ਦੂਜੀ ਤੇ ਆਖ਼ਰੀ ਕਿਸ਼ਤ
ਅਨੇਕਾਂ ਮੁੱਲਕਾਂ ‘ਚੋਂ ਘੁੰਮਦਾ ਘੁੰਮਾਉਂਦਾ ਆਖਰ ਨੂੰ ਉਹ ਅਮਰੀਕਾ ਦੀ ਧਰਤੀ ਨਿਊ ਯੌਰਕ ਪਹੁੰਚ ਗਿਆ। ਸਾਹਲੋਂ ਵਾਲਾ ਤ੍ਰਲੋਚਨ ਭੱਟੀ (ਫ਼ਲੱਸ਼ਿੰਗ ਗੁਰੂਘਰ ਦਾ ਸਾਬਕਾ ਪ੍ਰਧਾਨ) ਵੀ ਉਸ ਵੇਲੇ ਨਾਲ ਸੀ। ਇਥੇ ਆ ਕੇ ਵੀ ਉਹਨੇ ਆਪਣਾ ਸ਼ੌਕ ਬਰਕਰਾਰ ਰੱਖਿਆ। 26-27 ਨਵੰਬਰ 1983 ਨੂੰ ਰਿਚਮੰਡ ਹਿੱਲ ਗੁਰੂ ਘਰ ਵਲੋਂ ਸਮੋਕੀ ਪਾਰਕ ‘ਚ ਪਹਿਲੀ ਵਾਰ ਕਰਾਏ ਗਏ ਮੈਚਾਂ ਵਿੱਚ ਸ਼ਿੰਦੇ ਨੇ ਕਬੱਡੀਆਂ ਪਾ ਕੇ ਬਹਿਜਾ-ਬਹਿਜਾ ਕਰਾ ਦਿੱਤੀ। ਸੱਤ ਰੇਡਾਂ ਪਾਈਆਂ ਅਤੇ ਸੱਤ ਹੀ ਨੰਬਰ ਲਏ। ਨਿਊ ਯੌਰਕ ਦੀ ਧਰਤੀ ‘ਤੇ ਪੰਜਾਬੀਆਂ ਦਾ ਇਹ ਪਹਿਲਾ ਟੂਰਨਾਮੈਂਟ ਸੀ।
ਗਿਆਰਵੀਂ ‘ਚ ਪੜ੍ਹਦੇ ਨੂੰ ਕਬੱਡੀ ਦੇ ਪ੍ਰਸਿੱਧ ਖਿਡਾਰੀ ਦੇਵੀ ਦਿਆਲ ਨਾਲ ਦੋ ਵਾਰ ਮੈਚ ਖੇਡਣ ਦਾ ਮੌਕਾ ਮਿਲਿਆ। ਇੱਕ ਵਾਰ ਰਟੈਡੇ ਤੇ ਦੂਜਾ ਕੁਲਥਮ। ਤਕੜਾ ਸੈੱਟ ਹੋਣ ਕਰ ਕੇ ਦੋਵੇਂ ਵਾਰ ਦੇਵੀ ਦਿਆਲ ਜਿੱਤ ਗਿਆ। ਫ਼ੱਸਵਾਂ ਇੱਕ ਮੈਚ ਪੱਤੜੀਏ ਬੋਲੇ ਨਾਲ ਬਹਿਰਾਮ ਲਾਗੇ ਚੱਕ ਰਾਮੂ ਖੇਡਿਆ। ਓਦੋਂ ਸ਼ਿੰਦੇ ਦਾ ਮੰਗੂਵਾਲ ਕਬੱਡੀ ਦਾ ਪੂਰਾ ਸੈੱਟ ਹੁੰਦਾ ਸੀ ਅਤੇ ਉਹ ਸਮਰਾੜੀ ਵਲੋਂ ਖੇਡਿਆ। ਬਹਿਰਾਮੀਏ ਅਮਰੀਕ ਅਤੇ ਸ਼ਿੰਦੇ ਨੂੰ ਉਹ ਵਧੀਆ ਖਿਡਾਰੀ ਮੰਨਦਾ ਹੈ। ਡਾਜ ਮਾਰਨੀ ਵੀ ਅਮਰੀਕ ਨੇ ਸ਼ੁਰੂ ਕੀਤੀ ਦੱਸੀ ਜਾਂਦੀ ਹੈ। ਮੱਲਪੁਰੀਆ ਹਰੀ (ਸ਼ਿੰਦੇ ਨੇ ਇਥੇ ਸਪੈਸ਼ਲ ਹਰੀ ਦਾ ਜ਼ਿਕਰ ਕੀਤਾ ਹੈ ਕਿ ਹਰੀ ਨਾਲ ਦੀ ਕੈਂਚੀ ਨ੍ਹੀ ਕਿਸੇ ਨੇ ਮਾਰੀ। ਕੈਂਚੀ ਮਾਰ ਕੇ ਉਹ ਹੱਥ ਛੱਡ ਦਿੰਦਾ), ਸੁੱਚਾ, ਮੀਤਾ, ਕੁਲਵੰਤ ਅਤੇ ਠੋਲੂ, ਧਲੇਤੇ ਵਾਲਾ ਗੁਰਮੇਲ, ਰੱਕੜਾਂ ਦੇ ਜੈਲੀ-ਤਾਰੀ, ਸਵਾਜ਼ਪੁਰ ਦਾ ਸਵਰਨਾ, ਖਟਕੜਾਂ ਦੇ ਦੋਵੇਂ ਭਰਾ ਪੱਪੂ ਤੇ ਬਿੱਲੂ, ਕੁਲਦੀਪ ਮੱਲ੍ਹਾ, ਮੱਖਣ ਮਾਲੋਮਜ਼ਾਰਾ, ਔੜ ਦੇ ਭਾਂਤੀ, ਹਣਸਾ, ਗਾਂਧੀ, ਕੁਲਵੀਰ ਕੈਲੇਫ਼ੋਰਨੀਆ, ਗੁੱਡੂ ਕਰੀਹਾ ਅਤੇ ਲੇਹਲਾਂ ਵਾਲਾ ਮੀਕਾ ਤਕੜੇ ਖਿਡਾਰੀ ਸਨ। ਮੀਕੇ ਦਾ ਭਤੀਜਾ ਵੀ ਜੱਸੀ ਲੇਹਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ।
ਸ਼ਿੰਦਾ ਇੱਕ ਵਾਰ ਦੀ ਸ਼ੁਗਲੀ ਅਤੇ ਸੱਚੀ ਵਾਰਤਾ ਸੁਣਾ ਰਿਹਾ ਸੀ ਕਿ ਕਿਸੇ ਪਿੰਡ ਕਰੀਹੇ ਵਾਲੇ ਗੀਰੇ ਨਾਲ ਘਟਾਰੋਂ ਮੈਚ ਚੱਲ ਰਿਹਾ ਸੀ। ਗੀਰਾ ਸਾਹ ਗਿਆ ਅਤੇ ਜੋਗੀ ਨੇ ਫ਼ੜ ਲਿਆ। ਭਾਰੇ ਸ਼ਰੀਰ ਦਾ ਗੀਰਾ ਹਲਕੇ ਜਿਹੇ ਜੋਗੀ ਨੂੰ ਹੰਦਿਆਂ ਵੱਲ ਘੜੀਸੀ ਲਿਆ ਰਿਹਾ ਸੀ। ਗੀਰੇ ਦਾ ਸਾਹ ਟੁੱਟ ਗਿਆ ਅਤੇ ਰੈਫ਼ਰੀ ਨੇ ਵਿਸਲ ਮਾਰ ਦਿੱਤੀ। ਗੀਰੇ ਨੇ ਰੈਫ਼ਰੀ ਨੂੰ ਵਿਸਲ ਮਾਰਨ ਦਾ ਕਾਰਨ ਪੁੱਛਿਆ ਤਾਂ ਰੈਫ਼ਰੀ ਨੇ ਸਾਹ ਟੁਟਣਾ ਦੱਸਿਆ। ਗੀਰਾ ਕਹਿੰਦਾ ਸੁਣ ”ਸਾਹ ਮੈਂ ‘ਕੱਲਾ ਨੀ ਲੈਂਦਾ, ਸਾਰੀ ਦੁਨੀਆਂ ਸਾਹ ਲੈਂਦੀ ਆ, ਜੇ ਸਾਹ ਨਾ ਲਵਾਂ, ਹੋਰ ਮੈਂ ਮਰ ਜਾਵਾਂ..?”
ਕਬੱਡੀ ਦੇ ਨਾਲ ਨਾਲ ਸ਼ਿੰਦੇ ਨੇ ਫ਼ੁੱਟਬਾਲ ਵੀ ਖੇਡਿਆ। ਕਾਹਮੇ ਮੈਚਾਂ ਵਿੱਚ ਇੱਕ ਵਾਰ ਮੰਗੂਵਾਲ ਦਾ ਕਾਹਮੇ ਨਾਲ ਬੜਾ ਖੜਕਵਾਂ ਮੈਚ ਹੋਇਆ। ਮੰਗੂਵਾਲ ਦੀ ਟੀਮ ‘ਚ ਸ਼ਿੰਦਾ, ਦਰਸ਼ਨ ਖਟਕੜ, ਇੱਕਬਾਲ ਖਟਕੜ, ਫ਼ੌਜੀ, ਨੰਜੂ ਭਗਤ, ਜੋਗਾ ਅਤੇ ਘੋਲੀ ਖੈਰਾ ਆਦਿ ਖੇਡਦੇ ਸਨ ਜਦ ਕਿ ਕਾਹਮੇ ਦੀ ਟੀਮ ‘ਚ ਬਿਹਾਰੀ, ਸ਼ੀਰੀ, ਨਿੰਮਾ ਬੋਕ, ਜੋਗਾ, ਗੋਗੀ, ਗਿਆਨੀ, ਸ਼ਮਿੰਦਰ, ਗਿਆਨਾ ਅਤੇ ਨਿਰਭੈ ਸਨ। ਇਹ ਮੈਚ ਵੀ ਬੜਾ ਯਾਦਗਾਰੀ ਅਤੇ ਰੋਚਕ ਰਿਹਾ।
ਉਹ ਦੋ ਭਰਾ ਤੇ ਤਿੰਨ ਭੈਣਾਂ ਹਨ। ਦੂਜਾ ਭਰਾ ਮਹਿੰਦਰ ਸਿੰਘ ਆਸਟ੍ਰੇਲੀਆ ਰਹਿੰਦਾ ਹੈ। ਤਿੰਨ-ਬੇਟੀਆਂ ਅਤੇ ਇੱਕੱ ਬੇਟਾ। ਪ੍ਰਮਾਤਮਾ ‘ਚ ਅਥਾਹ ਵਿਸ਼ਵਾਸ ਰੱਖਣ ਵਾਲਾ ਗੁਰੂ ਦੀ ਕ੍ਰਿਪਾ ਨਾਲ ‘ਅਮ੍ਰਿੰਤਧਾਰੀ ਸਿੰਘ’ ਸੱਜਿਆ ਹੋਇਐ। ਦੂਜੇ ਭੈਣ-ਭਾਈ ਵੀ ਸਿੰਘ ਸਜੇ ਹੋਏ ਨੇ। ਨਿਊ ਯੌਰਕ ਰਹਿੰਦਾ ਉਹ ਸ਼ੌਕਾਂ ਦੀ ਪੂਰਤੀ ਲਈ ਇਥੋਂ ਦੇ ਫ਼ੁੱਟਬਾਲ ਅਤੇ ਕਬੱਡੀ ਮੈਚ ਵੇਖਣੇ ਕਦੇ ਨਹੀ ਭੁੱਲਦਾ। ਤਨੋਂ, ਮਨੋਂ, ਧਨੋਂ ਹਿੱਸਾ ਪਾਉਦਾ ਹੈ। ਨਿਊ ਯੌਰਕ ਦੀ ਧਰਤੀ ‘ਤੇ ਸਥਾਪਤ ਰਾਜਾ ਸਾਹਿਬ ਸਪੋਰਟਸ ਕਲੱਬ ਨਵਾਂ-ਸ਼ਹਿਰ ਦੋਆਬਾ ਦਾ ਚੇਅਰਮੈਨ ਹੈ। ਉਹ ਪੁਰਾਣੇ ਇਤਿਹਾਸ ਦੀਆਂ ਕਿਤਾਬਾਂ ਅਤੇ ਪੁਰਾਣੇ ਤੋਂ ਪੁਰਾਣੇ ਸਿੱਕੇ ‘ਕੱਠੇ ਕਰਨ ਦਾ ਸ਼ੌਕ ਰੱਖਦਾ ਹੈ।
