ਅਦਾਕਾਰਾ ਮਨੀਸ਼ਾ ਕੋਇਰਾਲਾ ਇੱਕ ਵਾਰ ਫ਼ਿਰ ਫ਼ਿਲਮਾਂ ‘ਚ ਨਜ਼ਰ ਆਵੇਗੀ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਡੀਅਰ ਮਾਇਆ’ 2 ਜੂਨ ਨੂੰ ਰੀਲੀਜ਼ ਹੋਵੇਗੀ। ‘ਬੰਬੇ’ ਅਤੇ ‘ਦਿਲ ਸੇ’ ਵਰਗੀਆਂ ਦਮਦਾਰ ਫ਼ਿਲਮਾਂ ਕਰਨ ਵਾਲੀ ਮਨੀਸ਼ਾ ਕੋਇਰਾਲਾ ਇੱਕ ਪਾਵਰਫ਼ੁਲ ਸਟੋਰੀ ਜ਼ਰੀਏ ਵਾਪਸੀ ਕਰ ਰਹੀ ਹੈ। ਉਹ ਇੱਕ ਅਜਿਹੀ ਮਹਿਲਾ ਦੀ ਭੂਮਿਕਾ ਨਿਭਾ ਰਹੀ ਹੈ, ਜੋ 30 ਸਾਲਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲੀ। ਫ਼ਿਲਮ ‘ਬੰਬੇ’ ਅਤੇ ‘ਦਿਲ ਸੇ’ ਵਰਗੀਆਂ ਐਵਾਰਡਡ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕਾਫ਼ੀ ਸਮੇਂ ਤਕ ਬ੍ਰੇਕ ਲੈ ਰੱਖਿਆ ਸੀ। ਪਰ ਹੁਣ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਸਾਰਿਆਂ ਦੀ ਨਜ਼ਰ ਇਸ ‘ਤੇ ਸੀ ਕਿ ਫ਼ਿਲਮਾਂ ‘ਚ ਦੁਬਾਰਾ ਵਾਪਸੀ ਕਰਨ ‘ਤੇ ਮਨੀਸ਼ਾ ਕੋਇਰਾਲਾ ਕਿਸ ਤਰ੍ਹਾਂ ਦੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੀ ਹੈ। ਇਸ ਗੱਲ ਦਾ ਜ਼ਿਕਰ ਫ਼ਿਲਮ ‘ਡੀਅਰ ਮਾਇਆ’ ਦੇ ਟ੍ਰੇਲਰ ਨੂੰ ਦੇਖ ਕੇ ਹੋਇਆ ਹੈ। ਇਸ ਫ਼ਿਲਮ ‘ਚ ਮਾਇਆ ਦਾ ਕਿਰਦਾਰ ਨਿਭਾ ਰਹੀ ਮਨੀਸ਼ਾ ਕੋਇਰਾਲਾ ਪਿਛਲੇ 30 ਸਾਲਾਂ ‘ਤੋਂ ਇੱਕ ਮਕਾਨ ‘ਚੋਂ ਨਾ ਨਿਕਲਣ ਵਾਲੀ ਬੁੱਢੀ ਹੋ ਰਹੀ ਔਰਤ ਦੀ ਭੂਮਿਕਾ ‘ਚ ਦਿਖਾਈ ਦੇਵੇਗੀ। ਫ਼ਿਲਮ ਦੇ ਟ੍ਰੇਲਰ ਲਾਂਚ ਦੌਰਾਨ ਇਸ ਬਾਰੇ ਫ਼ਿਲਮ ਦੀ ਨਿਰਦੇਸ਼ਿਕਾ ਸੁਨੈਨਾ ਭਟਨਾਗਰ ਨੇ ਕਿਹਾ ਕਿ, ‘ਮੈਂ ਇੱਕ ਖ਼ਬਰ ਪੜ੍ਹੀ ਸੀ ਜਿਸ ‘ਚ 1984 ਦੇ ਸਿੱਖ ਦੰਗਿਆਂ ਬਾਰੇ ‘ਚ ਸੀ। ਉਸ ‘ਚ ਲਿਖਿਆ ਸੀ ਕਿ ਇੱਕ ਔਰਤ ਨੇ ਦੰਗੇ ਹੁੰਦੇ ਦੇਖੇ ਅਤੇ ਉਸ ਤੋਂ ਬਾਅਦ ਕਦੇ ਘਰੋਂ ਬਾਹਰ ਨਹੀਂ ਨਿਕਲੀ। ਮੈਂ ਉਹ ਖ਼ਬਰ ਪੜ੍ਹੀ ਅਤੇ ਉਹ ਮੇਰੇ ਦਿਮਾਗ਼ ‘ਚ ਰਹਿ ਗਈ। ਉਹ ਔਰਤ ਆਪਣੇ ਘਰ 30 ਸਾਲ ਤਕ ਰਹੀ ਅਤੇ ਉਹੀ ਗੱਲ ਮੇਰੇ ਦਿਮਾਗ਼ ‘ਚ ਰਹਿ ਗਈ। ਇਸ ਤਰ੍ਹਾਂ ਇਸ ਕਹਾਣੀ ਦਾ ਜਨਮ ਹੋਇਆ। ਇਸ ਮੌਕੇ ‘ਤੇ ਫ਼ਿਲਮ ਬਾਰੇ ਅੱਗੇ ਦੱਸਦੀ ਹੋਈ ਸੁਨੈਨਾ ਭਟਨਾਗਰ ਇਹ ਵੀ ਕਹਿੰਦੀ ਹੈ ਕਿ ‘ਸ਼ਿਮਲਾ ਦੀ ਚੋਣ ਇਸ ਲਈ ਹੋਈ ਕਿ ਇਸ ਫ਼ਿਲਮ ‘ਚ ਦੋ ਕੁੜੀਆਂ ਦੀ ਕਹਾਣੀ ਹੈ ਜੋ ਜਵਾਨ ਹੋ ਰਹੀਆਂ ਹਨ। ਸ਼ਿਮਲਾ ‘ਚ ਪੁਰਾਣੇ ਅਤੇ ਨਵੇਂ ਦੋਵਾਂ ਤਰ੍ਹਾਂ ਦੇ ਮਕਾਨ ਦੇਖਣ ਨੂੰ ਮਿਲਦੇ ਹਨ। ਇਸ ਲਈ ਸ਼ਿਮਲਾ ਦੀ ਚੋਣ ਕੀਤੀ ਗਈ। ਫ਼ਿਲਮ ‘ਡੀਅਰ ਮਾਇਆ’ ਦਾ ਨਿਰਦੇਸ਼ਨ ਸੁਨੈਨਾ ਭਟਨਾਗਰ ਨੇ ਕੀਤਾ ਹੈ।











