ਚੰਡੀਗਡ਼: ਪੰਜਾਬ ਕਾਂਗਰਸ ਦੇ ਉੱਘੇ ਆਗੂ ਸੁਨੀਲ ਜਾਖਡ਼ ਬੁੱਧਵਾਰ ਸਵੇਰੇ ਰਸਮੀ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਪ੍ਰਧਾਨ ਵਜੋਂ ਆਹੁਦਾ ਸੰਭਾਲਣਗੇ।
ਅੱਜ ਇੱਥੇ ਕਾਂਗਰਸ ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਾਂਗਰਸ ਭਵਨ ਵਿਖੇ ਸਵੇਰੇ 10:30 ਵਜੇ ਹੋਣ ਵਾਲੇ ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਹੋਣਗੇ।
ਬੁਲਾਰੇ ਅਨੁਸਾਰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਜ਼ਿਲ•ਾਂ ਪ੍ਰਧਾਨਾਂ ਨੂੰ ਸੱਦਾ ਦਿੱਤਾ ਗਿਆ ਹੈ।
ਕਾਂਗਰਸ ਵਿਧਾਇਕ ਪਾਰਟੀ ਦੇ ਸਾਬਕਾ ਆਗੂ ਅਤੇ ਅਬੋਹਰ ਤੋਂ ਲਗਾਤਾਰ ਤਿੰਨ ਵਾਰੀ ਵਿਧਾਇਕ ਚੁਣੇ ਗਏ ਸਾਬਕਾ ਐਮ.ਐਲ.ਏ ਸ੍ਰੀ ਜਾਖਡ਼ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖੀ ਦਾ ਆਹੁਦਾ ਸੰਭਾਲਣਗੇ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦੀ ਅਗਾਵਾਈ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 12 ਅਪ੍ਰੈਲ ਨੂੰ ਇੱਕ ਮੀਟਿੰਗ ਦੌਰਾਨ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਨੂੰ ਸੂਬਾ ਪ੍ਰਧਾਨ ਦੇ ਆਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ।
63 ਸਾਲਾਂ ਦੇ ਸ੍ਰੀ ਜਾਖਡ਼ ਨੇ ਸੂਬੇ ਵਿੱਚ ਕਿਸਾਨੀ ਹਿੱਤਾਂ ਦੇ ਮੁੱਦਿਆਂ ਨੂੰ ਸਰਗਰਮੀ ਨਾਲ ਉਭਾਰਿਆ। ਪਾਰਟੀ ਹਾਈ ਕਮਾਂਡ ਨੇ ਸਾਲ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਪੁਨਰ ਗਠਨ ਕਰਣ ਲਈ ਸ੍ਰੀ ਜਾਖਡ਼ ਨੂੰ ਪ੍ਰਧਾਨ ਬਣਾਇਆ ਹੈ।