ਵਿਦੇਸ਼ ਬੈਠਾ ਤੰਗੀਆਂ-ਫ਼ੰਗੀਆਂ ਦੇ ਪੁਰਾਣੇ ਦਿਨਾਂ ਨੂੰ ਵੀ ਕਦੇ ਨਹੀ ਭੁੱਲਦਾ। ਦੂਰ-ਦੂਰ ਤਕ ਸਾਇੱਕਲ ਉੱਤੇ ਮੈਚ ਖੇਡਣ ਜਾਣਾ। ਅਨੇਕਾਂ ਸਰਟੀਫ਼ਿਕੇਟ ਲਏ। ਖੇਡਾਂ ‘ਚੋਂ ਕਈ ਕਲਰ ਮਿਲੇ ਪਰ ਪੈਸਿਆਂ ਦੀ ਤੰਗੀ ਕਰ ਕੇ ਨਵਾਂ ਕੋਟ ਨਾ ਸਵਾ ਸਕਿਆ। ਕੋਟ ਕਲਰ ਉਸੇ ਤਰ੍ਹਾਂ ਰੁਲਦੇ ਰਹੇ। ਨਿੱਕਰਾਂ ਵੀ ਕਾਲਜ ਵਾਲੇ ਸਵਾ ਦਿੰਦੇ ਸਨ। ਪੈਸੇ ਦੀ ਬੜੀ ਘਾਟ ਸੀ। ਸਾਇੱਕਲਾਂ ‘ਤੇ ਸਾਰਾ ਇਲਾਕਾ ਗਾਹ ਮਾਰਨਾ। ਪੁਰਾਣੇ ਦਿਨਾਂ ਨੂੰ ਯਾਦ ਕਰਦਾ ਉਹ ਹੁਣ ਪਿੰਡ ਦੇ ਨਵੇਂ ਅਤੇ ਪੁਰਾਣੇ ਖਿਡਾਰੀਆਂ ਨੂੰ ਹੌਸਲਾ ਦੇ ਰਿਹੈ। ਪਿੰਡ ਦੇ ਪੁਰਾਣੇ ਖਿਡਾਰੀਆਂ ਦਾ ਵੀ ਪੂਰਾ ਇਜ਼ਤ-ਮਾਣ ਕਰਦਾ ਹੈ। ਪਿੰਡ ਦੀਆਂ ਖੇਡਾਂ ‘ਚ ਵੱਧ-ਚੜ੍ਹ ਕੇ ਹਿੱਸਾ ਪਾਉਦਾ ਹੈ। ਕਿਸੇ ਵੇਲੇ ਇਸ ਪਿੰਡ ਦੇ ਪੁਰਾਣੇ ਖਿਡਾਰੀਆਂ ਨੇ ਮਹਿਰਮ-ਮੱਲਪੁਰ ਮੈਚਾਂ ਵਿੱਚ ਉਸ ਵੇਲੇ ਦੇ ਮੁੱਖ-ਮੰਤਰੀ ਪ੍ਰਤਾਪ ਸਿੰਘ ਕੈਰੋਂ ਕੋਲੋਂ ਇਨਾਮ ਵਿੱਚ ਇੱਕ ਮਣ ਘਿਉ ਪ੍ਰਾਪਤ ਕੀਤਾ ਸੀ। ਸਟਾਪਰ ਜੋਗਾ ਸਿੰਘ ਨੂੰ ਕੈਰੋਂ ਨੇ ਸਪੈਸ਼ਲ ਇਨਾਮ ਦਿੱਤਾ ਸੀ। ਨਿਰਮਲ ਸਿੰਘ ਨਿੰਮਾਂ ਸਰਪੰਚ, ਜੋਗਾ ਸਿੰਘ, ਪ੍ਰਕਾਸ਼, ਪਿਆਰਾ ਸਿੰਘ ਅਤੇ ਦਰਸ਼ਨ ਵਰਗੇ ਤਕੜੇ ਖਿਡਾਰੀ ਸਨ। ਉਨ੍ਹਾਂ ਤੋਂ ਬਾਅਦ ਸ਼ਿੰਦੇ, ਚੂਹੜ ਅਤੇ ਜੋਗੀ ਨੇ ਪੰਜਾਬ ਮਨਿਸਟਰੀ ਵਿੱਚ ਪਿੰਡ ਦੀ ਗਹਿਰੀ ਛਾਪ ਛੱਡੀ। ਸੀਤਲ, ਬਾਰੀਆ ਜੀਤ ਅਤੇ ਜੋਗੀ ਸਰੀ ਟੀਮ ਦੇ ਤਕੜੇ ਸਟਾਪਰ ਹੁੰਦੇ ਸਨ।
ਨਿਊ ਯੌਰਕ ਦੀ ਮਹਾਨ ਸ਼ਖ਼ਸੀਅਤ ਜਰਨੈਲ ਸਿੰਘ ਸੰਧੂ ਦੀ ਗਰਚੀ ਰਿਸ਼ਤੇਦਾਰੀ ਹੋਣ ਕਰ ਕੇ ਇਸ ਪਿੰਡ ‘ਤੇ ਬੜਾ ਮਾਣ ਰਿਹੈ। ਸ਼ਿੰਦੇ ਦਾ ਬੜਾ ਇਜ਼ਤ-ਮਾਣ ਕਰਦਾ ਹੈ। ਸ਼ਿੰਦਾ ਹਰ ਸਾਲ ਪਿੰਡ ਜਾ ਕੇ ਬਾਬਾ ਅਦਬੀ ਸਪੋਰਟਸ ਕਲੱਬ ਦੇ ਨਾਂ ਹੇਠ ਟੂਰਨਾਮੈਂਟ ਕਰਵਾਉਦਾ ਹੈ। ਇਸ ਕਲੱਬ ਦੇ ਨਾਂ ‘ਤੇ ਕਮੇਟੀ ਬਣੀ ਹੋਈ ਹੈ। ੨੦੦੫ ਤੋਂ ਇਨ੍ਹਾਂ ਮੈਚਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਮੈਚਾਂ ਵਿੱਚ ਸ਼ਿੰਦੇ ਦੇ ਯਾਰ-ਦੋਸਤ ਬਣਦਾ ਸਰਦਾ ਹਿੱਸਾ ਜ਼ਰੂਰ ਪਾਉਂਦੇ ਹਨ। ਪਿੰਡ ਦੇ ਸਰਪੰਚ ਨਿਰਮਲ ਸਿੰਘ, ਜੋਗਿੰਦਰ ਸਿੰਘ ਜਿੰਦੀ, ਜੋਗਾ ਸਿੰਘ, ਪਿਆਰਾ ਸਿੰਘ ਅਤੇ ਜੀਤ ਬਾਰੀਆ ਟੂਰਨਾਮੈਂਟ ਦੀ ਦੇਖ-ਰੇਖ ਕਰਦੇ ਹਨ। ਇਸੇ ਪਿੰਡ ਦੇ ਹੋਰ ਖਿਡਾਰੀ ਚੂਹੜ ਸਿੰਘ ਨਿਊ ਜ਼ੀਲੈਂਡ, ਮੋਹਣੀ, ਜੋਗੀ ਸਰੀ, ਭੀਰਾ ਕੈਲੇਫ਼ੋਰਨੀਆ, ਬਲਜੀਤ ਕਾਮਰੇਡ, ਲੱਡੂ, ਹਰਨੇਕ ਸਿੰਘ ਮੋਦੀ ਅਤੇ ਸੀਤਲ ਤਕੜੇ ਖਿਡਾਰੀਆਂ ਨੇ ਗਰਚਿਆਂ ਦਾ ਨਾਂ ਹਮੇਸ਼ਾ ਉਚਾ ਰੱਖਿਆ। ਪਿੰਡ ਦੇ ਰੁਤਬੇ ਅਤੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਲਈ ਉਹ ਹਰ ਦਮ ਤਿਆਰ ਰਹਿੰਦਾ ਹੈ। ਯਾਰਾਂ ਦੋਸਤਾਂ ਅਤੇ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਮੈਚ ਕਰਾਉਣਾ ਵੀ ਸ਼ਿੰਦੇ ਦੀ ਵਡਮੁੱਲੀ ਦੇਣ ਹੈ।
ਸਦਕੇ ਪ੍ਰਵਾਸੀ ਵੀਰਾਂ ਦੇ,
ਰੂਹ ਨਵੀਂ ਕਬੱਡੀ ‘ਚ ਪਾ ਦਿੱਤੀ।
ਪੰਜਾਬ ਨੂੰ ਹਰਿਆ-ਭਰਿਆ ਰੱਖਣ ਲਈ,
ਦਰਖ਼ਤਾਂ ਦੀ ਕ੍ਰਾਂਤੀ ਲਿਆ ਦਿੱਤੀ।
ਜੁਗ-ਜੁਗ ਜੀਣ ਦਾਨੀ ਵੀਰ ਇੱਕਬਾਲ ਸਿੰਹਾਂ,
ਖੇਡ-ਮੇਲਿਆਂ ਦੀ ਲੀਹ ਜਿਨ੍ਹਾਂ ਪਾ ਦਿੱਤੀ।
ਸ਼ਿੰਦੇ ਗਰਚੇ ਦਾ ਨੰਬਰ (ਨਿਊ ਯੌਰਕ):718-666-8134












