ਹੁਣ ਤਾਂ ਵਿੱਕ ਕੇ ਈ ਰਹੂਗੀ

‘ਭੈ ਣੇ ਹੁਣ ਤਾਂ ਸਭ ਦੀ ਵਿਕੂਗੀ, ਕਿਸੇ ਦੀ ਨੀ ਰਹਿੰਦੀ। ਬੁਰਾ ਹਾਲ ਹੋਇਆ ਪਿਆ ਜ਼ਿਮੀਂਦਾਰਾਂ ਦਾ। ਦੱਸ ਕਿਹੜੇ ਖੂਹ ਖਾਤੇ ਡਿੱਗੀਏ। ਅਗਾਂਹ ਅੱਸੂ ਦਾ ਵਿਆਹ ਮੰਗਦੇ ਆ ਕੁੜੀਆਂ ਦੇ ਸਹੁਰੇ੩।’ ਮੂੰਹ ਹਨੇਰੇ ਗੁਰੂ ਘਰ ਮੱਥਾ ਟੇਕ ਕੇ ਮੁੜੀ ਮਾਂ ਚੁੱਲ੍ਹੇ ਮੂਹਰੇ ਬੈਠੀ, ਚਾਚੀ ਮੁਖਤਿਆਰ ਕੌਰ ਦੀਆਂ ਗੱਲਾਂ ਦੱਸਦੀ ਝੋਰਾ ਕਰੀ ਜਾਂਦੀ ਸੀ। ਗਰਮੀ ਨਾਲ ਧੁਆਂਖੇ ਮਾਂ ਦੇ ਚਿਹਰੇ ਦੀਆਂ ਝੁਰੜੀਆਂ ਜਿਵੇਂ ਸਿਆਹ ਕਾਲੀਆਂ ਹੋ ਗਈਆਂ। ਚੁੱਲ੍ਹੇ ਉੱਤੇ ਉਬਲਦੀ ਚਾਹ ਦਾ ਮਾਂ ਨੂੰ ਕੋਈ ਚੇਤਾ ਹੀ ਨਹੀਂ ਸੀ ਰਿਹਾ। ਉਸ ਦੇ ਦਿਮਾਗ ਵਿੱਚ ਚਾਚੀ ਮੁਖਤਿਆਰ ਕੌਰ ਨਾਲ ਹੋਈ ਗੱਲਬਾਤ ਦੀ ਰੀਲ ਚੱਲ ਰਹੀ ਸੀ। ‘..ਲੈ ਦੱਸ, ਦੋ ਦੋ ਕੁੜੀਆਂ ‘ਕੱਠੀਆਂ ਬਾਰੋਂ ‘ਠਾਉਣੀਆਂ ਸੌਖੀਆਂ ਪਈਆਂ ਨੇ ਕਿਤੇ। ਬਚਾਰੀ ਮੁਖਤਿਆਰ ਕੁਰ ਬਲਾਂ ਬਿਲਕੀ ਜਾਂਦੀ ਸੀ। ਕਹਿੰਦੀ ਦੋਹਾਂ ਨੂੰ ਇੱਕ ਘਰੇ ਵਿਆਹੁਣ ਦਾ ਹੂਲਾ ਏਸ ਲਈ ਫ਼ੱਕਿਆ ਸੀ, ਜਿਥੇ ਇੱਕ ਕੁੜੀ ਦਾ ਰਿਸ਼ਤਾ ਚਾਰ ਲੱਖ ‘ਚ ਮੰਗਦੇ ਸੀ ਤੇ ਦੋ ਕਰਕੇ ਸਾਢੇ ਛੀ ਲੱਖ ‘ਚ ਗੱਲ ਨਿਬੜ ਗੀ ਸੀ। ਪਰ ਹੁਣ ਦੋਹਾਂ ਵਾਸਤੇ ਕਿਥੋਂ ‘ਕੱਠੀ ਕਰੀਏ ਐਨੀ ਰਕਮ। ਫ਼ਸਲ ਤਾਂ ਹੋਈ ਨੀਂ। ਆੜ੍ਹਤੀਆ ਦੇਹਲੀ ਨੀਂ ਚੜ੍ਹਨ ਦਿੰਦਾ ਜਦੋਂ ਪਿਛਲਾ ਪੈਸਾ ਨੀ ਮੁੜਿਆ, ਫ਼ੇਰ ਦੱਸ ਕਿਵੇਂ ਨਾ ਵਿਕੂ ਜ਼ਮੀਨ? ਬੈਂਕ ਦੀਆਂ ਕਿਸ਼ਤਾਂ ਸਿਰ ਟੁੱਟ ਗਈਆਂ। ਬੈਂਕ ਵਾਲਿਆਂ ਨੇ ਗੇੜੇ ਤੇ ਗੇੜੇ ਬੰਨ੍ਹ ਰੱਖਿਆ੩। ‘ਹੁਣ ਤਾਂ ਵਿਕ ਕੇ ਈ ਰਹੂਗੀ ।’ ਮਾਂ ਗੱਲ ਤੋਂ ਲਾਂਭੇ ਜਾਣ ਦਾ ਨਾਂ ਨਹੀਂ ਲੈ ਰਹੀ ਸੀ ਜਦਕਿ ਅਜਿਹੀਆਂ ਗੱਲਾਂ ਪਿੰਡ ਦੀਆਂ ਔਰਤਾਂ ਦੇ ਨਿੱਤ ਨੇਮ ਦਾ ਹਿੱਸਾ ਹਨ। ਜਦੋਂ ਵੀ ਉਹ ਹਨ੍ਹੇਰੇ ਸਵੇਰੇ ਕੰਮ-ਕਾਰ ਕਰਦੀਆਂ ਇੱਕ-ਦੂਜੀ ਕੋਲ ਘੜੀ ਦੋ ਘੜੀ ਕਿਤੇ ਖੜ੍ਹਦੀਆਂ ਹਨ ਤਾਂ ਕਦੇ ਧੀਆਂ- ਪੁੱਤਾਂ ਦੇ ਉਨ੍ਹਾਂ ਵਿਆਹ ਮੰਗਣਿਆਂ ਦੀ ਚਰਚਾ ਕਰ ਰਹੀਆਂ ਹੋਣਗੀਆਂ, ਜਿਨ੍ਹਾਂ ‘ਤੇ ਆਉਣ ਵਾਲਾ ਖ਼ਰਚ, ਸਾਹੇ ਦੀਆਂ ਖ਼ੁਸ਼ੀਆਂ ਦੇ ਅੰਦਰੋਂ ਅੰਦਰੀ ਸਾਹ ਸੂਤ ਗਿਆ ਹੁੰਦਾ ਹੈ। ਇਸੇ ਤਰ੍ਹਾਂ ਕਦੇ ਚਾਚੇ ਮੇਜਰ ਦੀ ਧੀ ਦੀ ਛੂਛਕ ‘ਤੇ ਆਇਆ ਖਰਚਾ, ਦੁਨੀਆ ‘ਚ ਆਏ ਨਵੇਂ ਜੀਅ ਦੀ ਆਮਦ ਮੁਬਾਰਕ ਹੋਣ ਦੀ ਥਾਂ ਘਰ ਦੇ ਜੀਆਂ ਨੂੰ ਹਿਸਾਬੀ ਕਿਤਾਬੀ ਪਾ ਦਿੰਦਾ ਹੈ। ਕਦੇ ਆਪਣੇ ਮਾਪਿਆਂ ਦੇ ਸਿਰ ਲੱਖਾਂ ਦਾ ਬੋਝ ਪਾਉਣ ਦਾ ਮਿਹਣਾ ਲੈ ਕੇ ਜੰਮਦੀਆਂ ਬਾਲੜੀਆਂ ਹੀ ਪੱਥਰ ਹੋ ਨਿਬੜਦੀਆਂ ਹਨ। ਮਾਂ ਚਾਚੀ ਮੁਖਤਿਆਰ ਕੌਰ ਦੀਆਂ ਕਹੀਆਂ ਗੱਲਾਂ ਨੂੰ ਇੰਨ-ਬਿੰਨ ਦੁਹਰਾ ਦੁਹਰਾ ਦੱਸ ਰਹੀ ਸੀ ਕਿ ਅਜੇ ਘਰ ਦਾ ਕਾਰਜ ਤਾਂ ਕੋਈ ਸੁਆਰਿਆ ਈ ਨਹੀਂ, ਕਦੇ ਚੱਜ ਦਾ ਪਹਿਨ ਪਚਰ ਕੇ ਨੀਂ ਦੇਖਿਆ। ਬਸ ਇੱਕ ਜਵਾਕਾਂ ਦੀ ਪੜ੍ਹਾਈ ਐ, ਪੜ੍ਹਾਏ ਬਿਨਾਂ ਤਾਂ ਹੁਣ ਸਰਦਾ ਨਈ। ਖੇਤਾਂ ‘ਚ ਸਾਰੀ ਉਮਰ ਘੱਟਾ ਢੋ-ਢੋ ਕੇ ਹੱਡ ਕਾਲੇ ਕਰਨ ਮਗਰੋਂ ਵੀ ਜ਼ਿਮੀਂਦਾਰ ਦੇ ਕੱਖ ਪੱਲੇ ਨਹੀਂ ਪੈਂਦਾ। ਦਿਨ ਰਾਤ ਕਰਜ਼ੇ ਉਤੇ ਵਿਆਜ ਸੂਈ ਜਾਂਦਾ ਤੇ ਆਖ਼ਰ ਨੂੰ ਕੌੜਾ ਅੱਕ ਚੱਬਣਾ ਹੀ ਪੈਂਦਾ ਹੈ। ਚਿੰਤਾ ਦੇ ਪਰਛਾਵੇਂ ਮਾਂ ਦੇ ਚਿਹਰੇ ਤੋਂ ਸਾਫ਼ ਝਲਕ ਰਹੇ ਸੀ। ਓਟੇ ਤੋਂ ਬਾਹਰ ਵੱਲ ਨੂੰ ਦੇਖਦਿਆਂ ਮਾਂ ਸਵਾਲੀਆ ਲਹਿਜ਼ੇ ਵਿੱਚ ਕਹਿਣ ਲੱਗੀ ਕਿ ਅਖੇ ਉਦੋਂ ਤਕ ਮਨ ‘ਚ ਧੁੜਕੂ ਲੱਗਿਆ ਰਹਿੰਦਾ ਜਦੋਂ ਤੱਕ ਖੇਤ ਗਿਆ ਬੰਦਾ ਘਰੇ ਨੀਂ ਮੁੜ ਆਉਂਦਾ। ਰੋਜ਼ ਈ ਸੁਣੀ ਜਾਨੇ ਆਂ ਚੰਦਰੀਆਂ ਖ਼ਬਰਾਂ। ਐਹੋ ਜੀਆਂ ਖ਼ਬਰਾਂ ਸੁਣ ਸੁਣ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ। ਪਤਾ ਨੀ ਮੁਖਤਿਆਰ ਕੌਰ ਕਿਹੜੀ ਖ਼ਬਰ ਦੀ ਗੱਲ ਕਰਦੀ ਸੀ ਕਿ ਕਿਹੜੇ ਪਿੰਡ ਦੇ ਬੰਦੇ ਨੇ ਸਾਰੇ ਟੱਬਰ ਨੂੰ ਸਪਰੇਅ ਪਿਆ ‘ਤੀ ਤੇ ਨਾਲੇ ਆਪ ਪੀ ਗਿਆ। ਅਖੇ ਆਪ ਤਾਂ ਮੁੱਕ ਗਿਆ ਮੌਕੇ ‘ਤੇ ਈ। ਦੇਖ ਲੈ ਕੀ ਮੁਲਖ ਕਮਲਾ ਹੋ ਗਿਆ। ਜਿੱਧਰ ਸੁਣੋ ਸਪਰੇਆਂ ਪੀ ਪੀ ਮਰੀ ਜਾਂਦੇ ਨੇ ਪਰ ਜੈਖਣੇ ਦਾ ਬੰਦਾ ਜਾਵੇ ਵੀ ਤਾਂ ਕਿਥੇ? ਮਰਨਾ ਈ ਹੋਇਆ ਜਦ ਆੜ੍ਹਤੀਆ ਜ਼ਮੀਨ ‘ਚ ਕੁਰਕੀ ਕਰਨ ਆ ਖੜੂ, ਐਡੀ ਨਮੋਸ਼ੀ ਝੱਲੀ ਜਾਂਦੀ ਐ ਕਿਤੇ। ਅਗਲਾ ਸ਼ਰੀਕੇ ਕਬੀਲੇ ‘ਚ ਖੜ੍ਹਨ ਜੋਗਾ ਨੀ ਰਹਿੰਦਾ। ‘ਮੈਂ ਮਾਂ ਦੇ ਇਨ੍ਹਾਂ ਸ਼ਬਦਾਂ ਨੂੰ ਸਮਝਣ ਤੋਂ ਅਸਮਰੱਥ ਆਂ। ਖ਼ੁਦ ਹੀ ਉਹਦਾ ਮੰਨਣਾ ਇਹ ਐ ਕਿ ਘਰ-ਘਰ ਲੋਕਾਂ ਦਾ ਇਹੋ ਹਾਲ ਹੈ। ਫ਼ੇਰ ਇਸ ਔਖੇ ਸਮੇਂ ‘ਚ ਵੀ ਸ਼ਰੀਕੇਬਾਜ਼ੀ ਦੀ ਜ਼ਿਆਦਾ ਪਰਵਾਹ ਹੈ। ਕਿਉਂ ਨਾ ਇਸ ਸੰਕਟ ਦੇ ਸਮੇਂ ‘ਚ ਇੱਕ ਦੂਜੇ ਦਾ ਹੱਥ ਫ਼ੜ੍ਹਿਆ ਜਾਵੇ ਨਾ ਕਿ ਇੱਕ-ਦੂਜੇ ਦੀ ਸ਼ਰਮੋ-ਸ਼ਰਮੀ ਹੋਰਨਾਂ ਸਹਾਇੱਕ ਕਿੱਤਿਆਂ ਨੂੰ ਨਕਾਰ ਕੇ ਛੋਟੀ ਕਿਸਾਨੀ ਉਤੇ ਮੰਡਰਾ ਰਹੇ ਖ਼ਤਰਿਆਂ ਨੂੰ ਹੋਰ ਵੜਾਵਾ ਦਿੱਤਾ ਜਾਵੇ। ‘੩ਔਹ ਮਾਨਾ ਪੱਤੀ ਵਾਲੇ ਜੰਟੇ ਕੀ ‘ਕੱਠੀ ਚਾਰ ਕਿਲੇ ਵਿਕ ਗਈ, ਕਹਿੰਦੇ ਐਨਾ ਕਰਜ਼ਾ ਸੀ ਸਿਰ..’, ਇਹ ਤੋਂ ਪਹਿਲਾਂ ਕਿ ਮੈਂ ਮਾਂ ਅੱਗੇ ਆਪਣੀ ਗੱਲ ਰੱਖ ਸਕਾਂ, ਮਾਂ ਨੇ ਪਿੰਡ ਦੇ ਪਰਲੇ ਵਿਹੜੇ ‘ਚੋਂ ਕਿਸੇ ਦੀ ਕੁਝ ਦਿਨ ਪਹਿਲਾਂ ਵਿਕੀ ਜ਼ਮੀਨ ਦੀ ਕਹਾਣੀ ਛੋਹ ਲਈ। ਕਹਿਣ ਲੱਗੀ, ‘ਅੱਧੋਂ ਵੱਧ ਤਾਂ ਵਿਕ ਗਈ ਹੁਣ ਦੱਸ ਕੀ ਖਾਣਗੇ, ਮਗਰ ਬਚੀਆਂ ਦੋ ਕਿੱਲੀਆਂ। ਕੱਲ੍ਹ ਨੂੰ ਕੌਣ ਸਾਕ ਕਰੂ ਮੁੰਡੇ ਨੂੰ। ਕਹਿੰਦੇ ਉਹਦੀ ਘਰਆਲੀ ਤਾਂ ਮੰਜੇ ‘ਚ ਪਈ ਆ ਬਚਾਰੀ। ‘ਘਰ ਘਰ ਦੀ ਕਹਾਣੀ ਛੇੜੀਂ ਬੈਠੀ ਮਾਂ ਆਪ ਹੀ ਹਾਲਾਤ ਦਾ ਵਿਸ਼ਲੇਸ਼ਣ ਕਰੀ ਜਾਂਦੀ ਸੀ ਤੇ ਆਪ ਹੀ ਦਲੀਲਾਂ ਦਿੰਦੀ ਜਾਂਦੀ ਸੀ। ਮਾਂ ਜਿਵੇਂ ਮੁਖਤਿਆਰ ਕੌਰ ਚਾਚੀ ਦੀਆਂ ਗੱਲਾਂ ਸੁਣ ਕੇ ਇੱਕ ਤਰ੍ਹਾਂ ਸਹਿਮੀ ਪਈ ਸੀ। ਉਹ ਵਰ੍ਹਿਆਂ ਤੋਂ ਘੁੱਗ ਵੱਸਦੇ ਪਿੰਡ ਨੂੰ ਇੱਕ ਘੁੰਮਣਘੇਰੀ ਵਿੱਚ ਫ਼ਸਿਆ ਮਹਿਸੂਸ ਕਰ ਰਹੀ ਸੀ। ਹਰ ਘਰ ਦੀ ਇੱਕੋ ਕਹਾਣੀ ਬਣੀ ਨਜ਼ਰ ਆ ਰਹੀ ਸੀ। ਬੇਸ਼ੱਕ ਮਾਂ ਨੂੰ ਕੋਈ ਹੀਲਾ ਨਜ਼ਰ ਨਹੀਂ ਆ ਰਿਹਾ। ਕੁਝ ਵੀ ਉਸ ਦੇ ਹੱਥ ਵੱਸ ਨਹੀਂ ਪਰ ਫ਼ੇਰ ਵੀ ਅੰਦਰਲੇ ਵੇਗ ਨੂੰ ਰੋਕਣਾ ਉਸ ਨੂੰ ਔਖਾ ਜਾਪ ਰਿਹਾ ਸੀ, ‘ਅੱਗੇ ਜਿਹੜੇ ਘਰਾਂ ਨੂੰ ਖੇਤੀ ‘ਚ ਨਫ਼ਾ ਨੀ ਸੀ, ਉਹ ਠੇਕੇ ‘ਤੇ ਲਾ ਦਿੰਦੇ ਸੀ। ਉੱਕਾ- ਪੁੱਕਾ ਠੇਕਾ ਮਿਲ ਜਾਂਦਾ ਤੇ ਰੇਹਾਂ ਸਪਰੇਹਾਂ ਦਾ ਖ਼ਰਚਾ ਸਿਰ ਟੁੱਟਣ ਤੋਂ ਤਾਂ ਬਚ ਜਾਂਦਾ। ਦੱਸ ਹੁਣ ਤਾਂ ਫ਼ਸਲਾਂ ਈ ਹੋਣੋਂ ਹਟ ਗੀਆਂ। ਕਦੇ ਚਿੱਟਾ ਮੱਛਰ ਵੈਰੀ ਬਣ ਜਾਂਦਾ, ਕਦੇ ਮਾੜੀਆਂ ਰੇਹਾਂ ਸਪਰੇਹਾਂ ਫ਼ਸਲਾਂ ਨੂੰ ਲੈ ਬੈਹਿੰਦੀਆਂ ਤੇ ਕਦੇ ਪੱਕੀ ਫ਼ਸਲ ‘ਤੇ ਰੱਬ ਡਾਹਢਾ ਬਣ ਕੇ ਖੜ੍ਹ ਜਾਂਦਾ। ਠੇਕੇ ‘ਤੇ ਵੀ ਲੈਣੋਂ ਹੱਟ ਗਏ ਲੋਕ ਜ਼ਮੀਨਾਂ। ਝੋਟੇ ਦੇ ਸਿਰ ਅਰਗੀਆਂ ਜ਼ਮੀਨਾਂ ਦੇ ਵੀ ਠੇਕੇ ਡਿੱਗ ਪੇ। ਜ਼ਿਮੀਂਦਾਰ ਆਪਣਾ ਕਿਵੇਂ ਨਿਰਬਾਹ ਕਰਨਗੇ ?’ ਮਾਂ ਲਗਾਤਾਰ ਬੋਲੀ ਜਾ ਰਹੀ ਸੀ, ‘੩ ਹੋਰ ਤਾਂ ਹੋਰ ਮੁਖਤਿਆਰ ਕੁਰ ਦੱਸਦੀ ਸੀ ਅਖੇ ਸੰਧੂਆਂ ਦੇ ਲਾਣੇ ‘ਚੋਂ ਚਰਨੇ ਨੇ ਕੁੜੀ ਦੇ ਵਿਆਹ ਖਾਤਰ ਜ਼ਮੀਨ ਵਿਕਾਊ ਕੀਤੀ ਆ। ਉਹ ਵੀ ਨੀ ਵਿਕਦੀ ਪਈ ਤੇ ਘਰੇ ਵਿਆਹ ਧਰਿਆ ਪਿਆ।’ ਸਵੇਰੇ ਸਵੇਰੇ ਚਿੰਤਾ ਦੇ ਘੇਰੇ ‘ਚ ਉਲਝਦੀ ਜਾ ਰਹੀ ਮਾਂ ਦਾ ਧਿਆਨ ਹਟਾਉਣ ਲਈ ਮੈਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ‘੩ਥੋਨੂੰ ਕਾਹਨੂੰ ਚੰਗੀਆਂ ਲੱਗਦੀਆਂ ਹੋਸਟਲਾਂ ‘ਚ ਰਹਿਣ ਵਾਲਿਆਂ ਨੂੰ ਘਰ-ਪਰਿਵਾਰ ਦੀਆਂ ਗੱਲਾਂ। ਇੱਕ ਸਾਡਾ ਵੇਲਾ ਹੁੰਦਾ ਸੀ, ਅਸੀਂ ਮਾਂ-ਪਿਉ ਮੂਹਰੇ ਹਿੱਕ ਡਾਹ ਕੇ ਕੰਮ ਕਰਦੇ ਸੀ ਤੇ ਲੋਕ ਸੌਖੇ ਵੀ ਸੀ। ਹੁਣ ਜਵਾਕ ਪਹਿਲਾਂ ਆਖਣਗੇ ਕਿ ਅਸੀਂ ਤਾਂ ਪੜ੍ਹਦੇ ਆਂ ਤੇ ਮਗਰੋਂ ਨਿਕਲਦਾ ਠਣ- ਠਣ ਗੋਪਾਲ.।’ ਮਾਂ ਨੇ ਆਪਣੀ ਬੇਵੱਸੀ ਦਾ ਗੁੱਸਾ ਮੇਰੇ ਉਤੇ ਝਾੜ ਛੱਡਿਆ ਸੀ। ਬੇਸ਼ੱਕ ਮੇਰਾ ਕਹਿਣ ਨੂੰ ਦਿਲ ਕੀਤਾ ਸੀ ਕਿ ਜੇ ਅਸੀਂ ਇਸੇ ਤਰ੍ਹਾਂ ਜ਼ਮੀਨਾਂ ਨੂੰ ਨੱਕ ਬਣਾ ਕੇ ਤੁਰਦੇ ਰਹਾਂਗੇ ਤਾਂ ਇਨ੍ਹਾਂ ਮੁਸ਼ਕਲਾਂ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ ਪਰ ਮਾਂ ਦੀ ਝਿੜਕ ਅੱਗੇ ਸਾਰੀ ਫ਼ਿਲਾਸਫ਼ੀ ਵਹਿੰਦੀ ਵਹਿ ਗਈ। ਉੱਚੀ ਸਾਰੀ ‘ਵਾਖਰੂ’ ਆਖ ਕੇ ਮਾਂ ਨੇ ਦੋਵੇਂ ਹੱਥ ਜੋੜ ਉਤਾਂਹ ਵੱਲ ਦੇਖਿਆ। ਜਿਵੇਂ ਚਾਹ ਰਹੀ ਹੋਵੇ ਕਿ ਕੋਈ ਕੌਤਕ ਹੋਵੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਕਿਤੇ ਛੂ ਮੰਤਰ ਹੋ ਉੱਡ-ਪੁੱਡ ਜਾਣਗੀਆਂ। ਸਭ ਦਾ ਭਲਾ ਮੰਗਦੀ ਮਾਂ ਪਸ਼ੂਆਂ ਵੱਲ ਨੂੰ ਹੋ ਤੁਰੀ।
ਪਵਨਜੀਤ ਕੌਰ