾ, ਹੁਣ ਕੀ ਇਰਾਦਾ ਹੈ?’ ‘ਤਾਂ ਤੁਸੀਂ ਕੀ ਸੋਚਿਆ ਜਗਦੀਸ਼ ਭਰਾ ਜੀ. ਪੀ.ਐੱਫ਼. ਦੇ ਪੈਸੇ ਕਿੱਥੇ ਲਾਓਗੇ?’ ‘ਮੇਰੀ ਮੰਨੋ ਤਾਂ ਲੱਗਦੇ ਹੱਥ ਦੋਹਾਂ ਬੇਟੀਆਂ ਦੇ ਹੱਥ ਪੀਲੇ ਕਰ ਦਿਓ।’ ਇਹੋ ਜਿਹੇ ਹੀ ਤਮਾਮ ਫ਼ਿਕਰੇ ਜਗਦੀਸ਼ ਬਾਬੂ ਨੂੰ ਅੰਦਰੋ-ਅੰਦਰ ਹੀ ਛਿੱਲ ਰਹੇ ਸਨ। ਉਹ ਕੋਈ ਜਵਾਬ ਦੇਣ ਦੇ ਬਜਾਏ ਮਨ ਹੀ ਮਨ ਉਨ੍ਹਾਂ ਕਥਿਤ ਸ਼ੁਭਚਿੰਤਕਾਂ ਨੂੰ ਮੰਦਾ-ਚੰਗਾ ਬੋਲਣ ਲੱਗਦੇ। ‘ਸਾਲੇ! ਇਨ੍ਹਾਂ ਦਾ ਸਾਹ ਕਿਉਂ ਨਿਕਲ ਰਿਹਾ ਹੈ, ਇਸ ਕਾਲਜ ਵਿੱਚ ਮੈਂ ਪੂਰੇ ਪੈਂਤੀ ਸਾਲ ਗੁਜ਼ਾਰੇ ਹਨ। ਇਸ ਕਾਲਜ ਦਾ ਮੈਂ ਇਕ ਅਨਿੱਖੜਵਾਂ ਅੰਗ ਬਣ ਕੇ ਰਿਹਾ ਹਾਂ ਅਤੇ ਇਹ ਇਹੋ ਜਿਹਾ ਸਲੂਕ ਕਰਦੇ ਹਨ, ਜਿਵੇਂ ਮੇਰੀ ਰਿਟਾਇਰਮੈਂਟ ਨਹੀਂ ਬਲਕਿ ਅਰਥੀ ਉੱਠਣ ਵਾਲੀ ਹੈ। ਲੱਗਦਾ ਹੈ ਜਿਵੇਂ ਇਹ ਕਾਲਜ ਇਨ੍ਹਾਂ ਦੇ ਬਾਪ ਦਾ ਹੈ।’ ਉਨ੍ਹਾਂ ਨੂੰ ਬੜੀ ਤਕਲੀਫ਼ ਹੁੰਦੀ। ਅੰਦਰ ਹੀ ਅੰਦਰ ਛਿੱਲੇ ਜਾਂਦੇ। ਜਿਉਂ-ਜਿਉਂ ਰਿਟਾਇਰਮੈਂਟ ਦੇ ਦਿਨ ਨੇੜੇ ਆ ਰਹੇ ਸਨ, ਲੱਗਦਾ ਸੀ ਕੁਝ ਉਨ੍ਹਾਂ ਦੀ ਮੁੱਠੀ ‘ਚੋਂ ਧੂਹਿਆ ਜਾ ਰਿਹਾ ਹੋਵੇ। ਸਮਾਂ ਉਦੋਂ ਤਕ ਠਹਿਰਦਾ ਜਦ ਉਸ ਦੀ ਤਾਮੀਰ ਕਿਤੇ ਅੰਦਰ ਤਕ ਹਲਚਲ ਕਰ ਰਹੀ ਹੁੰਦੀ ਹੈ। ਘਰ ਵਿੱਚ ਪੈਰ ਧਰਦਿਆਂ ਹੀ ਪਤਨੀ ਆਪਣਾ ਦੁਖੜਾ ਲੈ ਕੇ ਬੈਠ ਜਾਂਦੀ। ‘ਕੀ ਇਥੇ ਉੱਥੇ ਘੁੰਮਦੇ ਰਹਿੰਦੇ ਹੋ ਰੀਮਾ ਦੇ ਪਾਪਾ। ਹੁਣ ਤਾਂ ਨੌਕਰੀ ਤੋਂ ਵੀ ਛੁੱਟੀ ਮਿਲ ਗਈ ਹੈ। ਹੁਣ ਤਾਂ ਆਰਾਮ ਨਾਲ ਬੈਠਿਆ ਕਰੋ।’ ਉਹ ਮੁਸਕਰਾਉਂਦੇ ਹੋਏ ਆਪਣੇ ਕਮਰੇ ਵਿੱਚ ਵੜ ਗਏ। ਪਤਨੀ ਕਈ ਵਾਰ ਪੁੱਛ ਚੁੱਕੀ ਸੀ,’ਕੁਲ ਕਿੰਨਾ ਪੈਸਾ ਬਣੇਗਾ ਜੀ, ਜੀ.ਪੀ.ਐੱਫ਼. ਵਿੱਚ। ਸੁਣੋ ਇਧਰ- ਉਧਰ ਖ਼ਰਚ ਨਾ ਕਰਨਾ। ਸਾਰਾ ਪੈਸਾ ਮੈਨੂੰ ਦੇ ਦੇਣਾ। ਅਸੀਂ ਬੱਚਿਆਂ ਵਿੱਚ ਹਿਸਾਬ ਨਾਲ ਵੰਡ ਦੇਵਾਂਗੇ।’ ਇਹ ਕੌਣ ਜਾਣੇ ਕਿ ਉਸ ‘ਤੇ ਇਨ੍ਹਾਂ ਗੱਲਾਂ ਦਾ ਕੀ ਅਸਰ ਪੈਂਦਾ ਸੀ। ਪਰ ਉਹ ਬਸ ਐਨਾ ਜਾਣਦੇ ਸਨ ਉਨ੍ਹਾਂ ਦੀ ਰੂਹ ਛਿੱਲੀ ਜਾਂਦੀ ਸੀ। ਉਨ੍ਹਾਂ ਦਾ ਖਾਣਾ ਪੀਣਾ ਜਿਵੇਂ ਬੰਦ ਹੀ ਹੋ ਚੁੱਕਿਆ ਸੀ। ਥੋੜ੍ਹਾ ਬਹੁਤਾ ਖਾਧਾ ਤਾਂ ਖਾਧਾ ਨਹੀਂ ਤਾਂ ਅਣਮੰਨੇ ਜਿਹੇ ਮਨ ਨਾਲ ਥਾਲੀ ਤੋਂ ਉੱਠ ਜਾਂਦੇ ਸਨ। ਉਹ ਆਪਣਾ ਗ਼ਮ ਗ਼ਲਤ ਕਰਨ ਲਈ ਕਦੇ ਇਥੇ ਬੈਠਦੇ, ਕਦੇ ਉੱਥੇ ਬੈਠਦੇ। ਫ਼ਿਰ ਕੋਈ ਉਨ੍ਹਾਂ ਦੀ ਦੁੱਖਦੀ ਰਗ ‘ਤੇ ਹੱਥ ਰੱਖ ਦਿੰਦਾ। ਉਸ ਦਾ ਰੋਮ-ਰੋਮ ਚੀਖ ਪੈਂਦਾ। ਇਉਂ ਹੀ ਮਹੀਨਾ ਸਰਕਦਾ ਰਿਹਾ। ਜਿਉਂ- ਜਿਉਂ ਸਮਾਂ ਬੀਤ ਰਿਹਾ ਸੀ, ਉਨ੍ਹਾਂ ਦੇ ਪੈਰ ਥੱਲਿਉਂ ਧਰਤੀ ਅਤੇ ਸਿਰ ਤੋਂ ਆਸਮਾਨ ਸਰਕ ਰਿਹਾ ਸੀ। ਜਦ ਚੀਜ਼ਾਂ ਆਪਣੀ ਪਕੜ ‘ਚੋਂ ਨਿਕਲਣ ਲੱਗਦੀਆਂ ਹਨ ਤਾਂ ਆਦਮੀ ਉਨ੍ਹਾਂ ਨੂੰ ਹੋਰ ਸਖ਼ਤੀ ਨਾਲ ਫ਼ੜਣ ਦਾ ਯਤਨ ਕਰਦਾ ਹੈ। ਅੰਤ ਦੋ ਮਹੀਨੇ ਖੰਭ ਲਗਾ ਕੇ ਉੱਡ ਗਏ। ਮਈ ਦੀ 20 ਤਰੀਕ ਝਟ ਦੇਣੀ ਉਨ੍ਹਾਂ ਦੇ ਸਾਹਮਣੇ ਆ ਕੇ ਠਹਿਰ ਗਈ। ਉਹ ਕਾਲਜ ਜਲਦੀ ਪਹੁੰਚ ਗਏ। ਰਾਤ ਭਰ ਇਕ ਬੇਚੈਨੀ ਬਣੀ ਰਹੀ ਸੀ। ਇਕ ਪਲ ਵੀ ਨੀਂਦ ਨਹੀਂ ਆਈ ਸੀ। ਇਉਂ ਲੱਗਦਾ ਰਿਹਾ ਜਿਵੇਂ ਨੌਕਰੀ ਤੋਂ ਨਹੀਂ, ਜ਼ਿੰਦਗੀ ਤੋਂ ਰਿਟਾਇਰ ਹੋਣ ਜਾ ਰਹੇ ਹਨ। ਪਤਨੀ ਅਤੇ ਬੱਚੇ ਮੌਜ ਨਾਲ ਸੌਂ ਰਹੇ ਸਨ। ਉਹ ਸੁੰਨੀਆਂ ਅੱਖਾਂ ਨਾਲ ਸਾਰੀ ਰਾਤ ਛੱਤ ਨੂੰ ਵੇਂਹਦੇ ਰਹੇ ਸਨ। ਆਖਰ ਸਵੇਰ ਹੋਈ। ਨਹਾ ਕੇ ਉਨ੍ਹਾਂ ਨੇ ਨਵਾਂ ਸੂਟ ਪਾਇਆ। ਉਨ੍ਹਾਂ ਨੂੰ ਸਰੀਰ ਵਿੱਚ ਊਰਜਾ-ਜਿਹੀ ਮਹਿਸੂਸ ਹੋਈ। ਜਿਉਂ ਹੀ ਉਨ੍ਹਾਂ ਨੇ ਕਾਲਜ ਵੱਲ ਤੁਰਨਾ ਸ਼ੁਰੂ ਕੀਤਾ, ਲੱਗਾ, ਜਿਵੇਂ ਪੈਰਾਂ ‘ਚੋਂ ਪ੍ਰਾਣ ਨਿਕਲਦੇ ਜਾ ਰਹੇ ਹੋਣ। ਕਾਲਜ ਵਿੱਚ ਸੰਨਾਟਾ ਪਸਰਿਆ ਸੀ। ਕੁਝ ਦੇਰ ਉਹ ਬਸ ਉਂਝ ਹੀ ਖੜ੍ਹੇ ਰਹੇ ਅਤੇ ਕਾਲਜ ਦੀ ਇਮਾਰਤ ਨੂੰ ਤੱਕਦੇ ਰਹੇ। ਉਹ ਆਪਣੇ ਕਮਰੇ ਵਿੱਚ ਪਹੁੰਚੇ ਅਤੇ ਬੜੀ ਦੇਰ ਤਕ ਖੜ੍ਹੇ ਰਹੇ। ‘ਬੈਠ ਜਾਓ ਸਰ, ਅੱਜ ਹੋਰ ਬੈਠ ਜਾਓ। ਫ਼ਿਰ ਇਹ ਕੁਰਸੀ ਕਿੱਥੇ ਮਿਲੇਗੀ।’ ਉਨ੍ਹਾਂ ਨੇ ਪਿੱਛੇ ਘੁੰਮ ਕੇ ਦੇਖਿਆ ਚਪੜਾਸੀ ਖੜ੍ਹਾ ਸੀ। ਅਚਾਨਕ ਉਸ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੂੰ ਲੱਗਾ ਜਿਵੇਂ ਕੁਰਸੀ ਵਿੱਚ ਢੇਰ ਸਾਰੇ ਕੰਡੇ ਉੱਗ ਆਏ ਹੋਣ। ਉਨ੍ਹਾਂ ਤੋਂ ਬੈਠਿਆ ਨਹੀਂ ਗਿਆ। ਚਲੀ ਜਾਣ ਵਾਲੀ ਚੀਜ਼ ਨਾਲ ਭਲਾ ਕਾਹਦਾ ਮੋਹ? ਉਹ ਬੋਲੇ,’ਨਹੀਂ ਰਾਕੇਸ਼! ਚੱਲਦਾ ਹਾਂ। ਥੋੜ੍ਹੇ ਚਿਰ ਬਾਅਦ ਆਵਾਂਗਾ। ਅਜੇ ਤਾਂ ਕੋਈ ਨਹੀਂ ਆਇਆ।’ ‘ਠੀਕ ਹੈ ਸਾਬ੍ਹ।’ ਤੁਰਦੇ ਹੋਏ ਉਨ੍ਹਾਂ ਨੇ ਕੁਰਸੀ ਨੂੰ ਬੜੇ ਮੋਹ ਨਾਲ ਦੇਖਿਆ ਜਿਵੇਂ ਕਹਿ ਰਹੇ ਹੋਣ, ‘ਚਾਲੀ ਸਾਲ ਤੂੰ ਮੈਨੂੰ ਬੜਾ ਸੰਭਾਲਿਆ ਹੁਣ ਮੈਂ ਤੈਨੂੰ ਆਪਣੀ ਕਾਮਨਾਵਾਂ ਤੋਂ ਮੁਕਤ ਕਰਦਾ ਹਾਂ।’ ਇਕ ਘੰਟੇ ਬਾਅਦ ਜਦ ਉਹ ਦੋਬਾਰਾ ਕਾਲਜ ਪਹੁੰਚੇ ਤਾਂ ਇਸ ਵਾਰ ਕਾਲਜ ਗੁਲਜ਼ਾਰ ਸੀ। ਬੱਚੇ ਰਿਜਲਟ ਲੈਣ ਆਏ ਸਨ ਸੋ ਚਹਿਚਹਾ ਰਹੇ ਸਨ। ਸਾਰਾ ਸਟਾਫ਼ ਇਕ ਮਹੀਨੇ ਦੇ ਲਈ ਰਿਲੈਕਸ ਹੋਣ ਜਾ ਰਿਹਾ ਸੀ। ਦਿਲ ਕਰ ਰਿਹਾ ਸੀ ਕਿ ਸਮਾਂ ਥੰਮ ਜਾਵੇ। ਕਾਲਜ ਵਿੱਚ ਛੁੱਟੀ ਨਾ ਹੋਵੇ। ਉਹ ਉੱਥੇ ਮੌਜੂਦ ਹਰੇਕ ਚੀਜ਼ ਨੂੰ ਛੂਹ ਕੇ ਮਹਿਸੂਸ ਕਰਨਾ ਚਾਹੁੰਦੇ ਸਨ। ਉਹ ਆਪਣੀ ਪਸੰਦੀਦਾ ਥਾਂ ਨੂੰ ਦੇਰ ਤਕ ਤਕਦੇ ਰਹੇ, ਜਿਥੇ ਉਹ ਅਕਸਰ ਫ਼ੁਰਸਤ ਦੇ ਪਲਾਂ ਵਿੱਚ ਕੁਰਸੀ ਡਾਹ ਕੇ ਬੈਠਿਆ ਕਰਦੇ ਸਨ। ਅਮਲਤਾਸ ਦੇ ਦਰੱਖ਼ਤ ਦੇ ਥੱਲੇ। ਚਾਲੀ ਸਾਲ ਤਕ ਜਿਵੇਂ ਇਹ ਦਰੱਖ਼ਤ ਉਨ੍ਹਾਂ ਦਾ ਸੱਚਾ ਸਾਥੀ ਸੀ। ਅੱਜ ਉਨ੍ਹਾਂ ਨੂੰ ਲੱਗ ਰਿਹਾ ਸੀ ਜਿਵੇਂ ਉਹ ਦਰੱਖ਼ਤ ਵੀ ਆਪਣੀਆਂ ਬਾਹਾਂ ਖੋਲ੍ਹ ਕੇ ਬੁਲਾ ਰਿਹਾ ਸੀ। ਜਿਵੇਂ ਉਹ ਦਰੱਖ਼ਤ ਵੀ ਹੁਣੇ ਰੋ ਪਵੇਗਾ। ਉਹ ਖਿੱਚੇ-ਜਿਹੇ ਉੱਧਰ ਚਲੇ ਗਏ ਅਤੇ ਕੁਰਸੀ ਖਿੱਚ ਕੇ ਉਸ ਦਰੱਖ਼ਤ ਦੇ ਹੇਠਾਂ ਬੈਠ ਗਏ। ਉਨ੍ਹਾਂ ਨੂੰ ਲੱਗਾ ਸਦੀਆਂ ਤਕ ਉਹ ਇਸੇ ਤਰ੍ਹਾਂ ਬੈਠੇ ਰਹਿ ਜਾਣ। ਇਸ ਥਾਂ ਨੂੰ ਛੱਡ ਦੇਣਾ ਉਨ੍ਹਾਂ ਨੂੰ ਬੜਾ ਦੁੱਖਦਾਈ ਲੱਗਾ। ਉਹ ਯਾਦਾਂ ਨੂੰ ਫ਼ਰੋਲਣ ਲੱਗੇ। ਜਦ ਉਨ੍ਹਾਂ ਨੇ ਕਾਲਜ ਜੁਆਇਨ ਕੀਤਾ ਸੀ। ਸਿਰਫ਼ ਵੀਹ ਸਾਲ ਦੀ ਉਮਰ। ਉਸ ਦੇ ਬਾਅਦ ਕਿੰਨੇ ਹੀ ਉਤਰਾ-ਚੜਾਅ ਆਏ ਜਿਨ੍ਹਾਂ ਦਾ ਗਵਾਹ ਇਹ ਕਾਲਜ ਰਿਹਾ ਹੈ ਅਤੇ ਇਸੇ ਦਾ ਸਾਥ ਛੁਟਿਆ ਜਾ ਰਿਹਾ ਹੈ। ਤਦੇ ਚਪੜਾਸੀ ਨੇ ਸੋਚਾਂ ਦੀ ਲੜੀ ਤੋੜ ਦਿੱਤੀ। ‘ਸਾਬ੍ਹ, ਬਾਬੂ ਜੀ ਬੁਲਾ ਰਹੇ ਹਨ। ਸਾਇਨ ਕਰ ਦਿਓ।’ ਫ਼ਿਰ ਹੱਸ ਕੇ ਬੋਲਿਆ,’ਅੱਜ ਇਕ ਹੋਰ ਕਰ ਦਿਓ। ਉਨ੍ਹਾਂ ਨੂੰ ਇਕ ਧੱਕਾ ਜਿਹਾ ਲੱਗਾ। ਰੋਮਾਂ ਵਿੱਚ ਠੰਢ ਫ਼ੈਲ ਗਈ। ਬੜੀ ਮੁਸ਼ਕਿਲ ਨਾਲ ਉਹ ਉੱਠੇ ਅਤੇ ਦਫ਼ਤਰ ਵੱਲ ਹੋ ਤੁਰੇ। ਕਲਰਕ ਨੇ ਰਜਿਸਟਰ ਅੱਗੇ ਖਿਸਕਾ ਦਿੱਤਾ। ਉਹ ਹੌਲੀ ਜਿਹੇ ਬੈਠ ਗਏ। ਪੈੱਨ ਕੱਢਿਆ ਹੀ ਸੀ ਕਿ ਕਲਰਕ ਨੇ ਕਿਹਾ,’ਕਰੋ, ਜਗਦੀਸ਼ ਬਾਬੂ। ਅੱਜ ਤੁਹਾਡਾ ਆਖਰੀ ਦਸਤਖ਼ਤ ਹੈ।’ ਉਨ੍ਹਾਂ ਨੂੰ ਲੱਗਾ ਦਸਤਖ਼ਤ ਇਕ ਮਜ਼ਬੂਤ ਡੋਰੀ ਹੀ ਤਾਂ ਹੈ ਜਿਹਨੂੰ ਘੁੱਟੀ ਉਹ ਕਾਲਜ ਦੇ ਨਾਂ ‘ਤੇ ਐਨਾ ਸਮਾਂ ਗੁਜਾਰ ਸਕੇ। ਉਨ੍ਹਾਂ ਨੇ ਬੜੇ ਆਰਾਮ ਨਾਲ ਲਿਖਿਆ,’ ਜਗਦੀਸ਼ ਚੰਦਰ ਪ੍ਰਸਾਦ।’ ਦਸਤਖ਼ਤ ਕਰਦਿਆਂ ਹੀ ਉਨ੍ਹਾਂ ਨੂੰ ਬੜਾ ਸੁੱਖ ਮਿਲਿਆ। ਆਖਰ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾ ਹੀ ਦਿੱਤੀ। ਤਦੇ ਚਪੜਾਸੀ ਨੇ ਆ ਕੇ ਸੂਚਨਾ ਦਿੱਤੀ,’ਸਰ, ਪ੍ਰਿੰਸੀਪਲ ਸਾਹਬ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਕੇ ਜਾਣਾ।’ ਉਹ ਕਮਜ਼ੋਰ ਜਿਹੇ ਉੱਠੇ ਅਤੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਪੈਰ ਰੱਖਦੇ ਹੀ ਪ੍ਰਿੰਸੀਪਲ ਨੇ ਮੁਸਕਰਾਂਦੇ ਹੋਏ ਕਿਹਾ,’ ਆਓ ਜਗਦੀਸ਼ ਬਾਬੂ ਪਧਾਰੀਏ। ਕੱਲ੍ਹ ਅਸੀਂ ਸਾਰੇ ਤੁਹਾਨੂੰ ਵਿਦਾਇਗੀ ਪਾਰਟੀ ਦੇਣ ਜਾ ਰਹੇ ਹਾਂ।’ ‘ਸਾਹਬ ਕੀ ਪਾਰਟੀ ਵਾਰਟੀ’ ਘੱਟ ਉਮਰ ਦੇ ਹੋਣ ਕਾਰਨ ਜਾਂ ਕੁਝ ਚੰਗੇ ਸੰਸਕਾਰਾਂ ਕਾਰਨ ਪ੍ਰਿੰਸੀਪਲ ਨੇ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕੀਤੀ ਹੈ।
ਜਗਦੀਸ਼ ਬਾਬੂ ਨੂੰ ਉਨ੍ਹਾਂ ਦਾ ਇਹੀ ਸੁਭਾਅ ਭਾਉਂਦਾ ਹੈ। ਉਹ ਚੁੱਪਚਾਪ ਬੈਠੇ ਰਹੇ। ਪ੍ਰਿੰਸੀਪਲ ਨੇ ਫ਼ਿਰ ਹੌਲੀ ਜਿਹੇ ਨਾਲ ਪੁੱਛਿਆ,’ਜਗਦੀਸ਼ ਬਾਬੂ ਕਿਹੋ ਜਿਹਾ ਲੱਗ ਰਿਹਾ ਹੈ?’ ਉਹ ਇਕ ਪਲ ਪ੍ਰਿੰਸੀਪਲ ਨੂੰ ਦੇਖਦੇ ਰਹਿ ਗਏ ਫ਼ਿਰ ਡੂੰਘਾ ਸਾਹ ਲੈਂਦੇ ਹੋਏ ਬੋਲੇ,’ਲੱਗਦਾ ਹੈ, ਸਾਰਾ ਕੁਝ ਖ਼ਤਮ ਹੋ ਗਿਆ ਹੈ। ਮੈਨੂੰ ਤਾਂ ਆਖਰੀ ਦਸਤਖ਼ਤ ਕਰਨਾ ਪਹਾੜ ਵਰਗਾ ਲੱਗ ਰਿਹਾ ਸੀ।’ ‘ਨਹੀਂ ਜਗਦੀਸ਼ ਬਾਬੂ। ਅਜੇ ਤਾਂ ਤੁਹਾਡੀ ਪਾਰੀ ਸ਼ੁਰੂ ਹੋਈ ਹੈ। ਅਜੇ ਤਕ ਤਾਂ ਤੁਸੀਂ ਨੌਕਰੀ ਕੀਤੀ ਹੈ। ਹੁਣ ਤੁਸੀਂ ਜ਼ਿੰਦਗੀ ਜੀਵੋ।’ ਉਨ੍ਹਾਂ ਦਾ ਇਕ ਛੋਟਾ ਜਿਹਾ ਫ਼ਿਕਰਾ ਸੁਣ ਕੇ ਜਗਦੀਸ਼ ਬਾਬੂ ਨੂੰ ਲੱਗਾ ਜਿਵੇਂ ਸੱਚਮੁੱਚ ਦੁਨੀਆ ਅਜੇ ਬਾਕੀ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਕੰਮ ਬਾਕੀ ਹਨ।
ਮੂਲ: ਹੁਸਨ ਤਬੱਸੁਮ ‘ਨਿਹਾਂ’
ਪੰਜਾਬੀ ਰੂਪ: ਨਿਰਮਲ ਪ੍ਰੇਮੀ















