ਨਵੀਂ ਦਿੱਲੀ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੁਮਾਰ ਨੇ ਭਾਰਤ ਦੀ ਯਾਤਰਾ ‘ਤੇ ਆਏ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੇ ਸਨਮਾਨ ‘ਚ ਆਯੋਜਿਤ ਦੁਪਹਿਰ ਦੇ ਭੋਜਨ ‘ਚ ਸ਼ਾਮਲ ਹੋਣ ਤੋਂ ਬਾਅਦ ਮੋਦੀ ਨਾਲ ਮੁਲਾਕਾਤ ਕੀਤੀ। ਪੀ.ਐੱਮ.ਓ. ਨੇ ਟਵੀਟ ਕੀਤਾ,”ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਨੇ ਅੱਜ ਯਾਨੀ ਸ਼ਨੀਵਾਰ ਨੂੰ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।”
ਕੁਮਾਰ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ਭੋਜਨ ‘ਚ ਸ਼ਾਮਲ ਨਹੀਂ ਹੋਏ ਅਤੇ ਉਨ੍ਹਾਂ ਨੇ ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਉਸ ‘ਚ ਭੇਜਿਆ। ਜ਼ਿਕਰਯੋਗ ਹੈ ਕਿ ਸੋਨੀਆ ਨੇ ਸ਼ੁੱਕਰਵਾਰ ਦੁਪਹਿਰ ਭੋਜਨ ਆਯੋਜਿਤ ਕੀਤਾ ਸੀ, ਜਿਸ ‘ਚ 17 ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸਨ। ਇਸ ਆਯੋਜਨ ਦਾ ਮਕਸਦ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਦਰਮਿਆਨ ਇਕਜੁਟਤਾ ਬਣਾਉਣਾ ਸੀ।















