ਤਾਮਿਲਨਾਡੂ ਤੇ ਪੁਡੂਚੇਰੀ ਵਿਚ ਭਾਰੀ ਬਾਰਿਸ਼

1ਚੇਨੱਈ : ਦੱਖਣੀ ਭਾਰਤ ਵਿਚ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਤਾਮਿਲਨਾਡੂ ਵਿਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਜਨਜੀਵਨ ਪਟੜੀ ਤੋਂ ਉਤਰ ਗਿਆ ਹੈ। ਸੂਬੇ ਦੇ ਜ਼ਿਆਦਾਤਰ ਹਿੱਸੇ ਹੜ੍ਹ ਦੀ ਲਪੇਟ ਵਿਚ ਆ ਗਏ ਹਨ, ਜਿਸ ਕਾਰਨ ਨਾ ਕੇਵਲ ਸੜਕੀ, ਬਲਕਿ ਹਵਾਈ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਲੋਕਾਂ ਦੇ ਵਾਹਨਾਂ ਤੋਂ ਇਲਾਵਾ ਮਕਾਨ ਵੀ ਪਾਣੀ ਵਿਚ ਡੁੱਬ ਚੁੱਕੇ ਹਨ ਅਤੇ ਕਈ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ।
ਚੇਨੱਈ ਹਵਾਈ ਅੱਡੇ ਉਤੇ ਪਾਣੀ ਜਮ੍ਹਾਂ ਹੋਣ ਕਾਰਨ ਹਵਾਈ ਸੇਵਾਵਾਂ ਕੱਲ੍ਹ ਸਵੇਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਦੂਸਰੇ ਪਾਸੇ ਕਈ ਇਲਾਕਿਆਂ ਵਿਚ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਫੌਜ, ਜਲ ਸੈਨਾ ਅਤੇ ਐਨ.ਡੀ.ਆਰ.ਐਫ ਦੇ ਦਲਾਂ ਵੱਲੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਇਸ ਦੌਰਾਨ ਪ੍ਰਧਾਨ  ਮੰਤਰੀ ਸ੍ਰੀ  ਨਰਿੰਦਰ  ਮੋਦੀ  ਨੇ  ਤਾਮਿਲਨਾਡੂ  ਦੇ ਵੱਖ-ਵੱਖ  ਹਿੱਸਿਆਂ ਵਿੱਚ ਹੜ ਦੀ ਸਥਿਤੀ ਦਾ ਰਾਜ ਦੇ ਮੁੱਖ ਮੰਤਰੀ ਸੁਸ੍ਰੀ ਜੈਲਲਿਤਾ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ ਦੀ ਸਥਿਤੀ ਤੇ ਜੈਲਲਿਤਾ ਨਾਲ ਗੱਲਬਾਤ ਕੀਤੀ। ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਹਰ ਤਰ੍ਹਾਂ ਦਾ ਸਮੱਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।