ਧਨਾਨਸੂ ਫੋਕਲ ਪੁਆਇੰਟ ਨਾਲ ਲੁਧਿਆਣਾ ਦੀ ਸਨਅਤ ਨੂੰ ਮਿਲੇਗਾ ਵੱਡਾ ਹੁਲਾਰਾ : ਸੁਖਬੀਰ ਬਾਦਲ

2ਚੰਡੀਗੜ੍ਹ : ਲੁਧਿਆਣਾ ਦੇ ਧਨਾਨਸੂ ਪਿੰਡ ਵਿਖੇ 300 ਏਕੜ ਵਿਚ ਬਣਨ ਵਾਲੇ ਨਵੇਂ ਸਨਅਤੀ ਫੋਕਲ ਪੁਆਇੰਟ ਨਾਲ ਉਦਯੋਗਿਕ ਸ਼ਹਿਰ ਲੁਧਿਆਣਾ ਨੂੰ ਵੱਡਾ ਹੁਲਾਰਾ ਮਿਲੇਗਾ। ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੀਆਂ ਛੋਟੀਆਂ ਸਨਅਤੀ ਇਕਾਈਆਂ ਅਤੇ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਲੁਧਿਆਣਾ ਵਿਚੋਂ ਅਜਿਹੀਆਂ ਸਨਅਤਾਂ ਨੂੰ ਧਨਾਨਸੂ ਵਿਖੇ ਤਬਦੀਲ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਫੋਕਲ ਪੁਆਇੰਟ ਨਾਲ ਲੁਧਿਆਣਾ ਦੇ ਸਨਅਤੀ ਵਿਕਾਸ ਵਿਚ ਵੀ ਨਵਾਂ ਅਧਿਆਏ ਲਿਖਿਆ ਜਾਵੇਗਾ ਕਿਉਂ ਕਿ ਧਨਾਨਸੂ ਪਿੰਡ ਸੜਕੀ ਅਤੇ ਰੇਲਵੇ ਆਵਾਜਾਈ ਨਾਲ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।
ਇਸ ਸਬੰਧੀ ਸਥਾਨਕ ਪੰਜਾਬ ਭਵਨ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਿਸ ਥਾਂ ਫੋਕਲ ਪੁਆਇੰਟ ਬਣਾਇਆਂ ਜਾਣਾ ਹੈ ਉਹ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਕੋਰੀਡੋਰ ਉੱਤੇ ਸਥਿਤ ਹੈ ਅਤੇ ਚੰਡੀਗੜ੍ਹ-ਸਮਰਾਲਾ-ਕੋਹਾੜਾ-ਲੁਧਿਆਣਾ ਸੜਕ ਤੋਂ ਇਹ ਪਿੰਡ ਸਿਰਫ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੋਣ ਕਰਕੇ ਪੰਜਾਬ ਦੇ ਵਿਕਾਸ ਵਿਚ ਵੀ ਇਸਦੀ ਅਹਿਮ ਭੂਮਿਕਾ ਰਹੇਗੀ। ਇਸ ਮੌਕੇ ਉਨ੍ਹਾਂ ਫੋਕਲ ਪੁਆਇੰਟ ਤੱਕ ਜਾਣ ਵਾਲੀਆਂ ਸੜਕਾਂ ਨੂੰ ਚੌੜਾ ਕਰਨ ਲਈ ਪੀ.ਡਬਲਿਊ.ਡੀ. ਵਿਭਾਗ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਸ. ਬਾਦਲ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਬਣਨ ਨਾਲ ਧਨਾਨਸੂ ਪਿੰਡ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ ਅਤੇ ਪੰਜਾਬ ਸਰਕਾਰ ਵੱਲੋਂ ਵੀ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਨੂੰ ਮਾਡਲ ਪਿੰਡ ਵੱਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸੋਲਰ ਪੁਆਇੰਟ ਵੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਨੀਤੀ ਤਿਆਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਉੱਪ ਮੁੱਖ ਮੰਤਰੀ ਨੇ ਇਸ ਸਬੰਧੀ ਅਗਲੇ ਹਫਤੇ ਫਿਰ ਮੀਟਿੰਗ ਸੱਦੀ ਹੈ।
ਇਸ ਤੋਂ ਇਲਾਵਾ ਰਾਜਪੁਰਾ ਵਿਖੇ ਚੰਡੀਗੜ੍ਹ ਰੋਡ ‘ਤੇ 200 ਏਕੜ ਵਿਚ ਬਣ ਰਹੇ ਨਵੇਂ ਫੋਕਲ ਪੁਆਇੰਟ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਸ. ਬਾਦਲ ਨੇ ਕਿਹਾ ਕਿ ਰਾਜ ਦੀਆਂ ਪ੍ਰਮੁੱਖ ਸੜਕਾਂ ‘ਤੇ ਸਥਿਤ ਇਹ ਦੋਵੇਂ ਫੋਕਲ ਪੁਆਇੰਟ ਪੰਜਾਬ ਦੇ ਵਿਕਾਸ ਵਿਚ ਨਵਾਂ ਮੋੜ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਸਨਅਤਾਂ ਦੀ ਉੱਨਤੀ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਉਦਯੋਗਾਂ ਲਈ ਜਲਦ ਹੀ ਬਹੁਤ ਸਾਰੀਆਂ ਰਿਆਇਤਾਂ ਅਤੇ ਯੋਜਨਾਵਾਂ ਲੈ ਕੇ ਆ ਰਹੀ ਹੈ।
ਇਸ ਮੌਕੇ ਸਨਅਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਵਧੀਕ ਮੁੱਖ ਸਕੱਤਰ ਸ੍ਰੀ ਐਨ.ਐਸ. ਕਲਸੀ, ਸਨਅਤ ਤੇ ਵਣਜ ਦੇ ਪ੍ਰਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ, ਸ੍ਰੀ ਐਸ.ਆਰ. ਲੱਧੜ ਸਕੱਤਰ ਸਨਅਤ ਤੇ ਵਣਜ, ਸ੍ਰੀ ਅਮਿਤ ਢਾਕਾ ਮੈਨੇਜਿੰਗ ਡਾਇਰੈਕਟਰ ਪੀਐਸਆਈਈਸੀ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।