ਬਰਮਿੰਘਮਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਗਿੱਟੇ ਦੀ ਸੱਟ ਕਾਰਨ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਤੋਂ ਬਾਹਰ ਹੋ ਗਏ ਹਨ। ਪਾਕਿਸਤਾਨੀ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਕ ਬਿਆਨ ‘ਚ ਦੱਸਿਆ ਕਿ ਵਹਾਬ ਗਿੱਟੇ ਦੀ ਸੱਟ ਕਾਰਨ ਚੈਂਪੀਅਨਸ ਟਰਾਫ਼ੀ ਦੇ ਬਾਕੀ ਬਚੇ ਮੈਚਾਂ ‘ਚ ਨਹੀਂ ਖੇਡ ਸਕੇਗਾ। ਵਹਾਬ ਨੂੰ ਐਤਵਾਰ ਨੂੰ ਭਾਰਤ ਖਿਲਾਫ਼ ਖੇਡੇ ਗਏ ਮੁਕਾਬਲੇ ‘ਚ ਗਿੱਟੇ ‘ਚ ਸੱਟ ਲੱਗ ਗਈ ਸੀ। ਵਹਾਬ ਆਪਣਾ ਓਵਰ ਪੂਰਾ ਨਹੀਂ ਕਰ ਸਕੇ ਸਨ। ਉਨ੍ਹਾਂ 8.4 ਓਵਰਾਂ ‘ਚ 87 ਦੌੜਾਂ ਲੁਟਾਈਆਂ ਸਨ।
ਬੋਰਡ ਨੇ ਦੱਸਿਆ ਕਿ ਮੈਚ ਤੋਂ ਬਾਅਦ ਤੇਜ਼ ਗੇਂਦਬਾਜ਼ ਦੀ ਸੱਟ ਦਾ ਸਕੈਨ ਕੀਤਾ ਗਿਆ ਸੀ ਜਿਸ ‘ਚ ਉਨ੍ਹਾਂ ਦੀ ਸੱਟ ਦੀ ਪੁਸ਼ਟੀ ਹੋਈ ਸੀ। ਵਹਾਬ ਨੇ ਇਸ ਸਾਲ 4 ਕੌਮਾਂਤਰੀ ਇਕ ਰੋਜ਼ਾ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੇ 260 ਦੌੜਾਂ ਲੁਟਾਈਆਂ ਹਨ ਅਤੇ ਸਿਰਫ਼ ਦੋ ਵਿਕਟ ਝਟਕੇ ਹਨ।
ਪੀ.ਸੀ.ਬੀ. ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਤਕਨੀਕੀ ਕਮੇਟੀ ਤੋਂ ਵਹਾਬ ਦੀ ਜਗ੍ਹਾ ਕਿਸੇ ਹੋਰ ਖਿਡਾਰੀਆਂ ਨੂੰ ਟੀਮ ‘ਚ ਸ਼ਾਮਲ ਕਰਨ ਦੀ ਇਜਾਜ਼ਤ ਮੰਗੀ ਹੈ। ਪੀ.ਸੀ.ਬੀ. ਨੂੰ ਜੇਕਰ ਆਈ.ਸੀ.ਸੀ. ਤੋਂ ਇਹ ਇਜਾਜ਼ਤ ਮਿਲ ਜਾਂਦੀ ਹੈ ਤਾਂ ਟੀਮ ਦੇ ਕੋਲ ਤੇਜ਼ ਗੇਂਦਬਾਜ਼ ਜੁਨੈਦ ਖਾਨ ਜਾਂ ਆਲਰਾਊਂਡਰ ਫ਼ਹੀਮ ਅਸ਼ਰਫ਼ ਨੂੰ ਟੀਮ ‘ਚ ਸ਼ਾਮਲ ਕਰਨ ਦਾ ਬਦਲ ਹੋਵੇਗਾ। ਪਾਕਿਸਤਾਨ ਨੂੰ ਮੀਂਹ ਦੀ ਰੁਕਾਵਟ ਵਾਲੇ ਮੈਚ ‘ਚ ਭਾਰਤ ਹੱਥੋਂ 124 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦਾ ਹੁਣ ਅਗਲਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ।












